ਐਸਕੇਐਮ ਦਾ ਵਫਦ ਕਰਨਾਟਕ ਪੁੱਜਾ, ਕਿਸਾਨਾਂ ਨਾਲ ਮੀਟਿੰਗਾਂ ਕੀਤੀਆਂ
ਖਨੌਰੀ/ਮਲੇਰਕੋਟਲਾ, 15 ਮਾਰਚ (ਬਿਉਰੋ): ਸੰਯੁਕਤ ਕਿਸਾਨ ਮੋਰਚਾ (ਗੈਰ-ਰਾਜਨੀਤਿਕ) ਵੱਲੋਂ ਸ਼ੰਭੂ, ਖਨੌਰੀ ਅਤੇ ਰਤਨਪੁਰਾ ਬਾਰਡਰਾਂ ਉੱਤੇ ਕਿਸਾਨਾਂ ਵੱਲੋਂ ਪੱਕਾ ਧਰਨਾ ਲੱਗੇ ਨੂੰ ਇੱਕ ਸਾਲ ਤੋਂ ਵੱਧ ਸਮਾਂ ਬੀਤ ਚੁੱਕਾ ਹੈ । ਇਸ ਲੰਬੇ ਅਰਸੇ ਦੌਰਾਨ ਮੋਰਚੇ ਨੇ ਅਨੇਕਾਂ ਕਠਿਨਾਈਆਂ, ਗਰਮੀ-ਸਰਦੀ, ਮੀਂਹ, ਹਨੇਰੀ, ਝੱਖੜ ਬਰਦਾਸ਼ਤ ਕੀਤੇ । ਪਰੰਤੂ ਸਰਕਾਰਾਂ ਪੱਥਰ ਦਿਲ ਹੋ ਕੇ ਸ਼ਾਂਤਮਈ ਢੰਗ ਨਾਲ ਪ੍ਰਦਰਸ਼ਨ ਕਰ ਰਹੇ ਬੇਬਸ਼ ਅਤੇ ਮਜ਼ਬੂਰ ਕਿਸਾਨਾਂ ਦਾ ਤਮਾਸ਼ਾ ਦੇਖਦੀਆਂ ਰਹੀਆਂ । ਇਸ ਦੇ ਰੋਸ ਵਜੋਂ ਸਰਕਾਰਾਂ ਨੂੰ ਨੀਂਦ ਤੋਂ ਜਗਾਉਣ ਲਈ ਸ. ਜਗਜੀਤ ਸਿੰਘ ਡੱਲੇਵਾਲ ਨੇ 26 ਨਵੰਬਰ 2024 ਤੋਂ ਮਰਨ ਵਰਤ ਸ਼ੁਰੂ ਕਰ ਦਿੱਤਾ ਜਿਸਦਾ ਅੱਜ 108ਵਾਂ ਦਿਨ ਚੱਲ ਰਿਹਾ ਹੈ, ਉਹਨਾਂ ਦੀ ਸਿਹਤ ਬਹੁਤ ਹੀ ਨਾਜ਼ੁਕ ਹੋ ਚੁੱਕੀ ਹੈ । ਭਾਵੇਂ ਕਿ ਕੇਂਦਰ ਸਰਕਾਰ ਨੇ ਦੋ ਮੀਟਿੰਗਾਂ ਸੰਯੁਕਤ ਕਿਸਾਨ ਮੋਰਚਾ (ਗੈਰ-ਰਾਜਨੀਤਿਕ) ਨਾਲ ਚੰਡੀਗੜ੍ਹ ਵਿਖੇ ਕਰ ਲਈਆਂ ਹਨ ਪਰੰਤੂ ਅੱਜ ਵੀ ਕਿਸਾਨ ਦਾ ਹੱਥ ਖਾਲੀ ਹੀ ਹੈ । ਅਗਲੇ ਹਫਤੇ ਤੀਜੀ ਮੀਟਿੰਗ ਦੀ ਵੀ ਕਾਲ ਆਈ ਹੋਈ ਹੈ । ਸਰਕਾਰਾਂ ਦੇ ਅਜਿਹੇ ਰਵੱਈਏ ਨੂੰ ਦੇਖਦੇ ਹੋਏ ਮੋਰਚੇ ਵੱਲੋਂ ਦੇਸ਼ ਦੇ ਵੱਖ-ਵੱਖ ਸੂਬਿਆਂ ਵਿੱਚ ਮੀਟਿੰਗਾਂ ਕਰਕੇ ਕਿਸਾਨਾਂ ਨੂੰ ਜਾਗਰੂਕ ਕਰਨ ਦਾ ਫੈਸਲਾ ਲਿਆ ਗਿਆ ਤਾਂ ਕਿ ਇਸ ਅੰਦੋਲਨ ਨੂੰ ਦੇਸ਼ ਵਿਆਪੀ ਬਣਾਇਆ ਜਾ ਸਕੇ ।
ਇਸੇ ਲੜੀ ਤਹਿਤ ਮੋਰਚੇ ਵੱਲੋ ਇੱਕ ਵਫਦ ਸੀਨੀਅਰ ਕਿਸਾਨ ਆਗੂ ਕਾਕਾ ਸਿੰਘ ਕੋਟੜਾ, ਅਭਿਮੰਨਯੂ ਕੋਹਾੜ, ਸੁਖਜੀਤ ਸਿੰਘ ਹਰਦੋਝੰਡੇ ਦੀ ਅਗਵਾਈ ਵਿੱਚ ਕਰਨਾਟਕ ਵਿਖੇ ਪਹੁੰਚਿਆ ਜਿੱਥੇ ਵਫਦ ਨੇ ਕਰਨਾਟਕ ਰਾਇਤਾ ਸੰਘ (ਕਿਸਾਨ ਯੂਨੀਅਨ) ਦੀ ਪ੍ਰਦੇਸ ਕਾਰਜਕਾਰਣੀ ਨਾਲ ਅੱਜ ਬੰਗਲੌਰ ਵਿਖੇ ਮੀਟਿੰਗ ਕੀਤੀ । ਇਸ ਸਬੰਧੀ ਅਦਾਰਾ ਅਬੂ ਜ਼ੈਦ ਨਾਲ ਗੱਲਬਾਤ ਕਰਦਿਆਂ ਕਿਸਾਨ ਆਗੂ ਅਭਿਮੰਨਯੂ ਕੋਹਾੜ ਨੇ ਦੱਸਿਆ ਕਿ ਖਨੌਰੀ ਬਾਰਡਰ ‘ਤੇ ਮਰਨ ਵਰਤ ਉੱਤੇ ਬੈਠੇ ਕਿਸਾਨੀ ਦੇ ਬਾਬਾ ਬੋਹੜ ਸ. ਜਗਜੀਤ ਸਿੰਘ ਡੱਲੇਵਾਲ ਦੀ ਚਰਚਾ ਪੂਰੇ ਵਿਸ਼ਵ ਵਿੱਚ ਹੋ ਰਹੀ ਹੈ । ਕਰਨਾਟਕ ਦੇ ਲੋਕ ਸ. ਡੱਲੇਵਾਲ ਦੀ ਤਸਵੀਰਾਂ ਵਾਲੇ ਫਲੈਕਸ ਲਗਾਕੇ ਜਨਤਾ ਨੂੰ ਜਾਗਰੁਕ ਕਰ ਰਹੇ ਹਨ ਕਿ ਕਿਵੇਂ ਇੱਕ ਬਜ਼ੁਰਗ ਨੇਤਾ ਦੇਸ਼ ਦੇ ਕਿਸਾਨਾਂ ਲਈ ਆਪਣੀ ਜਾਨ ਦੀ ਬਾਜ਼ੀ ਲਗਾਕੇ ਦੇਸ਼ ਭਰ ਦੇ ਐਮਐਸਪੀ ਦੀ ਲੜਾਈ ਲੜ ਰਿਹਾ ਹੈ । ਇਸ ਮੀਟਿੰਗ ਵਿੱਚ ਕਿਸਾਨ ਅੰਦੋਲਨ ਨੂੰ ਹੋਰ ਤੇਜ਼ ਕਰਨ ਲਈ ਰਣਨੀਤੀ ਬਣਾਈ ਗਈ । ਮੀਟਿੰਗ ਵਿੱਚ ਕਰਨਾਟਕ ਦੇ 20 ਜ਼ਿਲ੍ਹਿਆਂ ਦੇ ਸੀਨੀਅਰ ਕਿਸਾਨ ਆਗੂਆਂ ਨੇ ਹਿੱਸਾ ਲਿਆ । ਕਿਸਾਨ ਆਗੂਆਂ ਨੇ ਕੁਰੂਬੁਰੂ ਸ਼ਾਂਤਾ ਕੁਮਾਰ ਨਾਲ ਮੁਲਾਕਾਤ ਕਰਕੇ ਉਹਨਾਂ ਦੀ ਖਬਰਗੀਰੀ ਵੀ ਕੀਤੀ ਅਤੇ ਉਹਨਾਂ ਦੀ ਚੰਗੀ ਸਿਹਤ ਲਈ ਅਰਦਾਸ ਕੀਤੀ ।



