ਨਿਰਪੱਖ ,ਨਿਡਰ ਤੇ ਬੇਬਾਕ ਪੱਤਰਕਾਰੀ ਨੂੰ ਸਮਰਪਿਤ ਮੀਡੀਆ ਐਸੋਸੀਏਸ਼ਨ ਦਾ ਗਠਨ
ਪ੍ਰਧਾਨ ਭੁੱਲਰ ਅਤੇ ਥਲੀ ਨੂੰ ਜਨਰਲ ਸਕੱਤਰ ਕੀਤਾ ਨਿਯੁੱਕਤ
ਬਠਿੰਡਾ/ਮਲੇਰਕੋਟਲਾ, 28 ਜੁਲਾਈ (ਬਿਊਰੋ): 2014 ਤੋਂ ਭਾਰਤ ਅੰਦਰ ਮੀਡੀਆ ਦੀ ਜੋ ਦੁਰਦਸ਼ਾ ਹੋਈ ਹੈ ਉਹ ਜੱਗ ਜਾਹਰ ਹੈ । ਅੱਜ ਭਾਰਤੀ ਮੀਡੀਆ ਦਾ ਕੌਮਾਂਤਰੀ ਪੱਧਰ ‘ਤੇ 180 ਦੇਸ਼ਾਂ ਵਿੱਚੋਂ 161ਵੇਂ ਸਥਾਨ ‘ਤੇ ਹੈ ਜੋ ਕਿ ਬਹੁਤ ਹੀ ਸ਼ਰਮਨਾਕ ਹੈ । ਦੇਸ਼ ਦੀ ਜਨਤਾ ਨੇ ਰਵਾਇਤੀ ਮੀਡੀਆ ਨੂੰ ਨਕਾਰਕੇ ਵੈਬ ਨਿਊਜ਼ ਮੀਡੀਆ ਨੂੰ ਦੇਸ਼ ਦੀ ਆਵਾਜ਼ ਸਾਬਿਤ ਕਰ ਦਿੱਤਾ ਹੈ ਪਰ ਇਸਦੇ ਨਾਲ ਹੀ ਵੈਬ ਨਿਊਜ਼ ਮੀਡੀਆ ਨੂੰ ਬਹੁਤ ਸਾਰੀਆਂ ਦਰਪੇਸ਼ ਮੁਸ਼ਕਿਲਾਂ ਤੇ ਚੁਣੌਤੀਆਂ ਦਾ ਵੀ ਸਾਹਮਣਾ ਕਰਨਾ ਪੈ ਰਿਹਾ ਹੈ । ਜਿਸਦੇ ਚੱਲਦੇ ਪੰਜਾਬ ਦੇ ਮੁੱਖ ਸੋਸ਼ਲ ਮੀਡੀਆ ਤੇ ਵੈਬ ਨਿਊਜ਼ ਚੈਨਲਾਂ ਦੀ ਇੱਕ ਵੱਡੀ ਮੀਟਿੰਗ ਬਠਿੰਡਾ ਵਿੱਚ ਹੋਈ । ਜਿਸ ਵਿੱਚ ਪੰਜਾਬ ਦੇ ਨਾਮਵਰ 22 ਚੈਨਲ ਸ਼ਾਮਲ ਹੋਏ । ਇਸ ਮੀਟਿੰਗ ਵਿੱਚ ਲੰਮੀ ਵਿਚਾਰ ਚਰਚਾ ਤੋਂ ਬਾਦ ”ਪੰਜਾਬ ਡਿਜੀਟਲ ਮੀਡੀਆ ਐਸੋਸੀਏਸ਼ਨ” ਨਾਂ ਦਾ ਗਠਨ ਹੋਇਆ ਅਤੇ ਇਸ ਦੀ 13 ਮੈਂਬਰੀ ਸੂਬਾ ਕਮੇਟੀ ਤੈਅ ਕੀਤੀ ਗਈ।
ਸੂਬਾ ਕਮੇਟੀ ਵਲੋਂ ਸਰਵਸੰਮਤੀ ਨਾਲ ਜਗਤਾਰ ਸਿੰਘ ਭੁੱਲਰ (ਏਬੀਸੀ ਪੰਜਾਬ ਚੈਨਲ) ਨੂੰ ਪ੍ਰਧਾਨ ਨਿਯੁਕਤ ਕੀਤਾ ਗਿਆ ਅਤੇ ਇਸੇ ਤਰ੍ਹਾਂ ਸਮੁੱਚੀ ਟੀਮ ਸਰਵਸੰਮਤੀ ਨਾਲ ਚੁਣੀ ਗਈ । ਜਿਸ ਤਹਿਤ ਜਗਦੀਪ ਸਿੰਘ ਥਲੀ (ਪੰਜਾਬੀ ਲੋਕ ਚੈਨਲ) ਨੂੰ ਜਰਨਲ ਸਕੱਤਰ ਤੇ ਸੁਖਨੈਬ ਸਿੰਘ ਸਿੱਧੂ (ਪੀ ਐਨ.ਓ ਚੈਨਲ) ਨੂੰ ਖਜ਼ਾਨਚੀ ਬਣਾਇਆ ਗਿਆ ਜਦਕਿ ਸੂਬਾ ਕਮੇਟੀ ਮੈਂਬਰ ਵਜੋਂ ਡਾਕਟਰ ਬਖਸ਼ੀਸ਼ ਸਿੰਘ ਆਜ਼ਾਦ (ਲਾਈਵ ਸੱਚ ਟੀ ਵੀ) ਮਨਿੰਦਰਜੀਤ ਸਿੱਧੂ (ਲੋਕ ਆਵਾਜ਼ ਟੀ ਵੀ,) ਜੱਸ ਗਰੇਵਾਲ (ਆਰ.ਐਮ. ਬੀ. ਟੈਲੀਵਿਜ਼ਨ), ਸਾਹਿਲਦੀਪ ਸਿੰਘ (ਦੁਨੀਆ ਟੀਵੀ) , ਰਤਨਦੀਪ ਸਿੰਘ ਧਾਲੀਵਾਲ (ਟਾਕ ਵਿੱਦ ਰਤਨ) ਜਸਬੀਰ ਸਿੰਘ (ਪੰਜਾਬ ਨਿਓੁਜ਼ ਟੀਵੀ), ਗੁਰਪ੍ਰੀਤ ਸਿੰਘ (ਪੰਜਾਬੀ ਰੇਡੀਓ ਯੂਐੱਸਏ), ਸੁਖਵਿੰਦਰ ਸਿੰਘ (ਤਖ਼ਤ ਪੰਜਾਬ ), ਤੇਜਿੰਦਰ ਸਿੰਘ ਰੰਧਾਵਾ (ਅਕਾਲ ਚੈਨਲ), ਰਣਜੀਤ ਸਿੰਘ (ਸੱਚ ਬਾਣੀ) ਨੂੰ ਸ਼ਾਮਿਲ ਕੀਤਾ ਗਿਆ ।
ਜਥੇਬੰਦੀ ਦੇ ਜਨਰਲ ਸਕੱਤਰ ਜਗਦੀਪ ਸਿੰਘ ਥਲੀ ਨੇ ਮੀਡੀਆ ਨੂੰ ਜਾਰੀ ਬਿਆਨ ਵਿਚ ਦੱਸਿਆ ਕਿ ਲੋਕ ਪੱਖੀ ਤੇ ਆਜ਼ਾਦ ਮੀਡੀਆ ਦੀ ਉਸਾਰੀ ਕਰਨ ਲਈ ਜਥੇਬੰਦੀ ਦੀਆਂ ਮੈਂਬਰਸ਼ਿਪ ਸ਼ਰਤਾਂ ਤਹਿ ਕੀਤੀਆਂ ਗਈਆਂ ਤੇ ਕੀਤੇ ਜਾਣ ਵਾਲੇ ਕੰਮ ਅਤੇ ਅਸੂਲ ਤੈਅ ਕੀਤੇ ਗਏ । ਜੱਥੇਬੰਦੀ ਦਾ ਮੁੱਖ ਮਕਸਦ ਲੋਕ ਪੱਖੀ ਰਹੇਗਾ । ਸਮਾਜ ਦੇ ਹਰ ਫਿਰਕੇ ਦੀ ਆਵਾਜ਼ ਬਣੇਗਾ ਅਤੇ ਦੇਸ਼ ਅੰਦਰ ਲੋਕ ਪੱਖੀ ਮੀਡੀਆ ਦੀ ਜੁਬਾਨ ਬੰਦ ਕਰਾਉਣ ਲਈ ਕੀਤੀਆਂ ਜਾ ਰਹੀਆਂ ਕੋਝੀਆਂ ਕੋਸ਼ਿਸ਼ਾਂ ਦੇ ਖਿਲਾਫ ਆਵਾਜ਼ ਵੀ ਬੁਲੰਦ ਕੀਤੀ ਜਾਵੇਗੀ । ਮੀਡੀਆ ਅਤੇ ਮੀਡੀਆ ਕਰਮੀਆਂ ਖ਼ਿਲਾਫ਼ ਕਿਸੇ ਦੀ ਵੀ ਧੱਕੇਸ਼ਾਹੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ ਅਤੇ ਅਜਿਹੇ ਲੋਕਾਂ ਖ਼ਿਲਾਫ਼ ਇਕਜੁੱਟ ਹੋਕੇ ਹਰ ਤਰ੍ਹਾਂ ਦੀ ਲੜਾਈ ਲੜੀ ਜਾਵੇਗੀ । ਉਨ੍ਹਾਂ ਦੱਸਿਆ ਕਿ ਜਲਦ ਹੀ ਜਥੇਬੰਦੀ ‘ਚ ਬਾਕੀ ਢਾਂਚੇ ਦਾ ਵੀ ਐਲਾਨ ਕੀਤਾ ਜਾਵੇਗਾ ਅਤੇ ਅਨੁਸ਼ਾਸਨੀ ਅਤੇ ਸਲਾਹਕਾਰ ਕਮੇਟੀ ਦਾ ਵੀ ਗਠਨ ਕੀਤਾ ਜਾਵੇਗਾ । ਇਸ ਤੋਂ ਇਲਾਵਾ ਜਲਦ ਵੈੱਬ ਮੀਡੀਆ ਦੇ ਸਾਹਮਣੇ ਜੋ ਦਰਪੇਸ਼ ਮੁਸ਼ਕਿਲਾਂ ਹਨ ਨੂੰ ਲੈਕੇ ਇਕ ਰਾਜ ਪੱਧਰੀ ਸੈਮੀਨਾਰ ਵੀ ਕਰਵਾਇਆ ਜਾਵੇਗਾ । ਜਿਸ ਵਿੱਚ ਪੰਜਾਬ ਅਤੇ ਰਾਸ਼ਟਰੀ ਪੱਧਰ ਦੇ ਪੱਤਰਕਾਰਾਂ ਨੂੰ ਵੀ ਸੱਦਾ ਪੱਤਰ ਭੇਜਿਆ ਜਾਵੇਗਾ।
ਇਸ ਮੀਟਿੰਗ ‘ਚ ਆਰਐਮਬੀ ਟੈਲੀਵਿਜ਼ਨ , ਲੋਕ ਆਵਾਜ਼ ਚੈਨਲ, ਲਾਈਵ ਸੱਚ ਟੀਵੀ, ਲੋਕ ਓਪੀਨੀਅਨ , ਅੱਖਰ, ਦੁਨੀਆ ਟੀਵੀ, ਟਾਕ ਵਿੱਦ ਰਤਨ, ਇੰਡੋਜ਼ ਟੀਵੀ, ਅਕਾਲ ਚੈਨਲ, ਏਬੀਸੀ ਪੰਜਾਬ, ਪੰਜਾਬੀ ਲੋਕ, ਆਈ ਵਰਲਡ ਟੀਵੀ, ਡੈਲੀ ਡੋਜ਼ ਟੀਵੀ, ਰੇਡੀਓ ਯੂਐਸ ਏ , ਲੋਕਲ ਪੰਜਾਬੀ ਟੀਵੀ, ਪੰਜਾਬੀ ਨਿਊਜ਼ ਕੋਰਨਰ, ਸੱਚ ਬਾਣੀ ਨਿਊਜ਼, ਪੀ ਐਨ ਓ ਮੀਡੀਆ, ਪੰਜਾਬ ਟੀਵੀ ਨਿਊਜ਼ , ਪੰਜਾਬ ਨਿਊਜ਼ ਟੀਵੀ , ਤਖ਼ਤ ਪੰਜਾਬ ਤੇ ਜਗਮੀਤ ਸਿੰਘ ਖੱਪਿਆਵਾਲੀ ਚੈਨਲ ਆਦਿ ਦੇ ਨੁਮਾਇੰਦੇ ਵੀ ਹਾਜ਼ਿਰ ਹੋਏ।