ਮਲੇਰਕੋਟਲਾ ਦਾ ਖਿਡਾਰੀ ‘ਨੌਮਾਨ ਸ਼ਰੀਫ‘ ਕਰ ਰਿਹੈ ਟੀਮ ਦੀ ਕਪਤਾਨੀ
ਲੁਧਿਆਣਾ/ਮਲੇਰਕੋਟਲਾ, 04 ਅਗਸਤ (ਅਬੂ ਜ਼ੈਦ): ਮਾਹਿਲਪੁਰ ਫੁੱਟਬਾਲ ਅਕੈਡਮੀ ਦਾ ਨਾਮ ਹਮੇਸ਼ਾ ਮਲੇਰਕੋਟਲਾ ਨਾਲ ਜੁੜਿਆ ਰਿਹਾ ਹੈ । ਫੁੱਟਬਾਲਰਾਂ ਦੀ ਪਨੀਰੀ ਤਿਆਰ ਕਰਨ ਦੇ ਲਈ ਜਦੋਂ ਮਾਹਿਲਪੁਰ ਦਾ ਨਾਮ ਲਿਆ ਜਾਂਦਾ ਹੈ ਤਾਂ ਉਸ ਦੇ ਨਾਲ ਇੱਕ ਨਾਮ ਮਰਹੂਮ ਫੁੱਟਬਾਲ ਕੋਚ ਅਲੀ ਹਸਨ ਵੀ ਜਰੂਰ ਜੁੜਿਆ ਰਿਹਾ ਹੈ । ਲੰਬੇ ਅਰਸੇ ਤੱਕ ਮਲੇਰਕੋਟਲਾ ਦੇ ਜੰਮਪਲ ਕੋਚ ਅਲੀ ਹਸਨ ਮਾਹਿਲਪੁਰ ਅਕੈਡਮੀ ਵਿੱਚ ਤੈਨਾਤ ਰਹੇ ਜਿੱਥੇ ਉਹਨਾਂ ਨੇ ਫੁੱਟਬਾਲ ਦੀ ਪਨੀਰੀ ਤਿਆਰ ਕੀਤੀ ਜੋ ਅੱਜ ਤੱਕ ਚੱਲ ਰਹੀ ਹੈ । ਇਸੇ ਲੜੀ ਤਹਿਤ ਅੱਜਕੱਲ ਮਲੇਰਕੋਟਲਾ ਦੇ ਇਲਾਕਾ ਕਿਲਾ ਰਹਿਮਤਗੜ੍ਹ ਦੇ ਜੰਮਪਲ ਫੁੱਟਬਾਲ ਕੋਚ ਸਰਫਰਾਜ ਖਾਨ ਮਾਹਿਲਪੁਰ ਫੁੱਟਬਾਲ ਅਕੈਡਮੀ ਵਿੱਚ ਬਤੌਰ ਕੌਚ ਸੇਵਾ ਨਿਭਾ ਰਹੇ ਹਨ ਜਿਹਨਾਂ ਨੇ ਆਪਣੀ ਮਿਹਨਤ, ਇਮਾਨਦਾਰੀ, ਅਨੁਸ਼ਾਸਨ ਅਤੇ ਖੇਡ ਮੁਹਾਰਤ ਨਾਲ ਅਕੈਡਮੀ ਨੂੰ ਮੁੜ ਤੋਂ ਸੂਬੇ ਅਤੇ ਦੇਸ਼ ਦੀਆਂ ਨਾਮੀ ਅਕੈਡਮੀਆਂ ਦੀ ਕਤਾਰ ਵਿੱਚ ਖੜਾ ਕਰ ਦਿੱਤਾ ਹੈ ।
ਸੁਬੋਰਤੋ ਕੱਪ ਜੋ ਕਿ ਇੰਡੀਅਨ ਏਅਰ ਫੋਰਸ ਵੱਲੋਂ ਸਟਾਰ ਇੰਮਪੈਕਟ ਦੇ ਸਹਿਯੋਗ ਨਾਲ ਕਰਵਾਇਆ ਜਾਣ ਵਾਲਾ ਨਾਮੀ ਫੁੱਟਬਾਲ ਕੱਪ ਹੈ । ਦੇਸ਼ ਦੀ ਹਰ ਫੁੱਟਬਾਲ ਟੀਮ ਦਾ ਸੁਬੋਰਤੋ ਕੱਪ ਖੇਡਣ ਦਾ ਸੁਪਨਾ ਰਹਿੰਦਾ ਹੈ । ਸੁਬੋਰਤੋ ਕੱਪ ਦੀ ਕੁਆਲੀਫਾਈ ਲਈ ਲੁਧਿਆਣਾ ਦੇ ਸੇਕਰਡ ਹਾਰਟ ਇੰਟਰਨੈਸ਼ਨਲ ਕਾਨਵੈਂਟ ਸਕੂਲ ਵਿਖੇ ਮਾਹਿਲਪੁਰ ਫੁੱਟਬਾਲ ਅਕੈਡਮੀ ਦੀ ਟੀਮ ਨੇ ਸ਼ਾਨਦਾਰ ਖੇਡ ਦਾ ਮੁਜ਼ਾਹਰਾ ਕਰਦੇ ਹੋਏ ਕੁਆਰਟਰ ਫਾਇਨਲ ਅਤੇ ਸੈਮੀਫਾਇਨਲ ਮੁਕਾਬਲੇ ਵਿੱਚ ਨਵਾਂਸ਼ਹਿਰ ਦੀ ਟੀਮ ਨੂੰ ਟਾਈ ਬਰੇਕਰ ਰਾਹੀਂ ਹਰਾਕੇ ਫਾਇਨਲ ਵਿੱਚ ਆਪਣਾ ਸਥਾਨ ਬਣਾਇਆ । ਫਾਇਨਲ ਵਿੱਚ ਮਾਹਿਲਪੁਰ ਦਾ ਮੁਕਾਬਲਾ ਲੁਧਿਆਣਾ ਦੀ ਟੀਮ ਨਾਲ ਹੋਵੇਗਾ । ਇਹਨਾਂ ਮੈਚਾਂ ਵਿੱਚ ਮਲੇਰਕੋਟਲਾ ਦੇ ਖਿਡਾਰੀ ਮੁਹੰਮਦ ਨੌਮਾਨ, ਮੁਹੰਮਦ ਰਿਹਾਨ ਅਤੇ ਮੁਹੰਮਦ ਸੁਬਹਾਨ ਦੀ ਵਿਸ਼ੇਸ਼ ਭੂਮਿਕਾ ਰਹੀ, ਟੀਮ ਦੀ ਕਪਤਾਨੀ ਮੁਹੰਮਦ ਨੌਮਾਨ ਨੇ ਕੀਤੀ ਇਸ ਤੋਂ ਇਲਾਵਾ ਪਰਦੀਪ ਹੀਰ, ਜਸ਼ਨਦੀਪ ਸਿੰਘ, ਮਨਪ੍ਰੀਤ ਸਿੰਘ, ਸਹਿਜਵੀਰ ਸਿੰਘ, ਤਰਨਜੀਤ ਜੱਸਲ, ਸੰਦੀਪ ਸਿੰਘ, ਸੁਖਪ੍ਰੀਤ ਸਿੰਘ, ਸਾਹਿਲ ਸ਼ਰਮਾ, ਹਰਪ੍ਰੀਤ ਸਿੰਘ, ਸੁਖਬੀਰ ਸਿੰਘ, ਇਕਦਮਨ ਪ੍ਰੀਤ ਸਿੰਘ, ਵਿਜੇ ਸੰਧੂ, ਇਮਰਾਨ ਮੁਹੰਮਦ, ਉਸ਼ਾਨ ਮੁਹੰਮਦ ਅਤੇ ਹਰਪ੍ਰੀਤ ਸਿੰਘ ਵੀ ਟੀਮ ਦਾ ਹਿੱਸਾ ਰਹੇ ਅਤੇ ਸ਼ਾਨਦਾਰ ਖੇਡ ਦਾ ਪ੍ਰਦਰਸ਼ਨ ਕੀਤਾ । ਟੀਮ ਦੀ ਇਸ ਸ਼ਾਨਮੱਤੀ ਕਾਮਯਾਬੀ ਲਈ ਗੁਰਪ੍ਰੀਤ ਸਿੰਘ ਡੀਐਸਓ, ਪ੍ਰਿੰਸੀਪਲ ਗੁਰਨਾਮ ਦਾਸ, ਲੈਕਚਰਾਰ, ਸਿੰਕਦਰ ਸਿੰਘ, ਡੀਪੀਈ ਕਰਨ ਮਹਿਤਾ, ਜਸਵੀਰ ਸਿੰਘ ਵਾਰਡਨ, ਤਰਸੇਮ ਪਾਲ, ਭੁਪਿੰਦਰ ਸਿੰਘ, ਬਲਵਿੰਦਰ ਸਿੰਘ, ਮੁਹੰਮਦ ਸ਼ਰੀਫ ਏਅਰ ਫੋਰਸ ਫੁੱਟਬਾਲ ਖਿਡਾਰੀ, ਐਡਵੋਕੇਟ ਮੁਹੰਮਦ ਜਮੀਲ ਮਲੇਰਕੋਟਲਾ ਨੇ ਖਿਡਾਰੀਆਂ, ਸਕੂਲ, ਅਕੈਡਮੀ ਅਤੇ ਪ੍ਰਬੰਧਕਾਂ ਨੂੰ ਮੁਬਾਰਕਬਾਦ ਦਿੱਤੀ ।
ਫੋਟੋ ਕੈਪਸ਼ਨ: ਲੁਧਿਆਣਾ ਦੇ ਸੇਕਰਡ ਹਾਰਟ ਇੰਟਰਨੈਸ਼ਨਲ ਕਾਨਵੈਂਟ ਸਕੂਲ ‘ਚ ਮਾਹਿਲਪੁਰ ਦੀ ਫੁੱਟਬਾਲ ਟੀਮ ਸੈਮੀਫਾਇਨਲ ਮੈਚ ਜਿੱਤਣ ਤੋਂ ਬਾਦ ਕੋਚ ਸਰਫਰਾਜ ਖਾਨ ਅਤੇ ਪਤਵੰਤਿਆ ਨਾਲ ।



