ਰਾਹੁਲ ਗਾਂਧੀ ਦੇ ਵਿਜ਼ਨ ਤੋਂ ਪ੍ਰਭਾਵਿਤ ਜ਼ੁਬੈਰੀ ਨੇ ਖਹਿਰੇ ਦੀ ਚੋਣ ਮੁਹਿੰਮ ‘ਚ ਮੋਹਰੀ ਭੂਮਿਕਾ ਨਿਭਾਈ, ਆਪਣੇ ਬੂਥਾਂ ‘ਚੋ ਵੱਡੀ ਲੀਡ ਦਿਲਵਾਈ
ਮਲੇਰਕੋਟਲਾ, 21 ਜੂਨ (ਬਿਉਰੋ): ਲੋਕ ਸਭਾ ਚੋਣਾਂ 2024 ਦੇ ਨਤੀਜੇ ਆਏ, ਜਿਸ ਵਿੱਚ ਅਨੇਕਾਂ ਉਲਟਫੇਰ ਦੇਖਣ ਨੂੰ ਮਿਲੇ । ਸੰਗਰੂਰ ਲੋਕ ਸਭਾ ਪੰਜਾਬ ਹੀ ਨਹੀਂ ਬਲਿਕ ਦੇਸ਼ ਦੀਆਂ ਚਰਚਿਤ ਸੀਟਾਂ ਵਿੱਚ ਗਿਣੀ ਗਈ ਕਿਉਂਕਿ ਇੱਥੋਂ ਆਮ ਆਦਮੀ ਪਾਰਟੀ ਨੇ ਅੱਡੀ ਚੋਟੀ ਦਾ ਜ਼ੋਰ ਲਗਾਇਆ ਕਿ ਮੁੱਖ ਮੰਤਰੀ ਅਤੇ ਉਮੀਦਵਾਰ ਮੀਤ ਹੇਅਰ ਦਾ ਵਿਧਾਨ ਸਭਾ ਹਲਕਾ ਇਸੇ ਵਿੱਚ ਆਉਂਦਾ ਹੈ । ਸ੍ਰੋਮਣੀ ਅਕਾਲੀ ਦਲ (ਅ) ਦੇ ਪ੍ਰਧਾਨ ਅਤੇ ਉਮੀਦਵਾਰ ਸਿਮਰਨਜੀਤ ਸਿੰਘ ਮਾਨ ਨੇ ਇਸ ਸੀਟ ਨੂੰ ਸਭ ਲਈ ਚੈਲਿੰਜ ਬਣਾ ਦਿੱਤਾ ਸੀ । ਇਸ ਤੋਂ ਇਲਾਵਾ ਭੁਲੱਥ ਤੋਂ ਵਿਧਾਇਕ ਸੁਖਪਾਲ ਸਿੰਘ ਖਹਿਰਾ ਦੇ ਸੰਗਰੂਰ ਸੀਟ ਤੋਂ ਚੋਣ ਮੈਦਾਨ ਵਿੱਚ ਉਤਰਨ ਨਾਲ ਚਾਰੋਂ ਪਾਸੇ ਚਰਚਾਵਾਂ ਛਿੜ ਗਈਆਂ । ਸੰਗਰੂਰ ਸੀਟ ਭਾਵੇਂ ‘ਆਪ’ ਉਮੀਦਵਾਰ ਗੁਰਮੀਤ ਸਿੰਘ ਮੀਤ ਹੇਅਰ ਜਿੱਤ ਗਏ ਪਰੰਤੂ ਸੁਖਪਾਲ ਸਿੰਘ ਖਹਿਰਾ ਨੇ ਮੌਜੂਦਾ ਸਰਕਾਰ ਦੇ ਪੂਰੇ ਤੰਤਰ ਦੀਆਂ ਚੀਕਾਂ ਕੱਢਵਾ ਦਿੱਤੀਆਂ ।
ਪੁਰਾਣੀ ਕਹਾਵਤ ਹੈ ਕਿ “ਜ਼ੋਹਰੀ ਨੂੰ ਹੀ ਹੀਰੇ ਦੀ ਪਛਾਣ ਹੁੰਦੀ ਹੈ”। ਇਸ ਚੋਣ ਵਿੱਚ ਸਭ ਤੋਂ ਦਿਲਚਸਪ ਰਿਹਾ ਕਿ ਸ. ਖਹਿਰਾ ਨੇ ਅਜਿਹੇ ਅਨਮੋਲ ਹੀਰਿਆਂ ਦੀ ਚੋਣ ਕੀਤੀ ਜਿਹਨਾਂ ਨੇ ਦਿਲੋ-ਜਾਨ ਨਾਲ ਚੋਣ ਮੁਹਿੰਮ ਸੰਭਾਲੀ । ਜਿਹਨਾਂ ਵਿੱਚ ਮਲੇਰਕੋਟਲਾ ਤੋਂ ਸਾਬਕਾ ਕੌਂਸਲਰ ਮੁਹੰਮਦ ਇਲਿਆਸ ਜ਼ੁਬੈਰੀ ਦਾ ਨਾਂਅ ਖਾਸ ਹੈ । ਜ਼ਿਕਰਯੋਗ ਹੈ ਕਿ ਮੁਹੰਮਦ ਇਲਿਆਸ ਜ਼ੁਬੈਰੀ ਦੇਸ਼ ਦੇ ‘ਯੂਥ ਆਈਕਨ’ ਰਾਹੁਲ ਗਾਂਧੀ ਦੀ ਦੇਸ਼ ਵਿੱਚੋਂ ਨਫਰਤ ਮਿਟਾਉਣ ਵਾਲੀ ਨਿਰ-ਸਵਾਰਥ ਸਿਆਸਤ, ਦੂਰ-ਅੰਦੇਸ਼ੀ ਸੋਚ, ਸਮਾਜ ਵਿੱਚ ਸਮਾਨਤਾ ਲਿਆਉਣਾ, ਸਿੱਖਿਆ, ਸਿਹਤ ਅਤੇ ਰੋਜਗਾਰ ਦੇ ਮੌਕੇ ਹਰ ਦੇਸ਼ਵਾਸੀ ਲਈ ਸੁਖਾਲੇ ਮੁਹੱਈਆ ਕਰਵਾਉਣ ਦੇ ਮੁੱਦਿਆਂ ਲਈ ਦੇਸ਼ ਭਰ ਵਿੱਚ ਹਜ਼ਾਰਾਂ ਕਿਲੋਮੀਟਰ ਦੀ ਪੈਦਲ ਯਾਤਰਾ ਕਰਨ ਕਾਰਣ ਪਹਿਲਾਂ ਹੀ ਕਾਇਲ ਸਨ ।
ਜ਼ੁਬੈਰੀ ਪੰਜਾਬ ਦੇ ਪਹਿਲੇ ਅਜਿਹੇ ਕੌਂਸਲਰ ਸਨ ਜੋ ਅਕਾਲੀ ਦਲ ਤੋਂ ਜਿੱਤਕੇ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਏ ਸਨ ਅਤੇ ਕਈ ਸਾਲ ਤੱਕ ਪਾਰਟੀ ਲਈ ਨਿਰ-ਸਵਾਰਥ ਸੇਵਾ ਕਰਦੇ ਰਹੇ ਪਰੰਤੂ ਪਾਰਟੀ ਦੀ ਸਥਾਨਕ ਅਤੇ ਉੱਚ ਲੀਡਰਸ਼ਿੱਪ ਨੇ ਉਹਨਾਂ ਦੇ ਕੰਮ ਦੀ ਕੋਈ ਕਦਰ ਨਾ ਪਾਈ । ਸੁਖਪਾਲ ਖਹਿਰਾ ਨੇ ਸ੍ਰੀ ਜ਼ੁਬੈਰੀ ਦੀ ਸਾਕਾਰਾਤਮਕ ਸੋਚ ਅਤੇ ਇਮਾਨਦਾਰੀ ਨਾਲ ਕੀਤੇ ਕੰਮ ਅਤੇ ਲਗਨ ਨੂੰ ਦੇਖਦਿਆਂ ਟੀਮ ਰਾਹੁਲ ਨਾਲ ਜੋੜਿਆ ਜਿਸ ਦੇ ਨਤੀਜੇ ਵੀ ਬਹੁਤ ਹੀ ਸਾਰਥਕ ਰਹੇ । ਸ੍ਰੀ ਜ਼ੁਬੈਰੀ ਨੇ ਆਪਣੀ ਟੀਮ ਨਾਲ ਮਿਲਕੇ ਸੁਖਪਾਲ ਖਹਿਰਾ ਦੀ ਚੋਣ ਮੁਹਿੰਮ ਅਜਿਹੇ ਤਰੀਕੇ ਨਾਲ ਸੰਭਾਲੀ ਕਿ ਜਿੱਥੇ ਆਪਣੇ ਵਾਰਡ ਦੇ ਬੂਥ ਨੰਬਰ 70,71,72,73,74,75 ਅਤੇ ਨਾਲ ਲੱਗਦੇ ਬੂਥਾਂ ਸਮੇਤ ਸਮੁੱਚੇ ਮਲੇਰਕੋਟਲਾ ਸ਼ਹਿਰ ‘ਚ ਵੋਟਾਂ ਦਾ ਮੀਂਹ ਵਰਾਂ ਦਿੱਤਾ ਉੱਥੇ ਹੀ ਨੇੜਲੇ ਪਿੰਡਾਂ ਵਿੱਚ ਵੀ ਕਾਂਗਰਸ ਪਾਰਟੀ ਨੂੰ ਲੀਡ ਦਿਲਵਾਈ ਅਤੇ ਸਾਰੇ ਹਲਕੇ ਤੋਂ ਵੱਧ ਪੋਲਿੰਗ ਕਰਵਾਈ । ਸ਼ਹਿਰ ਵਿੱਚ ਦਾਖਲ ਹੁੰਦਿਆਂ ਹੀ ਸਾਬਕਾ ਕੌਂਸਲਰ ਜ਼ੁਬੈਰੀ ਦੇ ਵਾਰਡ ਨੰਬਰ 1 ਵਿੱਚੋਂ ਕੁੱਲ ਪਈਆਂ ਵੋਟਾਂ ਦਾ 69% ਸੁਖਪਾਲ ਖਹਿਰਾ ਨੂੰ ਪਈਆਂ ਅਤੇ ਕਾਂਗਰਸ ਪਾਰਟੀ ਦੇ ਉਮੀਦਵਾਰ ਸੁਖਪਾਲ ਖਹਿਰਾ ਨੂੰ 1358 ਵੋਟਾਂ ‘ਤੇ ਲੀਡ ਦਿਲਵਾਈ ਅਤੇ ਆਪਣੇ ਬੂਥ 71 ਵਿੱਚੋਂ ਕੁੱਲ ਪੋਲ ਹੋਈ ਵੋਟ ਦਾ ਸਭ ਤੋਂ ਵੱਧ 76% ਸੁਖਪਾਲ ਖਹਿਰਾ ਦੇ ਹੱਕ ਵਿੱਚ ਪਵਾਈ ਜਿਸ ਤੋਂ ਕੌਂਸਲਰ ਜ਼ੁਬੈਰੀ ਦੀ ਆਪਣੇ ਸ਼ਹਿਰ ਵਿੱਚ ਸਖਸ਼ੀਅਤ ਅਤੇ ਲੋਕਾਂ ਨਾਲ ਮੇਲ ਮਿਲਾਪ ਦਾ ਪ੍ਰਭਾਵ ਸਾਫ ਦੇਖਿਆ ਜਾ ਸਕਦਾ ਹੈ।
ਜ਼ਿਕਰਯੋਗ ਹੈ ਕਿ ਸ੍ਰੀ ਜ਼ੁਬੈਰੀ ਨੇ ਇੱਕ ਪੋਸਟਰ ਤਿਆਰ ਕਰਵਾਇਆ ਜਿਸ ਵਿੱਚ ਬਹੁਤ ਸਰਲ ਢੰਗ ਨਾਲ ਸੁਖਪਾਲ ਖਹਿਰਾ ਦੀ ਉੱਚ ਸਖਸ਼ੀਅਤ ਅਤੇ ਕਾਂਗਰਸ ਪਾਰਟੀ ਦੀ ਵਧ ਰਹੀ ਲੋਕਪ੍ਰਿਯਤਾ ਸਬੰਧੀ ਤਰਕ ਦਿੱਤੇ ਸਨ ਜਿਸ ਦੀਆਂ ਹਜ਼ਾਰਾਂ ਕਾਪੀਆਂ ਜੁਮਾ ਦੇ ਦਿਨ ਮਸਜਿਦਾਂ ਸਮੇਤ ਮਲੇਰਕੋਟਲਾ ਦੇ ਵੋਟਰਾਂ ਨੂੰ ਘਰ-ਘਰ ਪਹੁੰਚਾਈਆਂ । ਇਲਿਆਸ ਜ਼ੁਬੈਰੀ ਦੇ ਸੱਚੇ ਦਿਲੋਂ ਕੀਤੇ ਚੋਣ ਪ੍ਰਚਾਰ ਲਈ ਸੁਖਪਾਲ ਖਹਿਰਾ ਨੇ ਉਹਨਾਂ ਦੀ ਟੀਮ ਦਾ ਵਿਸ਼ੇਸ਼ ਧੰਨਵਾਦ ਕਰਦਿਆਂ ਕਿਹਾ ਕਿ ਰਾਜਨੀਤੀ ਵਿੱਚ ਜਿੱਤ-ਹਾਰ ਤਾਂ ਬਣੀ ਹੋਈ ਹੈ ਪਰੰਤੂ ਜਿਹੜੇ ਸਾਥੀ ਨਿਰ-ਸਵਾਰਥ ਨਾਲ ਜੁੜੇ ਰਹੇ ਉਹਨਾਂ ਦਾ ਦਿਲ ਵਿੱਚ ਵਿਸ਼ੇਸ਼ ਮੁਕਾਮ ਬਣ ਜਾਂਦੈ ।



