ਮਲੇਰਕੋਟਲਾ, 13 ਅਗਸਤ (ਬਿਉਰੋ): ਚੰਡੀਗੜ੍ਹ-ਮੋਹਾਲੀ ਦੀਆਂ ਬਰੂਹਾਂ ਉੱਤੇ 7 ਜਨਵਰੀ 2023 ਤੋਂ ਕੌਮੀ ਇਨਸਾਫ ਮੋਰਚੇ ਵੱਲੋਂ ਸਜ਼ਾਵਾਂ ਪੂਰੀਆਂ ਕਰ ਚੁੱਕੇ ਬੰਦੀ ਸਿੰਘਾਂ ਅਤੇ ਬੇਅਦਬੀਆਂ ਦੇ ਇਨਸਾਫ ਲਈ ਪੱਕਾ ਧਰਨਾ ਲਗਾਇਆ ਹੋਇਆ ਹੈ । ਪਿਛਲੇ 947 ਦਿਨਾਂ ਦੇ ਲੰਬੇ ਅਰਸੇ ਦੇ ਧਰਨੇ ਤੋਂ ਬਾਅਦ ਵੀ ਕੇਂਦਰ ਅਤੇ ਸੂਬਾ ਸਰਕਾਰਾਂ ਦੇ ਕੰਨ ‘ਤੇ ਜੂੰਅ ਨਹੀਂ ਸਰਕੀ ਹੈ । 15 ਅਗਸਤ ਦੇ ਦਿਨ ਜਦੋਂ ਸਮੁੱਚਾ ਦੇਸ਼ ਅਜ਼ਾਦੀ ਦੀ ਵਰ੍ਹੇਗੰਢ ਮਨਾਏਗਾ ਦੂਜੇ ਪਾਸੇ ਕੌਮੀ ਇਨਸਾਫ ਮੋਰਚਾ ਦੇਸ਼ ਦੀਆਂ ਅੰਨ੍ਹੀਆਂ, ਬੋਲੀਆਂ ਅਤੇ ਗੂੰਗੀਆਂ ਸਰਕਾਰਾਂ ਨੂੰ ਕੁੰਭਕਰਨੀ ਨੀਂਦ ਤੋਂ ਜਗਾਉਣ ਲਈ ਮੋਹਾਲੀ ਵਾਈਪੀਐਸ ਚੌਂਕ ਵਿਖੇ ਸੰਗਤ ਦਾ ਵਿਸ਼ਾਲ ਇਕੱਠ ਕਰਕੇ ਹੱਥਾਂ ਵਿੱਚ ਝੰਡੀਆਂ ਅਤੇ ‘ਬੰਦੀ ਸਿੰਘ ਰਿਹਾਅ ਕਰੋ’ ਦੇ ਪੋਸਟਰ ਫੜਕੇ ਹਿਊਮਨ ਚੇਨ ਬਣਾਏਗਾ । ਇਸ ਸਬੰਧੀ ਸਾਡੇ ਪੱਤਰਕਾਰ ਨਾਲ ਗੱਲਬਾਤ ਕਰਦੇ ਹੋਏ ਮੋਰਚਾ ਪ੍ਰਬੰਧਕ ਕਮੇਟੀ ਦੇ ਮੈਂਬਰ ਜੱਥੇਦਾਰ ਬਲਵਿੰਦਰ ਸਿੰਘ ਕਾਲਾ ਅਤੇ ਜੀਤ ਸਿੰਘ ਔਲਖ ਨੇ ਦੱਸਿਆ ਕਿ ਮੋਰਚੇ ਦੇ ਸ਼ਾਂਤਮਈ ਪ੍ਰਦਰਸ਼ਨ ਵਿੱਚ ਹਜ਼ਾਰਾਂ ਦੀ ਗਿਣਤੀ ਵਿੱਚ ਸਿੱਖ ਸੰਗਤ, ਕਿਸਾਨ ਯੂਨੀਅਨਾਂ, ਸਮਾਜਸੇਵੀ ਜੱਥੇਬੰਦੀਆਂ ਅਤੇ ਮੁਸਲਿਮ ਭਾਈਚਾਰੇ ਦੇ ਲੋਕ ਸ਼ਾਮਲ ਹੋ ਰਹੇ ਹਨ । ਸਮੁੱਚੇ ਪੰਜਾਬ ਵਿੱਚ 15 ਅਗਸਤ ਦੇ ਪ੍ਰਦਰਸ਼ਨ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ । ਪ੍ਰੈਸ ਦੇ ਮਾਧਿਅਮ ਰਾਹੀਂ ਮੋਰਚੇ ਦੇ ਸਰਪ੍ਰਸਤ ਜੱਥੇਦਾਰ ਜਗਤਾਰ ਸਿੰਘ ਹਵਾਰਾ ਦੇ ਬਾਪੂ ਗੁਰਚਰਨ ਸਿੰਘ ਨੇ ਦੇਸ਼ ਭਰ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਮਨੁੱਖੀ ਅਧਿਕਾਰਾਂ ਦੀ ਰਾਖੀ ਲਈ ਲੱਗੇ ਇਸ ਮੋਰਚੇ ਵਿੱਚ ਹਾਜ਼ਰੀ ਜਰੂਰ ਲਗਵਾਓ ।
