ਦੇਸ਼ ਅੰਦਰ ਬਹੁਗਿਣਤੀਆਂ ਅਤੇ ਘੱਟਗਿਣਤੀਆਂ ਲਈ ਦੋ ਵੱਖ-ਵੱਖ ਕਾਨੂੰਨ ਚੱਲ ਰਹੇ ਨੇ-ਬਾਪੂ ਗੁਰਚਰਨ ਸਿੰਘ
ਮੋਹਾਲੀ/ਮਲੇਰਕੋਟਲਾ, 03 ਜਨਵਰੀ (ਅਬੂ ਜ਼ੈਦ): ਦੇਸ਼ ਅੰਦਰ ਬਹੁਗਿਣਤੀਆਂ ਅਤੇ ਘੱਟਗਿਣਤੀਆਂ ਲਈ ਦੋ ਵੱਖ-ਵੱਖ ਕਾਨੂੰਨ ਚੱਲ ਰਹੇ ਹਨ, ਜੋ ਕੋਈ ਇਸ ਨੂੰ ਪ੍ਰਭਾਸ਼ਿਤ ਕਰਦਾ ਹੈ ਜਾਂ ਇਸ ਵਿਤਕਰੇ ਲਈ ਆਵਾਜ਼ ਚੁੱਕਦਾ ਹੈ ਤਾਂ ਉਸ ਨੂੰ ਵੱਖਵਾਦੀ ਕਹਿਕੇ ਐਨ.ਐਸ.ਏ. ਲਗਾਕੇ ਜੇਲ੍ਹਾਂ ਵਿੱਚ ਡੱਕ ਦਿੱਤਾ ਜਾਂਦਾ ਹੈ । ਇੱਕ ਪਾਸੇ ਬਹੁਗਿਣਤੀ ਦੇ ਸਰਕਾਰਾਂ ਦੇ ਚਹੇਤੇ ਕਤਲ, ਬਲਾਤਕਾਰ ਵਰਗੇ ਘਿਨਾਉਣੇ ਜ਼ੁਰਮ ਕਰਕੇ ਵੀ ਸਮਾਜ ਵਿੱਚ ਖੁੱਲੇ ਫਿਰਦੇ ਹਨ, ਦੂਜੇ ਪਾਸੇ ਘੱਟਗਿਣਤੀਆਂ ਦੇ ਲੋਕ ਆਪਣੀਆਂ ਸਜ਼ਾਵਾਂ ਪੂਰੀਆਂ ਕਰਨ ਦੇ ਬਾਵਜੂਦ ਵੀ ਜੇਲ੍ਹਾਂ ਵਿੱਚ ਬੰਦ ਹਨ । ਉਹਨਾਂ ਕਿਹਾ ਕਿ ਗੁਜਰਾਤ ਮੁਸਲਿਮ ਨਸਲਕੁਸ਼ੀ ਦੀ ਪੀੜ੍ਹਿਤ ਬਿਲਕਿਸ ਬਾਨੋ ਦੇ ਬਲਾਤਕਾਰ ਅਤੇ ਪਰੀਵਾਰ ਦੇ ਕਤਲ ਦੇ ਦੋਸ਼ੀਆਂ ਨੂੰ ਸਰਕਾਰ ਨੇ ਸਮੇਂ ਤੋਂ ਪਹਿਲਾਂ ਛੱਡ ਦਿੱਤਾ । ਹੱਤਿਆ ਅਤੇ ਬਲਾਤਕਾਰ ਦੇ ਜ਼ੁਰਮ ‘ਚ ਸਜ਼ਾ ਕੱਟ ਰਹੇ ਰਾਮ ਰਹੀਮ ਨੂੰ ਆਏ ਦਿਨ ਪੈਰੋਲ ਮਿਲ ਜਾਂਦੀ । ਜੇਕਰ ਇਹ ਸਰਕਾਰਾਂ ਅਤੇ ਅਦਾਲਤਾਂ ਦਾ ਦੋਹਰਾ ਮਾਪਦੰਡ ਨਹੀਂ ਤਾਂ ਕੀ ਹੈ?
ਬੰਦੀ ਸਿੰਘਾਂ ਦੀ ਰਿਹਾਈ ਲਈ ਪਿਛਲੇ ਇੱਕ ਸਾਲ ਤੋਂ ਕੌਮੀ ਇਨਸਾਫ ਮੋਰਚੇ ਵੱਲੋਂ ਚੰਡੀਗੜ੍ਹ-ਮੋਹਾਲੀ ਦੀਆਂ ਬਰੂਹਾਂ ਉੱਤੇ ਪੱਕਾ ਮੋਰਚਾ ਲਗਾਇਆ ਗਿਆ ਹੈ । ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਮੋਰਚੇ ਦੇ ਸਰਪ੍ਰਸਤ ਬਾਪੂ ਗੁਰਚਰਨ ਸਿੰਘ ਨੇ ਅਦਾਰਾ ਅਬੂ ਜ਼ੈਦ ਨਿਊਜ਼ ਨਾਲ ਵਿਸ਼ੇਸ਼ ਗੱਲਬਾਤ ਦੌਰਾਨ ਕੀਤਾ । ਉਹਨਾਂ ਕਿਹਾ ਕਿ ਸ੍ਰੀ ਗੁਰੁ ਗ੍ਰੰਥ ਸਾਹਿਬ ਦੇ ਲਾਪਤਾ ਸਰੂਪਾਂ ਅਤੇ ਬੇਅਦਬੀਆਂ ਦੇ ਇਨਸਾਫ, ਬਹਿਬਲ ਕਲਾਂ, ਕੋਟਕਪੂਰਾ ਗੋਲੀਕਾਂਡ ਦੇ ਇਨਸਾਫ ਲਈ ਸੰਗਤ 7 ਜਨਵਰੀ 2023 ਤੋਂ ਵਾਈਪੀਐਸ ਚੌਂਕ ਵਿੱਚ ਧਰਨਾ ਲਗਾਕੇ ਬੈਠੀ ਹੈ । ਪਰੰਤੂ ਸੂਬਾ ਸਰਕਾਰ ਅਤੇ ਕੇਂਦਰ ਨੇ ਇਸ ਧਰਨੇ ਨੂੰ ਅਣਗੌਲਿਆਂ ਕੀਤਾ ਹੋਇਆ ਹੈ । ਅੰਨ੍ਹੀਆਂ, ਬੋਲੀਆਂ, ਅਤੇ ਗੂੰਗੀਆਂ ਸਰਕਾਰਾਂ ਤੱਕ ਆਵਾਜ਼ ਪਹੁੰਚਾਉਣ ਲਈ ਬੰਦੀ ਸਿੰਘਾਂ ਦੀ ਰਿਹਾਈ ਲਈ ਕੌਮੀ ਇਨਸਾਫ਼ ਮੋਰਚੇ ‘ਚ ਬਾਪੂ ਲਾਭ ਸਿੰਘ ਅਤੇ ਉਹਨਾਂ ਦੀ ਸਿੰਘਣੀ ਵੱਲੋਂ ਚੇਤਾਵਨੀ ਦੇ ਤੌਰ ਤੇ ਭੁੱਖ ਹੜਤਾਲ ਸ਼ੁਰੂ ਕੀਤੀ ਗਈ ਹੈ ਜਿਸ ਨੂੰ 48 ਘੰਟੇ ਬਾਦ ਬਾਪੂ ਗੁਰਚਰਨ ਸਿੰਘ ਅਤੇ ਸਾਥੀਆਂ ਵੱਲੋਂ ਅੱਜ ਸਿਰੋਪਾਓ ਪਾ ਕੇ ਸਨਮਾਨਿਤ ਕਰਕੇ ਆਪਣੇ ਹੱਥੀ ਜੂਸ ਪਿਲਾਕੇ ਹੜਤਾਲ ਖੁਲਵਾਈ ਗਈ ਅਤੇ ਬੰਦੀ ਸਿੰਘਾਂ ਪ੍ਰਤੀ ਅਥਾਹ ਵਫਾਦਾਰੀ ਲਈ ਕੌਮ ਵੱਲੋਂ ਧੰਨਵਾਦ ਕੀਤਾ । ਉਹਨਾਂ ਸਰਕਾਰਾਂ ਨੂੰ ਸਲਾਹ ਦਿੱਤੀ ਕਿ ਅਜਿਹੇ ਬਜ਼ੁਰਗਾਂ ਦੇ ਸਬਰ ਨੂੰ ਪਰਖਣਾ ਨਹੀਂ ਚਾਹੀਦਾ ਅਤੇ ਮੋਰਚੇ ਦੀਆਂ ਮੰਗਾਂ ਮੰਨਕੇ ਬੰਦੀ ਸਿੰਘਾਂ ਦੀ ਰਿਹਾਈ ਦਾ ਰਸਤਾ ਸਾਫ ਕਰ ਦੇਣਾ ਚਾਹੀਦਾ ਹੈ । ਸਰਕਾਰਾਂ ਆਪਣੀਆਂ ਏਜੰਸੀਆਂ ਰਾਹੀਂ ਮੋਰਚੇ ਨੂੰ ਢਾਹ ਲਗਾਉਣ ਲਈ ਅਨੇਕਾਂ ਹੱਥਕੰਡੇ ਵਰਤ ਰਹੀ ਹੈ ਪਰੰਤੂ ਇਸ ਪੰਥਕ ਮੋਰਚੇ ਦੀ ਅਗਵਾਈ ਗੁਰੁ ਸਾਹਿਬ ਖੁਦ ਕਰ ਹਨ ।ਇਸ ਮੌਕੇ ਜੱਥੇਦਾਰ ਬਲਵੀਰ ਸਿੰਘ ਬੈਰੋਪੁਰ, ਭਾਈ ਗੁਰਜੰਟ ਸਿੰਘ ਸੀਲ, ਭਾਈ ਚਰਨਜੀਤ ਸਿੰਘ ਪਡਿਆਲਾ, ਬੀਬੀ ਸੁਰਿੰਦਰ ਕੌਰ ਗੰਗਾ ਨਗਰ, ਬੀਬੀ ਕੁਲਵਿੰਦਰ ਕੌਰ ਅੰਬ ਸਾਹਿਬ, ਮਨਮੋਹਨ ਸਿੰਘ ਰਾਜਪੁਰਾ ਸਮੇਤ ਵੱਡੀ ਗਿਣਤੀ ‘ਚ ਪਤਵੰਤੇ ਮੌਜੂਦ ਸਨ ।
ਫੋਟੋ ਕੈਪਸ਼ਨ: ਕੌਮੀ ਇਨਸਾਫ ਮੋਰਚੇ ‘ਚ ਭੁੱਖ ਹੜਤਾਲ ਉੱਤੇ ਬੈਠੇ ਬਾਪੂ ਲਾਭ ਸਿੰਘ ਦੀ ਤੀਜੇ ਦਿਨ ਹੜਤਾਲ ਖਤਮ ਕਰਵਾਉਂਦੇ ਹੋਏ ਮੋਰਚੇ ਦੇ ਸਰਪ੍ਰਸਤ ਬਾਪੂ ਗੁਰਚਰਨ ਸਿੰਘ ਅਤੇ ਹੋਰ ਪ੍ਰਬੰਧਕ ।



