ਸ਼ੰਭੂ ਕਿਸਾਨ ਮੋਰਚੇ ਦੇ 156 ਦਿਨ, ਕਿਸਾਨਾਂ ਦੇ ਹੌਸਲੇ ਬੁਲੰਦ
ਸ਼ੰਭੂ/ਮਲੇਰਕੋਟਲਾ, 20 ਜੁਲਾਈ (ਅਬੂ ਜ਼ੈਦ): ਕਿਸਾਨਾਂ ਨੇ ਆਪਣੀਆਂ ਮੰਗਾਂ ਨੂੰ ਲੈਕੇ 17 ਫਰਵਰੀ ਨੂੰ ਦਿੱਲੀ ਕੂਚ ਦਾ ਐਲਾਨ ਕੀਤਾ ਸੀ ਪਰੰਤੂ ਕੇਂਦਰ, ਹਰਿਆਣਾ ਅਤੇ ਪੰਜਾਬ ਸਰਕਾਰ ਨੇ ਸਾਂਝੇ ਬਲ ਪ੍ਰਯੋਗ ਕਰਕੇ ਕਿਸਾਨਾਂ ਨੂੰ ਸ਼ੰਭੂ, ਖਨੌਰੀ ਅਤੇ ਡੱਬਵਾਲੀ ਪੰਜਾਬ ਹਰਿਆਣਾ ਦੇ ਬਾਰਡਰਾਂ ਉੱਤੇ ਹੀ ਰੋਕ ਲਿਆ ਸੀ । ਅੱਜ ਕਿਸਾਨ ਅੰਦੋਲਨ ਦੇ 156ਵੇਂ ਦਿਨ “ਅਦਾਰਾ ਅਬੂ ਜ਼ੈਦ” ਨੇ ਸ਼ੰਭੂ ਬਾਰਡਰ ਪਹੁੰਚਕੇ ਕਿਸਾਨ ਆਗੂਆਂ ਨਾਲ ਵਿਸ਼ੇਸ਼ ਗੱਲਬਾਤ ਕੀਤੀ ਅਤੇ ਜਾਣਕਾਰੀ ਲੈਣ ਦੀ ਕੋਸ਼ਿਸ਼ ਕੀਤੀ ਕਿ ਮਹੀਨੇ ਬੀਤ ਜਾਣ ‘ਤੇ ਵੀ ਅੰਦੋਲਨ ਦੀ ਸਥਿਤੀ ਕੀ ਹੈ । ਇਸ ਮੌਕੇ ਕਿਸਾਨ ਮਜ਼ਦੂਰ ਸ਼ੰਘਰਸ਼ ਕਮੇਟੀ ਦੇ ਪੱਟੀ ਜੋਨ ਦੇ ਇੰਚਾਰਜ ਜਗਰਾਜ ਸਿੰਘ ਨੇ ਦੱਸਿਆ ਕਿ ਮੋਰਚਾ ਚੜਦੀ ਕਲਾ ਵਿੱਚ ਹੈ ਭਾਵੇਂ ਕਿ ਸਰਕਾਰਾਂ ਸਾਡੇ ਸੰਘਰਸ਼ ਨੂੰ ਅਣਗੌਲਿਆਂ ਕਰ ਰਹੀਆਂ ਹਨ ਪਰੰਤੂ ਕਿਸਾਨਾਂ ਦੇ ਹੌਸਲੇ ਚੱਟਾਨ ਵਾਂਗ ਬੁਲੰਦ ਹਨ । ਉਹਨਾਂ ਦੱਸਿਆ ਕਿ ਕਿਸਾਨ ਮੋਰਚੇ ਸਾਡੇ ਆਗੂਆਂ ਦੀ ਦੂਰਅੰਦੇਸੀ ਸੋਚ ਅਤੇ ਵਿਲੱਖਣ ਰਣਨੀਤੀ ਨਾਲ ਚਲਾਇਆ ਜਾ ਰਿਹਾ ਹੈ ਜਿਸ ਲਈ ਹਰ ਸਵੇਰ ਨੂੰ ਮੀਟਿੰਗ ਕਰਕੇ ਜ਼ਿੰਮੇਵਾਰੀਆਂ ਤੈਅ ਕੀਤੀਆਂ ਜਾਂਦੀਆਂ ਨੇ, ਰੋਜ਼ਾਨਾ ਸਾਰੀ ਰਾਤ ਜਾਗ ਕੇ ਜੁਝਾਰੂ ਨੌਜਵਾਨ ਮੋਰਚੇ ਦੀ ਸੁਰੱਖਿਆ ਲਈ ਪਹਿਰਾ ਦਿੰਦੇ ਨੇ ਤਾਂ ਕਿ ਕੋਈ ਸ਼ਰਾਰਤੀ ਅਨਸਰ ਵਿਘਣ ਨਾ ਪਾਵੇ ।
ਉਹਨਾਂ ਦੱਸਿਆਂ ਕਿ ਸਾਡੇ ਰਾਸ਼ਟਰੀ ਆਗੂ ਵੱਖ-ਵੱਖ ਸੂਬਿਆਂ ਵਿੱਚ ਜਾ ਕੇ ਕਿਸਾਨਾਂ ਨੂੰ ਮੋਰਚੇ ਦੀਆਂ ਮੰਗਾਂ ਪ੍ਰਤੀ ਜਾਗਰੂਕ ਕਰਦੇ ਹਨ ਜਿਸ ਨਾਲ ਸਾਰੇ ਦੇਸ਼ ਵਿੱਚ ਜਾਗ੍ਰਿਤੀ ਆ ਰਹੀ ਹੈ । ਜੇਕਰ ਸਰਕਾਰ ਨੇ ਮੋਰਚੇ ਦੀਆਂ ਹੱਕੀ ਮੰਗਾਂ ਨਾ ਮੰਨੀਆਂ ਤਾਂ ਇਹ ਅੰਦੋਲਨ ਦੇਸ਼ਵਿਆਪੀ ਬਣ ਜਾਵੇਗਾ । ਇਸ ਮੋਰਚੇ ਨਾਲ ਸਿਰਫ ਕਿਸਾਨ ਹੀ ਨਹੀਂ ਬਲਿਕ ਮਜ਼ਦੂਰ, ਵਪਾਰੀ, ਦੁਕਾਨਦਾਰ ਸਮੇਤ ਸਮਾਜ ਦੇ ਹਰੇਕ ਵਰਗ ਦੇ ਲੋਕ ਜੁੜੇ ਹੋਏ ਹਨ । ਸਰਕਾਰਾਂ ਦੀਆਂ ਲੋਕ ਮਾਰੂ ਨੀਤੀਆਂ ਨੂੰ ਰੋਕਣ ਲਈ ਸਮਾਜ ਦਾ ਹਰ ਵਰਗ ਕਿਸਾਨ ਮੋਰਚੇ ਦਾ ਸਮਰਥਨ ਕਰ ਰਿਹੈ । ਉਹਨਾਂ ਦੱਸਿਆ ਕਿ ਮੋਰਚੇ ਫਤਿਹ ਕਰਨ ਲਈ ਵਧੇਰੇ ਆਗੂਆਂ ਨੇ ਆਪਣੀਆਂ ਨਿੱਜੀ ਜਮੀਨਾਂ ਠੇਕੇ ‘ਤੇ ਦੇ ਦਿੱਤੀਆਂ ਹਨ ਅਤੇ ਮੱਝਾ-ਗਾਵਾਂ ਵੇਚ ਦਿੱਤੀਆਂ ਹਨ ਤਾਂ ਕਿ ਮੋਰਚੇ ਨੂੰ ਪੂਰਾ ਸਮਾਂ ਦਿੱਤਾ ਜਾ ਸਕੇ । ਅਜਿਹੇ ਸੰਘਰਸ਼ ਐਂਵੇ ਹੀ ਨਹੀਂ ਜਿੱਤੇ ਜਾਂਦੇ ਆਪਣਾ ਸਭ ਕੁਝ ਦਾਅ ‘ਤੇ ਲਗਾਕੇ ਦੇਸ਼ ਦੇ ਲੋਕਾਂ ਦੀ ਲੜਾਈ ਲੜ ਰਹੇ ਹਾਂ । ਕਿਸਾਨ ਆਗੂਆਂ ਨੇ ਪ੍ਰੈਸ ਦੇ ਮਾਧਿਅਮ ਰਾਹੀਂ ਕੇਂਦਰ ਅਤੇ ਸੂਬਾ ਸਰਕਾਰਾਂ ਤੋਂ ਮੰਗ ਕੀਤੀ ਕਿ ਕਿਸਾਨਾਂ ਦੀਆਂ ਹੱਕੀ ਮੰਗਾਂ ਮੰਨਕੇ ਇਸ ਮੋਰਚੇ ਨੂੰ ਸਮਾਪਤ ਕਰਵਾਇਆ ਜਾਵੇ ਤਾਂ ਜੋ ਦੇਸ਼ ਦਾ ਕਿਸਾਨ ਖੇਤਾਂ ਵਿੱਚ ਕੰਮ ਕਰਕੇ ਦੇਸ਼ਵਾਸੀਆਂ ਦਾ ਢਿੱਡ ਭਰਨ ਲਈ ਖਾਧ ਪਦਾਰਥ ਪੈਦਾ ਕਰ ਸਕੇ ।
ਫੋਟੋ ਕੈਪਸ਼ਨ: ਪੱਤਰਕਾਰ ਨਾਲ ਗੱਲਬਾਤ ਕਰਦੇ ਹੋਏ ਕਿਸਾਨ ਆਗੂ ਜਗਰਾਜ ਸਿੰਘ ਪੱਟੀ ਅਤੇ ਹੋਰ ਨੌਜਵਾਨ ।



