ਪੰਜਾਬ ਦਾ ਮੁਸਲਿਮ ਭਾਈਚਾਰਾ ਸਿੱਖਾਂ ਦੇ ਨਾਲ ‘ਹਿੱਕ ਡਾਹਕੇ’ ਖੜੇਗਾ-ਹਾਜੀ ਮੁਹੰਮਦ ਹਬੀਬ, ਬਾਬੂ
ਮੋਹਾਲੀ/ਮਲੇਰਕੋਟਲਾ, 15 ਅਗਸਤ (ਅਬੂ ਜ਼ੈਦ): 14 ਅਤੇ 15 ਅਗਸਤ ਦੇ ਦੋ ਦਿਨ ਭਾਰਤ-ਪਾਕਿਸਤਾਨ ਵਿੱਚ ਹੀ ਨਹੀਂ ਬਲਕਿ ਪੂਰੇ ਵਿਸ਼ਵ ਦੇ ਇਤਿਹਾਸ ਵਿੱਚ ਵਿਸ਼ੇਸ਼ ਮਹੱਤਵ ਰੱਖਦੇ ਹਨ । ਬਰਤਨਾਵੀ ਸਰਕਾਰ ਨੇ ਭਾਵੇਂ ਦੁਨੀਆ ਨੂੰ ਦਿਖਾਉਣ ਲਈ ਭਾਰਤ ਅਤੇ ਪਾਕਿਸਤਾਨ ਨੂੰ ਅਜ਼ਾਦ ਦੇਸ਼ ਵਜੋਂ ਮਾਨਤਾ ਦੇ ਦਿੱਤੀ ਸੀ ਪਰੰਤੂ ਇਹਨਾਂ ਦਿਨਾਂ ਦਾ ਕਾਲਾ ਸੱਚ ਇਹ ਵੀ ਹੈ ਕਿ ਕੋਝੀਆਂ ਸਾਜ਼ਿਸ਼ਾਂ ਤਹਿਤ 20 ਲੱਖ ਲੋਕਾਂ ਦਾ ਕਤਲੇਆਮ ਵੀ ਹੋਇਆ ਸੀ ਜਿਸ ‘ਤੇ ਵਿਚਾਰ ਕਰਨਾ ਵੀ ਲਾਜ਼ਮੀ ਹੈ । ਅੰਗਰੇਜ਼ਾਂ ਨੇ ਭਾਰਤੀ ਸੱਭਿਅਤਾ, ਆਪਸੀ ਭਾਈਚਾਰਕ ਸਾਂਝ, ਅਜ਼ਾਦੀ ਲਈ ਲਾਮਬੰਦ ਹੋਏ ਵੱਖ-ਵੱਖ ਧਰਮ, ਜਾਤ, ਰੰਗ, ਨਸਲ, ਭਾਸ਼ਾ, ਸੱਭਿਆਚਾਰ ਦੇ ਲੋਕਾਂ ਨੂੰ ਖੇਰੂੰ-ਖੇਰੂੰ ਕਰਨ ਕਰਨ ਦੇ ਮਨਸੂਬੇ ਨਾਲ ਸਮਾਜ ਵਿੱਚ ਜ਼ਹਿਰ ਘੋਲਣ ਲਈ ਭਾਰਤ-ਪਾਕਿਸਤਾਨ ਬਣਾਕੇ ਧਰਮ ਦੇ ਅਧਾਰਤ ਦੰਗੇ ਕਰਵਾਏ । ਪਰੰਤੂ ਲੋਕਾਂ ਦੇ ਦਿਲਾਂ ਵਿੱਚੋਂ ਆਪਸੀ ਭਾਈਚਾਰਕ ਸਾਂਝ ਨੂੰ ਖਤਮ ਨਹੀਂ ਕਰ ਸਕੇ ਕਿਉਂਕਿ ਪੰਜਾਬ ਦੇ ਲੋਕ ਸਮਝਦੇ ਹਨ ਕਿ ਸਾਰੇ ਇਨਸਾਨ ਇੱਕ ਹੀ ਰੁੱਖ ਦੀਆਂ ਸ਼ਾਖਾਵਾਂ ਹਨ ।
“ਅੱਵਲ ਅੱਲ੍ਹਾ ਨੂਰ ਉਪਾਇਆ, ਕੁਦਰਤ ਦੇ ਸਭ ਬੰਦੇ,
ਏਕ ਨੂਰ ਸੇ ਸਭ ਜੱਗ ਉਪਜਾ, ਕੌਣ ਭਲੇ ਕੋ ਮੰਦੇ“
ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਹਾਜੀ ਮੁਹੰਮਦ ਹਬੀਬ, ਹਾਜੀ ਮੁਹੰਮਦ ਬਾਬੂ ਮੁਹੰਮਦ ਜਮੀਲ ਐਡਵੋਕੇਟ ਨੇ ਅਦਾਰਾ “ਅਬੂ ਜ਼ੈਦ ਨਿਊਜ਼” ਨਾਲ ਵਿਸ਼ੇਸ਼ ਗੱਲਬਾਤ ਕਰਦਿਆਂ ਕੀਤਾ । ਕੌਮੀ ਇਨਸਾਫ ਮੋਰਚੇ ਦੇ ਸੱਦੇ ‘ਤੇ ਅੱਜ ਸਜ਼ਾਵਾਂ ਪੂਰੀਆਂ ਕਰ ਚੁੱਕੇ ਬੰਦੀ ਸਿੰਘਾਂ ਦੀ ਰਿਹਾਈ ਲਈ ਚੰਡੀਗੜ੍ਹ-ਮੋਹਾਲੀ ਦੀਆਂ ਬਰੂਹਾਂ ‘ਤੇ 19 ਮਹੀਨੇ ਤੋਂ ਲੱਗੇ ਮੋਰਚੇ ‘ਚ ਮਲੇਰਕੋਟਲਾ ਤੋਂ ਮੁਸਲਿਮ ਭਾਈਚਾਰੇ ਦਾ ਇੱਕ ਵਿਸ਼ਾਲ ਜੱਥੇ ਨੇ ਹਾਜ਼ਰੀ ਲਗਵਾਈ । ਆਗੂਆਂ ਨੇ ਕਿਹਾ ਕਿ ਸਿੱਖਾਂ ਦੀਆਂ ਹੱਕੀ ਮੰਗਾਂ ਬੰਦੀ ਸਿੰਘਾਂ ਦੀ ਰਿਹਾਈ, ਬੇਅਦਬੀਆਂ ਦੇ ਇਨਸਾਫ ਲਈ ਚੱਲ ਰਹੇ ਸੰਘਰਸ਼ ਵਿੱਚ ਪੰਜਾਬ ਦਾ ਮੁਸਲਿਮ ਭਾਈਚਾਰਾ ਸਿੱਖਾਂ ਨਾਲ ‘ਹਿੱਕ ਡਾਹਕੇ’ ਖੜਾ ਹੈ । ਉਹਨਾਂ ਕਿਹਾ ਕਿ ਦੇਸ਼ ਦੀਆਂ ਸਰਕਾਰਾਂ ਘੱਟਗਿਣਤੀਆਂ ਨਾਲ ਸੌਤੇਲੀ ਮਾਂ ਵਾਲਾ ਵਤੀਰਾ ਕਰ ਰਹੀ ਹੈ । ਇੱਕ ਪਾਸੇ ਕਤਲ, ਰੇਪ ਸਮੇਤ ਅਨੇਕਾਂ ਸੰਗੀਨ ਜ਼ੁਰਮਾਂ ਦੀ ਸਜ਼ਾ ਕੱਟ ਰਹੇ ਰਾਮ ਰਹੀਮ ਨੂੰ 11 ਵਾਰ ਪੈਰੋਲ ਦਿੱਤੀ ਜਾ ਚੁੱਕੀ ਹੈ ਅਤੇ ਸਜ਼ਾਵਾਂ ਪੂਰੀਆਂ ਕਰ ਚੁੱਕੇ ਬੰਦੀ ਸਿੰਘਾਂ ਨੂੰ 31-31 ਸਾਲਾਂ ਬਾਦ ਵੀ ਪੈਰੋਲ ਨਹੀਂ ਦਿੱਤੀ ਜਾ ਰਹੀ । ਦੇਸ਼ ਦਾ ਸੰਵਿਧਾਨ ਸਾਰੇ ਨਾਗਰਿਕਾਂ ਨੂੰ ਸਮਾਨ ਅਧਿਕਾਰ ਦਿੰਦਾ ਹੈ ਪਰੰਤੂ ਸਰਕਾਰਾਂ ਘੱਟਗਿਣਤੀਆਂ ਨੂੰ ਦੂਜੇ ਦਰਜੇ ਦਾ ਸ਼ਹਿਰੀ ਸਮਝਕੇ ਵਿਤਰਕਾ ਕਰ ਰਹੀ ਹੈ ।
ਹਾਜੀ ਮੁਹੰਮਦ ਹਬੀਬ ਨੇ ਕੇਂਦਰ ਅਤੇ ਸੂਬਾ ਸਰਕਾਰਾਂ ਨੂੰ ਪ੍ਰੈਸ ਦੇ ਮੀਡੀਅਮ ਰਾਹੀਂ ਅਪੀਲ ਕੀਤੀ ਕਿ ਸਜ਼ਾਵਾਂ ਪੂਰੀਆਂ ਕਰ ਚੁੱਕੇ ਬੰਦੀ ਸਿੰਘਾਂ ਅਤੇ ਸਾਲਾਂ ਤੋਂ ਜੇਲ੍ਹਾਂ ਵਿੱਚ ਬੰਦ ਨਾਜਾਇਜ਼ ਹਿਰਾਸਤ ਵਿੱਚ ਰੱਖੇ ਮੁਸਲਮਾਨ ਅਤੇ ਹੋਰ ਘੱਟਗਿਣਤੀਆਂ ਦੇ ਲੋਕਾਂ ਦੀ ਰਿਹਾਈ ਕੀਤੀ ਜਾਵੇ, ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਬੇਅਦਬੀਆਂ ਦਾ ਇਨਸਾਫ ਦਿੱਤਾ ਜਾਵੇ ਅਤੇ ਦੋਸ਼ੀਆਂ ਨੂੰ ਸਜ਼ਾਵਾਂ ਦਿੱਤੀਆਂ ਜਾਣ ਅਤੇ ਕਿਸੇ ਵੀ ਧਰਮ ਦੇ ਗ੍ਰੰਥ ਦੀ ਬੇਅਦਬੀ ਕਰਨ ਵਾਲਿਆਂ ਖਿਲਾਫ ਉਮਰ ਕੈਦ ਦੀ ਸਜ਼ਾ ਤੈਅ ਕੀਤੀ ਜਾਵੇ । ਉਹਨਾਂ ਇਹ ਵੀ ਮੰਗ ਕੀਤੀ ਕਿ ਅਸਾਮ ਦੀ ਡਿਬਰੂਗੜ੍ਹ ਜੇਲ੍ਹ ‘ਚ ਬੰਦ ਖਡੂਰ ਸਾਹਿਬ ਤੋਂ ਲੋਕ ਸਭਾ ਮੈਂਬਰ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਅਤੇ ਦਿੱਲੀ ਦੀ ਤਿਹਾੜ ਜੇਲ੍ਹ ‘ਚ ਬੰਦ ਬਾਰਾਮੂਲਾ ਤੋਂ ਸਾਂਸਦ ਅਬਦੁਲ ਰਸ਼ੀਦ ਸ਼ੇਖ ਇੰਜਨੀਅਰ ਦੀ ਵੀ ਰਿਹਾਈ ਕੀਤੀ ਜਾਣੀ ਚਾਹੀਦੀ ਹੈ ਤਾਂ ਜੋ ਉਹ ਆਪਣੇ ਹਲਕੇ ‘ਚ ਲੋਕਾਂ ਦੀਆਂ ਸਮੱਸਿਆਵਾਂ ਦੇ ਹੱਲ ਕਰ ਸਕਣ ।
ਫੋਟੋ ਕੈਪਸ਼ਨ: ਮਲੇਰਕੋਟਲਾ ਤੋਂ ਮੁਸਲਿਮ ਭਾਈਚਾਰੇ ਦਾ ਵਫਦ ਦੇ ਆਗੂ ਕੌਮੀ ਇਨਸਾਫ ਮੋਰਚਾ ਮੋਹਾਲੀ ਵਿਖੇ ਜੱਥੇਦਾਰ ਜਗਤਾਰ ਸਿੰਘ ਹਵਾਰਾ ਦੇ ਬਾਪੂ ਗੁਰਚਰਨ ਸਿੰਘ ਨਾਲ ਅਤੇ ਸੰਗਤ ਨਾਲ ਪਿਆਰ ਸਾਂਝਾ ਕਰਦੇ ਹੋਏ ।



