25 ਦੀ ਮਹਾਂਪੰਚਾਇਤ ‘ਚ ਹਜ਼ਾਰਾਂ ਦੀ ਗਿਣਤੀ ‘ਚ ਪੁੱਜੇਗੀ ਜਾਗਦੀਆਂ ਜ਼ਮੀਰਾਂ ਵਾਲੀ ਸੰਗਤ-ਬਾਬਾ ਰਾਜਾ ਰਾਜ ਸਿੰਘ

author
0 minutes, 3 seconds Read

ਮੋਹਾਲੀ ‘ਚ ਕੌਮੀ ਇਨਸਾਫ ਮੋਰਚਾ 745 ਦਿਨਾਂ ਤੋਂ ਜਾਰੀ

ਮਲੇਰਕੋਟਲਾ/ਮੋਹਾਲੀ, 22 ਜਨਵਰੀ (ਬਿਉਰੋ): ਚੰਡੀਗੜ੍ਹ-ਮੋਹਾਲੀ ਦੀਆਂ ਬਰੂਹਾਂ ਉੱਤੇ 7 ਜਨਵਰੀ 2023 ਤੋਂ ਕੌਮੀ ਇਨਸਾਫ ਮੋਰਚੇ ਵੱਲੋਂ ਮਹਾਂ-ਪੰਚਾਇਤ ਕੀਤੀ ਜਾ ਰਹੀ ਹੈ ਜਿਸ ਵਿੱਚ ਦੇਸ਼ ਦੁਨੀਆ ਤੋਂ ਪੰਥਕ, ਬੁੱਧੀਜੀਵੀ, ਕਿਸਾਨ ਅਤੇ ਸਮਾਜਸੇਵੀ ਜੱਥੇਬੰਦੀਆਂ ਦੇ ਆਗੂ ਅਤੇ ਜੋ ਲੋਕ ਮਨੁੱਖੀ ਅਧਿਕਾਰਾਂ ਦੇ ਅਲੰਬਰਦਾਰ ਹਨ ਸ਼ਿਰਕਤ ਕਰਨਗੇ । ਜ਼ਿਕਰਯੋਗ ਹੈ ਕਿ ਗੁਰੂ ਸਾਹਿਬ ਦੀਆਂ ਲਾਡਲੀਆਂ ਫੌਜਾਂ ਮੋਰਚੇ ਦੇ ਪਹਿਲੇ ਦਿਨ ਤੋਂ ਹੀ ਡਟੀਆਂ ਹੋਈਆਂ ਹਨ । ਇਸ ਸਬੰਧੀ ਸਾਡੇ ਪੱਤਰਕਾਰ ਨਾਲ ਗੱਲਬਾਤ ਕਰਦਿਆਂ ਮੋਰਚੇ ਦੇ ਪ੍ਰਬੰਧਕ ਜੱਥੇਦਾਰ ਬਾਬਾ ਰਾਜਾ ਰਾਜ ਸਿੰਘ ਅਰਬਾਂ ਖਰਬਾਂ ਦਲ ਨੇ ਦੱਸਿਆ ਕਿ ਵਾਈਪੀਐਸ ਚੌਂਕ ਮੁਹਾਲੀ ਵਿਖੇ ਕੌਮੀ ਇਨਸਾਫ ਮੋਰਚੇ ਵੱਲੋਂ ਸਜ਼ਾਵਾਂ ਪੂਰੀਆਂ ਕਰ ਚੁੱਕੀ ਬੰਦੀ ਸਿੰਘਾਂ ਦੀ ਰਿਹਾਈ, ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਬੇਅਦਬੀਆਂ ਦੇ ਇਨਸਾਫ, ਬਹਿਬਲ ਕਲਾਂ ਅਤੇ ਬਰਗਾੜੀ ਗੋਲੀਕਾਂਡ ਦਾ ਇਨਸਾਫ, ਘੱਟਗਿਣਤੀਆਂ ਉੱਤੇ ਹੋ ਰਹੀਆਂ ਵਧੀਕੀਆਂ ਨੂੰ ਠੱਲ ਪਾਉਣ ਲਈ 745 ਦਿਨਾਂ ਤੋਂ ਪੱਕਾ ਧਰਨਾ ਲਗਾਇਆ ਹੋਇਆ ਹੈ । ਸਿੱਖ ਕੌਮ ਦੇ ਯੋਧੇ ਆਪਣੀਆਂ ਸਜ਼ਾਵਾਂ ਪੂਰੀਆਂ ਕਰਕੇ 32-32 ਸਾਲਾਂ ਤੋਂ ਜੇਲ੍ਹਾਂ ਬੰਦ ਹਨ । ਮੋਰਚੇ ਦੇ ਦੋ ਸਾਲ ਪੂਰੇ ਹੋਣ ‘ਤੇ ਪ੍ਰਬੰਧਕਾਂ ਵੱਲੋਂ ਸੰਗਤ ਦਾ ਵੱਡਾ ਇਕੱਠ ਕਰਕੇ ਮੁੱਖ ਮੰਤਰੀ ਦੀ ਕੋਠੀ ਦੇ ਘਿਰਾਓ ਕਰਕੇ ਕੁੰਭਕਰਨੀ ਨੀਂਦ ਸੁੱਤੇ ਭਗਵੰਤ ਮਾਨ ਨੂੰ ਜਗਾਉਣ ਦਾ ਐਲਾਨ ਕੀਤਾ ਗਿਆ ਸੀ ਜਿਸ ‘ਤੇ ਸਾਰੇ ਪੰਜਾਬ ਅੰਦਰ ਪੁਲਸ ਹਰਕਤ ਵਿੱਚ ਆਈ ਅਤੇ ਜੱਥੇਬੰਦੀਆਂ ਦੇ ਆਗੂਆਂ ਨੂੰ ਗ੍ਰਿਫਤਾਰ ਕਰ ਲਿਆ ਜੋ ਕੁਝ ਮੋਰਚੇ ਵਿੱਚ ਪੁੱਜੇ ਉਹਨਾਂ ਨਾਲ ਵੀ ਬਲ ਪ੍ਰਯੋਗ ਕਰਕੇ ਰੋਕ ਲਿਆ ਗਿਆ, ਸੰਗਤ ਦੀਆਂ ਪੱਗਾਂ ਲਾਹ ਦਿੱਤੀਆਂ ਗੰਦੇ ਪਾਣੀ ਦੀਆਂ ਬੋਛਾੜਾਂ ਮੋਰਚੇ ਅੰਦਰ ਸ੍ਰੀ ਗੁਰੂ ਗ੍ਰੰਥ ਸਾਹਿਬ ਵੱਲ ਵੀ ਮਾਰੀਆਂ । ਉਹਨਾਂ ਦੱਸਿਆ ਕਿ ਆਲ ਇੰਡੀਆ ਬਾਮਸੇਫ ਦੇ ਪ੍ਰਧਾਨ ਬਾਮ ਰਮੇਸ਼ ਰਾਮ ਸਾਹਿਬ, ਤਾਮਿਲਨਾਡੂ ਤੋਂ ਸਿੰਘ ਸਜੇ ਜਗਜੀਵਨ ਸਿੰਘ ਮਾਹਲਾ, ਸੁਪਰੀਮ ਕੋਰਟ ਦੇ ਸੀਨੀਅਰ ਵਕੀਲ ਮਹਿਮੂਦ ਪਰਾਚਾ, ਦਿੱਲੀ ਯੂਨੀਵਰਸਿਟੀ ਦੀ ਸਾਬਕਾ ਪ੍ਰੋਫੈਸਰ ਡਾ. ਰਿਤੂ, ਸਮਾਜਸੇਵੀ ਲੱਖਾ ਸਿਧਾਨਾ, ਭਾਨਾ ਸਿੱਧੂ, ਪਲਵਿੰਦਰ ਸਿੰਘ ਝੋਟਾ, ਦੀਪਕ ਫੌਜੀ, ਹਰਿਆਣਾ ਦੀਆਂ ਖਾਪ ਪੰਚਾਇਤਾਂ ਦੇ ਆਗੂ, ਸੰਤ ਬਾਬਾ ਗੁਰਮੀਤ ਸਿੰਘ, ਨਿਹੰਗ ਸਿੰਘ ਦਲ ਪੰਥ  ਤੋਂ ਇਲਾਵਾ ਵੱਡੀ ਗਿਣਤੀ ‘ਚ ਪਤਵੰਤੇ ਪਹੁੰਚ ਰਹੇ ਹਨ ।

ਬਾਬਾ ਰਾਜਾ ਰਾਜ ਸਿੰਘ ਨੇ ਪ੍ਰੈਸ ਦੇ ਮਾਧਿਅਮ ਰਾਹੀਂ ਸੰਗਤ ਨੂੰ ਅਪੀਲ ਕੀਤੀ ਕਿ ਸਰਕਾਰ ਦੀਆਂ ਇਹਨਾਂ ਵਧੀਕੀਆਂ ਖਿਲਾਫ 25 ਜਨਵਰੀ 2025 ਦਿਨ ਸ਼ਨੀਵਾਰ ਨੂੰ ਕੌਮੀ ਇਨਸਾਫ ਮੋਰਚੇ ‘ਚ ਪੰਜਾਬ ਦਾ ਹਰ ਜਾਗਦੀ ਜ਼ਮੀਰ ਵਾਲਾ ਵਿਅਕਤੀ ਹਾਜ਼ਰੀ ਭਰੇ ਤਾਂ ਜੋ ਮਿਲ ਬੈਠਕੇ ਵਿਚਾਰਾਂ ਕੀਤੀਆਂ ਜਾ ਸਕਣ, ਮੋਰਚੇ ਨੂੰ ਹੋਰ ਤਿੱਖਾ ਕਰਨ ਲਈ ਰਣਨੀਤੀ ਬਣਾਈ ਜਾ ਸਕੇ ਅਤੇ ਘੱਟਗਿਣਤੀਆਂ ਉੱਤੇ ਹੋ ਰਹੇ ਤਸ਼ੱਦਦ ਖਿਲਾਫ ਆਵਾਜ਼ ਉਠਾਈ ਜਾ ਸਕੇ, 32-32 ਸਾਲਾਂ ਤੋਂ ਜੇਲ੍ਹਾਂ ‘ਚ ਬੰਦ ਕੌਮ ਦੇ ਯੋਧਿਆਂ ਨੂੰ ਰਿਹਾਅ ਕਰਵਾਇਆ ਜਾ ਸਕੇ, ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਬੇਅਦਬੀਆਂ ਰੋਕਣ ਲਈ ਸਖਤ ਕਾਨੂੰਨ ਬਣਵਾਇਆ ਜਾ ਸਕੇ ।

Similar Posts

Leave a Reply

Your email address will not be published. Required fields are marked *