11 ਜਨਵਰੀ ਨੂੰ ਕੌਮੀ ਇਨਸਾਫ ਮੋਰਚਾ ਰੋਡ ਮਾਰਚ ‘ਚ ਸੰਗਤ ਹੁੰਮ-ਹੁੰਮਾ ਕੇ ਪੁੱਜੇ-ਬਾਪੂ ਗੁਰਚਰਨ ਸਿੰਘ

author
0 minutes, 2 seconds Read

ਕੌਮੀ ਇਨਸਾਫ ਮੋਰਚਾ ਦਾ ਇੱਕ ਸਾਲ

ਚੰਡੀਗੜ੍ਹ/ਮਲੇਰਕੋਟਲਾ, 09 ਜਨਵਰੀ (ਅਬੂ ਜ਼ੈਦ): ਚੰਡੀਗੜ੍ਹ-ਐਸਏਐਸ ਨਗਰ ਦੀਆਂ ਬਰੂਹਾਂ ਉੱਤੇ 7 ਜਨਵਰੀ 2023 ਤੋਂ ਕੌਮੀ ਇਨਸਾਫ ਮੋਰਚੇ ਵੱਲੋਂ ਬੰਦੀ ਸਿੰਘਾਂ ਦੀ ਰਿਹਾਈ, ਸ੍ਰੀ ਗੁਰੁ ਗ੍ਰੰਥ ਸਾਹਿਬ ਦੇ 328 ਲਾਪਤਾ ਸਰੂਪਾਂ ਅਤੇ ਬੇਅਦਬੀਆਂ ਦੇ ਇਨਸਾਫ, ਬਹਿਬਲ ਕਲਾਂ ਅਤੇ ਕੋਟਕਪੂਰਾ ਗੋਲੀ ਕਾਂਡ ਦੇ ਇਨਸਾਫ ਅਤੇ ਵੱਖ-ਵੱਖ ਝੂਠੇ ਮੁਕੱਦਮਿਆਂ ‘ਚ ਉਲਝਾ ਕੇ ਜੇਲ੍ਹਾਂ ਵਿੱਚ ਡੱਕੇ ਨੌਜਵਾਨਾਂ ਨੂੰ ਛੁਡਵਾਉਣ ਲਈ ਪੱਕਾ ਧਰਨਾ ਲਗਾਇਆ ਹੋਇਆ ਹੈ । ਇਸੇ ਸਬੰਧ ‘ਚ ਮੋਰਚੇ ਦੇ ਸਰਪ੍ਰਸਤ ਬਾਪੂ ਗੁਰਚਰਨ ਸਿੰਘ ਨੇ ਪ੍ਰੈਸ ਕਾਨਫਰੰਸ ਕੀਤੀ ਜਿਸ ਵਿੱਚ ਮੋਰਚੇ ਦੇ ਇੱਕ ਸਾਲ ਪੂਰਾ ਹੋਣ ਉੱਤੇ 11 ਜਨਵਰੀ ਨੂੰ ਜੋਤੀ ਸਰੂਪ ਗੁਰਦੁਆਰਾ ਫਹਿਤਗੜ੍ਹ ਸਾਹਿਬ ਤੋਂ ਇੱਕ ਵਿਸ਼ਾਲ ਰੋਡ ਮਾਰਚ ਟਰੈਕਟਰ, ਕਾਰਾਂ, ਗੱਡੀਆਂ, ਮੋਟਰ ਸਾਇਕਲਾਂ ਅਤੇ ਹੋਰ ਸਾਧਨਾਂ ਰਾਹੀਂ ਚੰਡੀਗੜ੍ਹ ਕੌਮੀ ਇਨਸਾਫ ਮੋਰਚੇ ਤੱਕ ਜਾਵੇਗਾ । ਉਹਨਾਂ ਸੰਗਤ ਨੂੰ ਅਪੀਲ ਕੀਤੀ ਕਿ ਇਸ ਮਾਰਚ ਵਿੱਚ ਵਹੀਰਾਂ ਘੱਤ ਕੇ ਪਹੁੰਚਣ ਤਾਂ ਕਿ ਕੇਂਦਰ ਅਤੇ ਸੂਬਿਆਂ ਦੀਆਂ ਗੂੰਗੀਆਂ, ਬੋਲੀਆਂ ਅਤੇ ਅੰਨ੍ਹੀਆਂ ਸਰਕਾਰਾਂ ਨੂੰ ਕੌਮ ਦੀਆਂ ਮੰਗਾਂ ਪ੍ਰਤੀ ਕੁੰਭਕਰਨੀ ਨੀਂਦ ਤੋਂ ਜਗਾਇਆ ਜਾ ਸਕੇ । ਬਾਪੂ ਗੁਰਚਰਨ ਸਿੰਘ ਨੇ ਅਦਾਰਾ “ਅਬੂ ਜ਼ੈਦ ਨਿਊਜ਼” ਨਾਲ ਵਿਸ਼ੇਸ਼ ਗੱਲਬਾਤ ਦੌਰਾਨ ਦੱਸਿਆ ਕਿ ਕੌਮੀ ਇਨਸਾਫ ਮੋਰਚੇ ਨੇ ਇੱਕ ਸਾਲ ਦੌਰਾਨ ਨੂੰ ਵੱਡੀਆਂ ਪ੍ਰਾਪਤੀਆਂ ਹਾਸਲ ਹੋਈਆਂ ਹਨ । 3 ਬੰਦੀ ਸਿੰਘਾਂ ਨੂੰ ਪੱਕੀ ਜਮਾਨਤ ਮਿਲ ਚੁੱਕੀ ਹੈ ਅਤੇ ਬਾਕੀਆਂ ਨੂੰ ਪੈਰੋਲਾਂ ਮਿਲ ਰਹੀਆਂ ਹਨ । ਉਹਨਾਂ ਦੱਸਿਆ ਕਿ ਮੋਰਚੇ ਦੇ ਦਬਾਅ ਕਾਰਣ ਜੱਥੇਦਾਰ ਜਗਤਾਰ ਸਿੰਘ ਹਵਾਰਾ ਉੱਤੇ ਚੱਲ ਰਹੇ 33 ਕੇਸਾਂ ਵਿੱਚੋਂ ਜ਼ਿਆਦਾਤਰ ਕੇਸਾਂ ਵਿੱਚੋਂ ਬਰੀ ਹੋ ਚੁੱਕੇ ਹਨ, ਸਰਕਾਰਾਂ ਨਾਲ ਕਈ ਮੀਟਿੰਗਾਂ ਵੀ ਹੋ ਚੁੱਕੀਆਂ ਹਨ ਪਰੰਤੂ ਬੇਸਿੱਟਾ ਹੀ ਰਹੀਆਂ । ਸੈਂਕੜੇ 31 ਮੈਂਬਰੀ ਜੱਥੇ ਮੋਰਚੇ ਤੋਂ ਮੁੱਖ ਮੰਤਰੀ ਦੀ ਰਿਹਾਇਸ਼ ਤੱਕ ਅਰਦਾਸ ਕਰਦੇ ਜਾਂਦੇ ਰਹੇ । ਸਾਲ ਦੇ ਸਮੇਂ ਵਿੱਚ ਮੋਰਚੇ ਵਿੱਚ ਅਨੇਕਾਂ ਉਤਰਾ-ਚੜਾਅ ਆਏ ਹਨ ਪਰੰਤੂ ਇਹ ਮੋਰਚਾ ਸ੍ਰੀ ਗੁਰੁ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਲੱਗਾ ਹੋਇਆ ਹੈ ਸੋ ਮਾਯੂਸ ਹੋਣ ਦੀ ਕੋਈ ਵਜ੍ਹਾ ਨਹੀਂ ਹੈ । ਉਹਨਾਂ ਮੀਡੀਆ ਦੇ ਮਾਧਿਅਮ ਰਾਹੀਂ ਸੰਗਤ ਨੂੰ ਅਪੀਲ ਕੀਤੀ ਕਿ ਪੰਜਾਬ ਦੇ 13 ਹਜ਼ਾਰ ਪਿੰਡਾਂ ਵਿੱਚੋਂ ਘੱਟੋ-ਘੱਟ 10-10 ਵਿਅਕਤੀ ਇਸ ਮਾਰਚ ਵਿੱਚ ਸ਼ਾਮਲ ਜਰੂਰ ਹੋਣ ਜਿਸ ਨਾਲ ਸਰਕਾਰਾਂ ਨੂੰ ਬੰਦੀ ਸਿੰਘਾਂ ਨਾਲ ਕੌਮ ਦੇ ਪਿਆਰ ਨੂੰ ਜ਼ਾਹਰ ਕੀਤਾ ਜਾ ਸਕੇ । ਇਸ ਮੌਕੇ ਬਾਪੂ ਗੁਰਚਰਨ ਸਿੰਘ, ਗੁਰਜੰਟ ਸਿੰਘ, ਮਨਮੋਹਨ ਸਿੰਘ ਰਾਜਪੁਰਾ, ਰਣਜੋਧ ਸਿੰਘ ਹਵਾਰਾ ਤੋਂ ਇਲਾਵਾ ਵੱਡੀ ਗਿਣਤੀ ‘ਚ ਸੰਗਤ ਮੌਜੂਦ ਸੀ ।

Similar Posts

Leave a Reply

Your email address will not be published. Required fields are marked *