ਮੱਕਾ ਅਲ ਮੁਕੱਰਮਾ/ਮਲੇਰਕੋਟਲਾ, 27 ਜੂਨ (ਬਿਉਰੋ): ਅੱਜ 9 ਜ਼ਿਲਹੱਜਾ ਨੂੰ ‘ਯੋਮ-ਏ-ਅਰਫਾ’ ਕਿਹਾ ਜਾਂਦਾ ਹੈ । ਇਹ ਸਾਲ ਦਾ ਸਭ ਤੋਂ ਮੁਬਾਰਕ ਦਿਨ ਹੈ । ਹਾਜੀ ਸਾਹਿਬਾਨ ਸਵੇਰੇ ਫਜ਼ਰ ਦੀ ਨਮਾਜ਼ ਮਿਨਾ ਵਿਖੇ ਅਦਾ ਕਰਕੇ ਇੰਤਜ਼ਾਰ ਕਰਨਗੇ ਅਤੇ ਸੂਰਜ ਨਿਕਲਣ ਤੋਂ ਬਾਦ ਮਿਨਾ ਤੋਂ ਅਰਫਾਤ ਦੇ ਮੈਦਾਨ ਜਾਣਗੇ ਜੋ ਮੱਕਾ ਅਲ ਮੁਕੱਰਮਾ-ਤਾਇਫ ਲਿੰਕ ਰੋਡ ਉੱਤੇ ਮੱਕਾ ਤੋਂ ਕਰੀਬ 22 ਕਿਲੋਮੀਟਰ ਦੀ ਦੂਰੀ ਤੇ ਸਥਿਤ ਹੈ । ਹਾਜੀ ਸਾਹਿਬਾਨ ਪੂਰਾ ਦਿਨ ਅਰਫਾਤ ਦੇ ਮੈਦਾਨ ਵਿੱਚ ਗੁਜਾਰਨਗੇ । ਜ਼ੁਹਰ ਅਤੇ ਅਸਰ ਦੀਆਂ ਨਮਾਜ਼ਾਂ ਇਕੱਠੀਆਂ ਦੋ-ਦੋ ਰਕਾਅਤ ਅਦਾ ਕਰਨਗੇ । ਇਮਾਮ ਦਾ ਖੁਤਬਾ ਸੁਨਣਗੇ, ਸੂਰਜ ਛਿਪਣ ਤੱਕ ਉੱਥੇ ਹੀ ਰਹਿਣਗੇ ਅਤੇ ਸੂਰਜ ਛਿਪਣ ਤੋਂ ਬਾਦ ਅਰਫਾਤ ਤੋਂ ਮੁਜ਼ਦਲਫਾ ਆ ਜਾਣਗੇ ਅਤੇ ਉੱਥੇ ਮਗਰਿਬ ਅਤੇ ਇਸ਼ਾ ਦੀ ਨਮਾਜ਼ ਅਦਾ ਕਰਨਗੇ । ਅੱਜ ਦੇ ਦਿਨ ਅਰਫਾਤ ਵਿੱਚ ਰਹਿਣਾ ਹੀ ਅਸਲ ਹੱਜ ਹੈ ਜੋ ਉੱਥੇ ਨਹੀਂ ਪਹੁੰਚੇਗਾ ਉਸਦਾ ਹੱਜ ਨਹੀਂ ਹੋਵੇਗਾ । ਅੱਜ ਦੇ ਦਿਨ ਦੀ ਬਹੱਤ ਹੀ ਅਹਿਮੀਅਤ ਹੈ ।
ਅੱਜ ਇਮਾਮ ਸਾਹਿਬ ਜੋ ਖੁਤਬਾ ਦੇਣਗੇ ਉਸਦਾ 22 ਭਾਸ਼ਾਵਾਂ ਵਿੱਚ ਤਰਜਮਾ ਹੋਵੇਗਾ । ਇਸੇ ਅਰਾਫਾਤ ਦੇ ਮੈਦਾਨ ਵਿੱਚ ਅੱਲ੍ਹਾ ਦੇ ਰਸੂਲ (ਸਲ.) ਨੇ ਵੀ ‘ਜਬਲੇ ਰਹਿਮਤ’ ਰਹਿਮਤ ਦੇ ਪਹਾੜ ‘ਤੇ ਖੁਤਬਾ ਦਿੱਤਾ ਸੀ ਜੋ ਇਨਸਾਨੀ ਇਤਿਹਾਸ ਦੀਆਂ ਕੁਝ ਖਾਸ ਤਕਰੀਰਾਂ ਵਿੱਚੋਂ ਇੱਕ ਹੈ, ਜਿਸ ਵਿੱਚ ਕਹੀ ਗਈ ਹਰ ਲਾਈਨ ਤੇ ਇੱਕ ਕਿਤਾਬ ਲਿਖੀ ਜਾ ਸਕਦੀ ਹੈ । ਮਨੁੱਖੀ ਅਧਿਕਾਰਾਂ ‘ਤੇ ਇਸ ਤੋਂ ਚੰਗੀਆਂ ਗੱਲਾਂ ਨਹੀਂ ਕਹੀਆਂ ਜਾ ਸਕਦੀਆਂ ।



