ਕਿਸਾਨਾਂ ਦੀ ਜੀਂਦ ਮਹਾਪੰਚਾਇਤ ‘ਚ ਉਮੜਿਆ ਜਨਸੈਲਾਬ, ਲੱਖ ਤੋਂ ਵੱਧ ਲੋਕ ਪੁੱਜੇ

author
0 minutes, 2 seconds Read

ਹਰਿਆਣਾ ਸਰਕਾਰ ਨੇ ਮਹਾਪੰਚਾਇਤ ਰੋਕਣ ਲਈ ਲਾਇਆ ਅੱਡੀਚੋਟੀ ਦਾ ਜ਼ੋਰ

ਜੀਂਦ/ਮਲੇਰਕੋਟਲਾ, 15 ਸਤੰਬਰ (ਬਿਉਰੋ): ਉਚਾਨਾ ਅਨਾਜ ਮੰਡੀ ਵਿਖੇ ਕਿਸਾਨਾਂ ਦੇ ਕੌਮੀ ਇਜਲਾਸ ਮਹਾਪੰਚਾਇਤ ਦੇ ਰੂਪ ਵਿੱਚ ਹੋਇਆ ਜਿਸ ਵਿੱਚ ਹਰਿਆਣਾ, ਪੰਜਾਬ, ਰਾਜਸਥਾਨ, ਯੂਪੀ, ਮੱਧ ਪ੍ਰਦੇਸ਼, ਹਿਮਾਚਲ ਪ੍ਰਦੇਸ਼ ਸਮੇਤ ਭਾਰਤ ਭਰ ਦੀਆਂ ਕਿਸਾਨ ਜਥੇਬੰਦੀਆਂ ਦੇ ਆਗੂਆਂ ਅਤੇ ਜਾਗਦੀ ਜ਼ਮੀਰ ਵਾਲੇ ਲੋਕਾਂ ਨੇ ਲੱਖਾਂ ਦੀ ਗਿਣਤੀ ‘ਚ ਸ਼ਿਰਕਤ ਕੀਤੀ । ਭਾਰਤੀ ਕਿਸਾਨ ਯੂਨੀਅਨ ਦੇ ਮਾਰੂਫ ਆਗੂ ਜਗਜੀਤ ਸਿੰਘ ਡੱਲੇਵਾਲ, ਸਰਵਨ ਸਿੰਘ ਪੰਧੇਰ, ਸਤਨਾਮ ਸਿੰਘ ਬਹਿਰੂ, ਅਭਿਮੰਨਿਯੂ ਕੋਹਾੜ, ਮਨਜੀਤ ਸਿੰਘ ਰਾਏ, ਮਨਜੀਤ ਸਿੰਘ ਘੁਮਾਨ ਸਮੇਤ ਵੱਖ-ਵੱਖ ਸੂਬਿਆਂ ਦੇ ਪ੍ਰਤੀਨਿਧੀਆਂ ਨੇ ਹਿੱਸਾ ਲਿਆ । ਹਰਿਆਣਾ ਸਰਕਾਰ ਨੇ ਇਸ ਮਹਾਂਪੰਚਾਇਤ ਨੂੰ ਰੋਕਣ ਲਈ ਅੱਡੀ-ਚੋਟੀ ਦਾ ਜ਼ੋਰ ਲਗਾਇਆ ਪਰੰਤੂ ਅਸਫਲ ਰਹੀ । ਹਰਿਆਣਾ ਨੂੰ ਆਉਣ ਵਾਲੇ ਸਾਰੇ ਰਸਤੇ ਬੈਰੀਕੇਡ ਲਗਾਕੇ ਬੰਦ ਕਰ ਦਿੱਤੇ ਗਏ ਖਾਸਕਾਰ ਪੰਜਾਬ ਤੋਂ ਆਉਣ ਵਾਲੇ ਰਸਤੇ ਤਾਂ ਬਿਲਕੁਲ ਹੀ ਬੰਦ ਰੱਖੇ । ਕਿਸਾਨ ਆਗੂਆਂ ਅਤੇ ਉਹਨਾਂ ਦੇ ਕਰੀਬੀਆਂ ਨੂੰ ਨੋਟਿਸ ਭੇਜਕੇ ਅਤੇ ਪੁਲਸ ਰਾਹੀਂ ਧਮਕਾਇਆ ਗਿਆ, ਅਨਾਜ ਮੰਡੀ ‘ਚ ਲਗਾਏ ਗਏ ਟੈਂਟ ਮਾਲਕ ਨੂੰ ਧਮਕਾ ਕੇ ਟੈਂਟ ਹਟਾ ਦਿੱਤੇ ਗਏ ਸਾਉਂਡ ਸਿਸਟਮ ਵਾਲੇ ਨੂੰ ਵੀ ਧਮਕੀ ਦੇ ਕੇ ਭਜਾ ਦਿੱਤਾ ਗਿਆ, ਸਟੇਜ ਪੱਟ ਦਿਤੀ ਗਈ ਪਰੰਤੂ ਸਰਕਾਰ ਦੇ ਐਨੇ ਧੱਕੇ ਦੇ ਬਾਵਜੂਦ ਵੀ ਅਨਾਜ ਮੰਡੀ ਵਿੱਚ ਜਨਸੈਲਾਬ ਆ ਗਿਆ । ਸਾਉਂਡ ਸਿਸਟਮ ਪੰਜਾਬ ਤੋਂ ਲਿਆਂਦਾ ਗਿਆ, ਟਰਾਲੀ ਵਿੱਚ ਸਟੇਜ ਬਣਾਈ ਗਈ ਅਤੇ ਇਸ ਮਹਾਰੈਲੀ ਨੂੰ ਸਫਲ ਬਣਾਇਆ ਗਿਆ ।

ਜ਼ਿਕਰਯੋਗ ਹੈ ਕਿ ਇੱਕ ਪਾਸੇ ਹਰਿਆਣਾ ‘ਚ ਚੋਣਾਂ ਨੂੰ ਲੈ ਕੇ ਸਿਆਸੀ ਮਾਹੌਲ ਗਰਮਾਇਆ ਹੋਇਆ ਹੈ ਉੱਥੇ ਹੀ ਦੂਜੇ ਪਾਸੇ ਕਿਸਾਨਾਂ ਵੱਲੋਂ ਕੀਤੀ ਗਈ ਮਹਾਪੰਚਾਇਤ ਨੇ ਸਿਆਸੀ ਪੰਡਤਾਂ ਦੀਆਂ ਭਵਿੱਖਬਾਣੀਆਂ ਫੇਲ ਕਰ ਦਿੱਤੀਆਂ । ਇਸ ਸਬੰਧੀ ਜੀਂਦ ਪੁਲਿਸ ਦਾ ਕਹਿਣਾ ਹੈ ਕਿ ਕਿਸਾਨਾਂ ਨੇ ਇਸ ਮਹਾਪੰਚਾਇਤ ਨੂੰ ਲੈ ਕੇ ਕੋਈ ਮਨਜ਼ੂਰੀ ਨਹੀਂ ਲਈ ਹੈ ਇਸ ਲਈ ਉਚਾਨਾ ਦੇ ਸਾਰੇ ਇਲਾਕੇ ਨੂੰ ਪੁਲਸ ਛਾਉਣੀ ਬਣਾ ਦਿੱਤਾ ਗਿਆ । ਇਸ ਮੌਕੇ ਸੰਬੋਧਨ ਕਰਦੇ ਹੋਏ ਕਿਸਾਨ ਆਗੂਆਂ ਨੇ ਕਿਹਾ ਕਿ ਭਾਜਪਾ ਸਰਕਾਰ ਨੂੰ ਪਿਛਲੇ 10 ਸਾਲਾਂ ਦੇ ਭਾਜਪਾ ਸ਼ਾਸਨ ਦੌਰਾਨ ਕਿਸਾਨਾਂ-ਮਜ਼ਦੂਰਾਂ ‘ਤੇ ਜੋ ਜ਼ੁਲਮ ਅਤੇ ਅੱਤਿਆਚਾਰ ਹੋਏ ਹਨ ਉਸ ਦਾ ਜਵਾਬ ਦੇਸ਼ ਦੀ ਜਨਤਾ ਨੇ ਪਿਛਲੀਆਂ ਲੋਕ ਸਭਾ ਚੋਣਾਂ ‘ਚ ਦੇ ਦਿੱਤਾ ਹੈ ਜਿਸ ਰਾਹੀਂ ਭਾਜਪਾ ਨੂੰ ਬਹੁਮਤ ਦੇ ਅੰਕੜੇ ਤੋਂ ਦੂਰ ਕਰ ਦਿੱਤਾ ਅਤੇ ਖੇਤਰੀ ਪਾਰਟੀਆਂ ਦੇ ਸਹਾਰੇ ਚੱਲਣ ਵਾਲੀ ਲੰਗੜੀ ਸਰਕਾਰ ਬਣਾਉਣੀ ਪਈ । ਉਹਨਾਂ ਕਿਹਾ ਕਿ ਹੁਣ ਹਰਿਆਣਾ ਦੇ ਲੋਕਾਂ ਕੋਲ ਸੁਨਿਹਰੀ ਮੌਕਾ ਹੈ ਕਿ ਆਪਣੇ ਉੱਤੇ ਹੋਏ ਹਰ ਜ਼ੁਲਮ ਦਾ ਹਿਸਾਬ ਵੋਟ ਦੀ ਤਾਕਤ ਨਾਲ ਲਿਆ ਜਾਵੇ ਅਤੇ ਦੇਸ਼ ਦੇ ਕਿਸਾਨ ਪੱਖੀ ਸਰਕਾਰ ਬਣਾਈ ਜਾਵੇ ਜੋ ਕਿਸਾਨਾਂ ਨੂੰ ਆ ਰਹੀਆਂ ਸਮੱਸਿਆਵਾਂ ਦੇ ਹੱਲ ਲਈ ਕੰਮ ਕਰੇ । ਇਸ ਮੌਕੇ ਕਿਸਾਨ ਆਗੂਆਂ ਨੇ ਦੇਸ਼ ਦੀ ਜਨਤਾ ਨੂੰ 22 ਸਤੰਬਰ ਨੂੰ ਪਿਪਲੀ ਰੈਲੀ ਵਿੱਚ ਪਹੁੰਚਣ ਦੀ ਅਪੀਲ ਕੀਤੀ ।

Similar Posts

Leave a Reply

Your email address will not be published. Required fields are marked *