ਸਰਕਾਰ ਦੇ ਹਰ ਛੋਟੇ ਵੱਡੇ ਅਧਿਕਾਰੀ ਨੂੰ ਆਪਣਾ ਫਰਜ਼ ਸਮਝਕੇ ਪੀੜ੍ਹਿਤ ਲੋਕਾਂ ਨਾਲ ਖੜਨਾ ਚਾਹੀਦੈ-ਮੁਹੰਮਦ ਜਮੀਲ
ਮਲੇਰਕੋਟਲਾ, 17 ਜੁਲਾਈ (ਬਿਉਰੋ): ਅੱਜ ਪੰਜਾਬ ਹੀ ਨਹੀਂ ਬਲਿਕ ਪੰਜਾਬ ਨਾਲ ਲੱਗਦੇ ਹਰਿਆਣਾ ਦਾ ਵੱਡਾ ਇਲਾਕਾ, ਦੇਸ਼ ਦੀ ਰਾਜਧਾਨੀ ਦਿੱਲੀ ਸਮੇਤ ਅਨੇਕਾਂ ਇਲਾਕੇ ਹੜ੍ਹਾਂ ਦੀ ਮਾਰ ਹੇਠ ਆਏ ਹੋਏ ਹਨ । ਇਨ੍ਹਾਂ ਲੋਕਾਂ ਦਾ ਜੀਵਨ ਮੰਨੋ ਰੁੱਕ ਗਿਆ ਹੈ । ਹਜ਼ਾਰਾਂ ਏਕੜ ਜ਼ਮੀਨ ਨੂੰ ਪਾਣੀ ਨੇ ਆਪਣੀ ਬੁੱਕਲ ‘ਚ ਲੈ ਲਿਆ ਹੈ । ਬਾਰਿਸ਼ਾਂ ਕਾਰਣ ਨਹਿਰਾਂ ਦਰਿਆਵਾਂ ਦੇ ਪਾਣੀ ਦਾ ਪੱਧਰ ਵਧਣ ਕਾਰਣ ਜਗ੍ਹਾ-ਜਗ੍ਹਾ ਪਾੜ ਪੈ ਕੇ ਪੰਜਾਬ ਦੇ 1300 ਤੋਂ ਵੱਧ ਪਿੰਡ ਜਲਥਲ ਹੋ ਚੁੱਕੇ ਹਨ । ਪੰਜਾਬ ਦੇ ਰੋਪੜ, ਖਰੜ, ਮੋਹਾਲੀ, ਪਟਿਆਲਾ, ਰਾਜਪੁਰਾ, ਲੁਧਿਆਣਾ, ਜਲੰਧਰ, ਸਮਾਨਾ, ਖਨੌਰੀ, ਮੂਨਕ ਸਮੇਤ ਅਨੇਕਾਂ ਨਹਿਰਾਂ, ਦਰਿਆਵਾਂ ਨਾਲ ਲੱਗਦੇ ਇਲਾਕੇ ਪਾਣੀ ਦੀ ਮਾਰ ਨਾਲ ਬਿਲਕੁਲ ਬਰਬਾਦ ਹੋ ਚੁੱਕੇ ਹਨ । ਪੰਜਾਬ ਦੇ ਜਾਨੀ ਅਤੇ ਮਾਲੀ ਨੁਕਸਾਨ ਦਾ ਅੰਦਾਜ਼ਾ ਲਗਾਉਣਾ ਮੁਮਕਿਨ ਨਹੀਂ ਹੈ ।
ਇਸ ਸਬੰਧੀ ਜ਼ਮੀਨੀ ਸਤਰ ਤੇ ਰਿਪੋਰਟਿੰਗ ਕਰ ਰਹੇ ਅਦਾਰਾ ਅਬੂ ਜ਼ੈਦ ਦੇ ਬਿਉਰੋ ਚੀਫ ਮੁਹੰਮਦ ਜਮੀਲ ਨੇ ਸਾਡੇ ਪੱਤਰਕਾਰ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਕਈ-ਕਈ ਕਿਲੋਮੀਟਰਾਂ ਤੱਕ ਲੋਕਾਂ ਦੀਆਂ ਫਸਲਾਂ, ਘਰ ਅਤੇ ਕਾਰੋਬਾਰ ਖਤਮ ਹੋ ਚੁੱਕੇ ਹਨ, ਘੱਗਰ ਦਰਿਆ ਦਾ ਪਾਣੀ ਦਾ ਪੱਧਰ ਐਨਾ ਵੱਧ ਚੁੱਕਾ ਹੈ ਕਿ ਪੁਲ ਤੋਂ ਇਲਾਵਾ ਪਤਾ ਹੀ ਨਹੀਂ ਚੱਲਦਾ ਕਿ ਦਰਿਆ ਕਿੱਥੇ ਹੈ । ਪੰਜਾਬ ਹਰਿਆਣਾ ਦੀ ਸੀਮਾ ਤੇ ਵਸੇਂ ਪਿੰਡ ਤਲਵਾੜਾ ਨੂੰ ਪਾਣੀ ਨੇ ਆਪਣੇ ਘੇਰੇ ‘ਚ ਲੈ ਲਿਆ ਹੈ ਚਾਰੋਂ ਤਰਫ ਪਾਣੀ ਹੀ ਪਾਣੀ ਹੈ । ਜ਼ਿਆਦਾਤਰ ਲੋਕਾਂ ਨੇ ਆਪਣੇ ਪਸ਼ੂ ਖੁਲੇ ਛੱਡ ਦਿੱਤੇ ਹਨ । ਉੱਥੋਂ ਦਾ ਮੰਜ਼ਰ ਬਹੁਤ ਡਰਾਵਨਾ ਸੀ । ਪਾਣੀ ਨੇ ਘਰ, ਦੁਕਾਨਾਂ, ਜ਼ਮੀਨਾਂ ਨੂੰ ਆਪਣੇ ਘੇਰੇ ‘ਚ ਲੈ ਲਿਆ ਹੈ । ਬਹੁਤੇ ਲੋਕ ਆਪਣੀ ਅਤੇ ਆਪਣੇ ਪਸ਼ੂਆਂ ਦੀ ਭੁੱਖ ਮਿਟਾਉਣ ਲਈ ਰੱਬ ਆਸਰੇ ਬੈਠੇ ਹਨ । ਸਰਕਾਰੀ ਤੰਤਰ ਫੇਲ ਹੋ ਚੁੱਕਿਆ ਹੈ, ਕਿਤੇ ਵੀ ਸਰਕਾਰ ਜਾਂ ਕੋਈ ਅਧਿਕਾਰੀ ਅੱਖ ‘ਚ ਪਾਇਆ ਨਹੀਂ ਰੜਕ ਰਹੇ । ਸਿਰਫ ਲੋਕ ਹੀ ਆਪਸ ਵਿੱਚ ਇੱਕ ਦੂਜੇ ਦਾ ਸਹਾਰਾ ਬਣ ਰਹੇ ਹਨ । ਪੰਜਾਬ ਦੇ ਜੁਝਾਰੂ ਲੋਕ ਹੀ ਸੈਂਕੜੇ ਟਰਾਲੀਆਂ ਰਾਸ਼ਨ ਅਤੇ ਹਰਾ ਚਾਰਾ ਲੈ ਕੇ ਪਿੰਡ-ਪਿੰਡ ਜਾ ਰਹੀਆਂ ਹਨ ਅਤੇ ਲੋੜਮੰਦ ਲੋਕਾਂ ਨੂੰ ਹੌਸਲਾ ਦੇ ਰਹੇ ਹਨ, ਅਜਿਹੇ ਸਮੇਂ ‘ਚ ਹਰ ਇਨਸਾਨ ਦਾ ਇਹ ਫਰਜ਼ ਬਣਦਾ ਹੈ ਕਿ ਉਹ ਇੱਕ ਦੂਜੇ ਦੀ ਮਦਦ ਕਰੇ, ਜੋ ਪੰਜਾਬ ਦੇ ਲੋਕ ਕਰ ਵੀ ਰਹੇ ਹਨ । ਪਰੰਤੂ ਲੋਕਾਂ ਨੂੰ ਸਮਝ ਨਹੀਂ ਆ ਰਿਹਾ ਕਿ ਰਾਹਤ ਤਕਸੀਮ ਕਿਵੇਂ ਕੀਤੀ ਜਾਵੇ, ਇੱਕ ਪਿੰਡ ਵਿੱਚ ਦਰਜਨਾਂ ਟਰਾਲੀਆਂ ਪਹੁੰਚ ਜਾਂਦੀਆਂ ਹਨ ਅਤੇ ਕਈ ਪਿੰਡ 48 ਘੰਟਿਆਂ ਤੋਂ ਵੀ ਵੱਧ ਸਮੇਂ ਤੋਂ ਸੂਬੇ ਤੋਂ ਕਟੇ ਹੋਏ ਹਨ ।
ਉਨ੍ਹਾਂ ਦੱਸਿਆ ਕਿ ਮਲੇਰਕੋਟਲਾ, ਢੱਡੇਵਾੜਾ ਅਤੇ ਕਿਲ੍ਹਾ ਰਹਿਮਤਗੜ੍ਹ ਤੋਂ ਇੱਕ ਵਫਦ ਕਾਰੀ ਖਾਲਿਦ ਸਾਹਿਬ ਇਮਾਮ ਮਸਜਿਦ ਢੱਡੇਵਾੜਾ ਦੀ ਰਹਿਨੁਮਾਈ ‘ਚ ਹੜ੍ਹ ਪੀੜਿਤਾਂ ਲਈ ਰਾਹਤ ਸਮੱਗਰੀ ਪੀਣ ਵਾਲਾ ਪਾਣੀ, ਆਟਾ, ਬਰੈਡ, ਬਿਸਕੁਟ, ਕੇਲੇ ਆਦਿ ਅਤੇ ਪਸ਼ੂਆਂ ਲਈ ਹਰਾ ਚਾਰਾ ਲੈ ਕੇ ਮੂਨਕ ਅਤੇ ਜਾਖਲ ਦੇ ਪਿੰਡਾਂ ‘ਚ ਗਿਆ । ਪੰਜਾਬ-ਹਰਿਆਣਾ ਸੀਮਾ ਨੇੜਲੇ ਪਿੰਡ ਤਲਵਾੜਾ, ਮਾਮੂਪੁਰ, ਹਮੀਰਗੜ੍ਹ ਵਿਖੇ ਹੜ੍ਹ ਪ੍ਰਭਾਵਿਤ ਲੋਕਾਂ ਨੂੰ ਰਾਹਤ ਸਮੱਗਰੀ ਵੰਡੀ ਗਈ । ਇਸ ਤੋਂ ਪਹਿਲਾਂ ਵੀ ਚੀਕੇ ਦੇ ਇਲਾਕੇ ‘ਚ ਸੇਵਾ ਕਰ ਚੁੱਕੇ ਹਨ ਅਤੇ ਜਦੋਂ ਵੀ ਮਾਨਵਤਾ ਦੀ ਸੇਵਾ ਦੀ ਲੋੜ ਹੋਵੇਗੀ ਤਾਂ ਅਸੀਂ ਮੁਸਲਿਮ ਭਾਈਚਾਰੇ ਦੇ ਲੋਕ ਹਮੇਸ਼ਾ ਆਪਣੇ ਪੀੜਿਤ ਭਰਾਵਾਂ ਦੇ ਦੁੱਖ ਦੀ ਘੜੀ ‘ਚ ਨਾਲ ਖੜਣਗੇ । ਇਸ ਦੁੱਖ ਦੀ ਘੜੀ ‘ਚ ਇਨਸਾਨੀਅਤ ਦੀ ਸੇਵਾ ਲਈ ਕੀਤੇ ਗਏ ਉਪਰਾਲੇ ਨੂੰ ਸਫਲ ਬਣਾਉਣ ਲਈ ਮੁਹੰਮਦ ਰਮਜ਼ਾਨ ਬੂਟਾ, ਅਬਦੁਲ ਰਸ਼ੀਦ ਸੀਦੂ, ਚੌਧਰੀ ਲਿਆਕਤ ਅਲੀ, ਹੈਦਰ ਖਾਨ, ਇਕਰਾਮ ਖਾਨ, ਇਸਤਖਾਰ ਖਾਨ, ਸੁਜਾਨ ਖਾਨ, ਯੂਨਸ ਖਾਨ, ਅਫਸਾਨ ਖਾਨ, ਸਨੀ ਖਾਨ, ਬਿੱਲਾ ਬਾਬਾ, ਕੇਸਰ, ਅਸ਼ਰਫ ਨੇ ਆਦਿ ਨੇ ਵਿਸ਼ੇਸ਼ ਭੂਮਿਕਾ ਨਿਭਾਈ ।
ਮੁਹੰਮਦ ਜਮੀਲ ਨੇ ਪ੍ਰੈਸ ਦੇ ਮਾਧਿਅਮ ਰਾਹੀਂ ਪੰਜਾਬ ਸਰਕਾਰ ਅਤੇ ਪ੍ਰਸ਼ਾਸਨ ਨੂੰ ਅਪੀਲ ਕੀਤੀ ਹੈ ਕਿ ਵੱਡੀ ਪੱਧਰ ਤੇ ਲੋਕਾਂ ਵੱਲੋਂ ਭੇਜੀ ਜਾ ਰਹੀ ਰਾਹਤ ਸਮੱਗਰੀ ਨੂੰ ਨਿਯਮਤ ਤਰੀਕੇ ਨਾਲ ਜਰੂਰਤਮੰਦ ਲੋਕਾਂ ਤੱਕ ਪਹੁੰਚਾਉਣ ਲਈ ਹਰ ਛੋਟੇ ਵੱਡੇ ਅਧਿਕਾਰੀ ਨੂੰ ਆਪਣਾ ਫਰਜ਼ ਸਮਝਕੇ ਪੀੜ੍ਹਿਤ ਲੋਕਾਂ ਨਾਲ ਖੜਨਾ ਚਾਹੀਦਾ ਹੈ । ਜੇਕਰ ਸਰਕਾਰ ਦਾ ਰਵੱਈਆ ਅਜਿਹਾ ਹੀ ਰਿਹਾ ਤਾਂ ਉਹ ਦਿਨ ਦੂਰ ਨਹੀਂ ਜਦੋਂ ਸਰਕਾਰ ਆਪਣੇ ਆਪ ਨੂੰ ਇੱਕਲਾ ਮਹਿਸੂਸ ਕਰਨ ਲੱਗ ਜਾਵੇਗੀ । ਲੋਕਾਂ ਦਾ ਸਮਰਥਨ ਖਤਮ ਹੋ ਜਾਵੇਗਾ ।
ਫੋਟੋ ਕੈਪਸ਼ਨ: ਹੜ੍ਹ ਪੀੜ੍ਹਿਤਾਂ ਲਈ ਰਾਹਤ ਸਮੱਗਰੀ ਰਵਾਨਾ ਕਰਦੇ ਹੋਏ ਪਤਵੰਤੇ, ਪੰਜਾਬ-ਹਰਿਆਣਾ ਸੀਮਾ ਨੇੜਲੇ ਪਿੰਡ ਤਲਵਾੜਾ, ਹਮੀਰਗੜ੍ਹ, ਮਾਮੂਪੁਰ ਵਿੱਚ ਰਾਹਤ ਕਾਰਜ ਕਰਦੇ ਹੋਏ ਮੁਸਲਿਮ ਭਾਈਚਾਰੇ ਦੇ ਲੋਕ ।