ਭਾਰਤ ਵਿੱਚ ਸਿੱਖਾਂ ਅਤੇ ਮੁਸਲਮਾਨਾਂ ਨੂੰ ਦੂਜੇ ਦਰਜੇ ਦੇ ਨਾਗਰਿਕ ਸਮਝਿਆਂ ਜਾਂਦੈ-ਮੁਹੰਮਦ ਜਮੀਲ, ਅਮਨਦੀਪ ਸਿੰਘ
ਮਲੇਰਕੋਟਲਾ, 29 ਮਈ (ਅਬੂ ਜ਼ੈਦ): ਚੰਡੀਗੜ੍ਹ-ਮੋਹਾਲੀ ਦੀਆਂ ਬਰੂਹਾਂ ‘ਤੇ 7 ਜਨਵਰੀ 2023 ਤੋਂ ਸਜ਼ਾਵਾਂ ਪੂਰੀਆਂ ਕਰ ਚੁੱਕੇ ਬੰਦੀ ਸਿੰਘਾਂ ਦੀ ਰਿਹਾਈ ਅਤੇ ਬੇਅਦਬੀਆਂ ਦੇ ਇਨਸਾਫ ਲਈ ਲੱਗੇ ਕੌਮੀ ਇਨਸਾਫ ਮੋਰਚੇ ਦੇ ਸੱਦੇ ‘ਤੇ ਅੱਜ ਸਮੁੱਚੇ ਪੰਜਾਬ ਦੇ ਐਸਡੀਐਮ ਰਾਹੀਂ ਰਾਸ਼ਟਰਪਤੀ ਅਤੇ ਰਾਜਪਾਲ ਦੇ ਨਾਂਅ ਚੇਤਾਵਨੀ ਪੱਤਰ ਦਿੱਤੇ ਗਏ । ਇਸੇ ਲੜੀ ਤਹਿਤ ਮਲੇਰਕੋਟਲਾ ਵਿਖੇ ਮੁਹੰਮਦ ਜਮੀਲ ਐਡਵੋਕੇਟ ਦੀ ਅਗਵਾਈ ਵਿੱਚ ਗੁਰਦੁਆਰਾ ਹਾਅ ਦਾ ਨਾਅਰਾ ਸਾਹਿਬ ਤੋਂ ਐਸਡੀਐਮ ਦਫਤਰ ਮਲੇਰਕੋਟਲਾ ਤੋਂ ਕਾਲਜ ਰੋਡ, ਡਿਪਟੀ ਕਮਿਸ਼ਰਨ ਦਫਤਰ, ਟਰੱਕ ਯੂਨੀਅਨ ਰੋਡ ਹੁੰਦਾ ਹੋਇਆ ਇੱਕ ਵਿਸ਼ਾਲ ਜੱਥਾ ਕਾਰਾਂ, ਮੋਟਰਸਾਇਕਲਾਂ ਉੱਤੇ ਰੋਸ ਮਾਰਚ ਕਰਦਾ ਚੇਤਵਨੀ ਪੱਤਰ ਦੇਣ ਲਈ ਪੁੱਜਾ । ਇਸ ਸਬੰਧੀ ਪ੍ਰੈਸ ਨਾਲ ਗੱਲਬਾਤ ਕਰਦਿਆਂ ਮੁਹੰਮਦ ਜਮੀਲ ਅਤੇ ਸਿੱਖ ਆਗੂ ਅਮਨਦੀਪ ਸਿੰਘ ਜਲੰਧਰੀ ਨੇ ਕਿਹਾ ਕਿ ਭਾਰਤ ਵਿੱਚ ਸਿੱਖਾਂ ਅਤੇ ਮੁਸਲਮਾਨਾਂ ਨੂੰ ਦੂਜੇ ਦਰਜੇ ਦਾ ਨਾਗਰਿਕ ਮੰਨਿਆ ਜਾਂਦਾ ਹੈ ਇਸੇ ਲਈ ਇਹਨਾਂ ਕੌਮਾਂ ਨੂੰ ਨਿੱਤ ਸੰਘਰਸ਼ ਕਰਨੇ ਪੈਂਦੇ ਨੇ । ਉਹਨਾਂ ਕਿਹਾ ਕਿ ਪੰਜਾਬ ਦੀਆਂ ਸਾਰੀਆਂ ਸਬ ਡਵੀਜ਼ਨਾਂ ਵਿਖੇ ਦਿੱਤੇ ਗਏ ਇਸ ਚੇਤਵਾਨੀ ਪੱਤਰ ਵਿੱਚ ਰੋਜ਼ਾਨਾ ਝੂਠੇ ਪੁਲਸ ਮੁਕਾਬਲੇ, ਪੁਲਸ ਹਿਰਾਸਤ ਵਿੱਚ ਮੌਤਾਂ, ਭ੍ਰਿਸ਼ਟਾਚਾਰ, ਨਸ਼ੇ ਹਰ ਖੇਤਰ ਦੇ ਮਾਫੀਆ ਗਿਰੋਹ, ਨਜਾਇਜ਼ ਪੁਲਸ ਗ੍ਰਿਫਤਾਰੀਆਂ, ਸਾਲਾਂ ਬੱਧੀ ਬਿਨ੍ਹਾਂ ਮੁਕੱਦਮੇ ਚਲਾਏ ਅਨੇਕਾਂ ਵਿਅਕਤੀ ਜੇਲ੍ਹਾਂ ਵਿੱਚ ਬੰਦ ਕਰਨਾ, ਪੰਜਾਬ ਤੋਂ ਬਾਹਰ ਹਜ਼ਾਰਾਂ ਮੀਲ ਦੂਰ ਬੰਦੀਆਂ ਨੂੰ ਜੇਲ੍ਹਾਂ ਵਿੱਚ ਰੱਖਣਾ, ਜਿਹਨਾਂ ਵਿੱਚ ਵਿਸ਼ੇਸ਼ ਤੌਰ ‘ਤੇ ਜੱਥੇਦਾਰ ਜਗਤਾਰ ਸਿੰਘ ਹਵਾਰਾ, ਭਾਈ ਅੰਮ੍ਰਿਤਪਾਲ ਸਿੰਘ ਮੈਂਬਰ ਪਾਰਲੀਮੈਂਟ ਦੇ ਸਮੇਤ ਦਰਜਨਾਂ ਨੌਜਵਾਨਾਂ ਨੂੰ ਪੰਜਾਬ ਤੋਂ ਦੂਰ ਜੇਲ੍ਹਾਂ ਵਿੱਚ ਬੰਦ ਰੱਖਣ ਸਬੰਧੀ ਰੋਸ ਜਤਾਇਆ ਗਿਆ ਹੈ । ਉਹਨਾਂ ਕਿਹਾ ਕਿ ਸਜ਼ਾਵਾਂ ਪੂਰੀਆਂ ਕਰ ਚੁੱਕੇ ਬੰਦੀ ਸਿੰਘ ਜੱਥੇਦਾਰ ਜਗਤਾਰ ਸਿੰਘ ਹਵਾਰਾ, ਬਲਵੰਤ ਸਿੰਘ ਰਾਜੋਆਣਾ, ਜਗਤਾਰ ਸਿੰਘ ਤਾਰਾ, ਪਰਮਜੀਤ ਸਿੰਘ ਭਿਉਰਾ, ਸ਼ਮਸ਼ੇਰ ਸਿੰਘ, ਗੁਰਮੀਤ ਸਿੰਘ, ਲਖਵਿੰਦਰ ਸਿੰਘ, ਦਵਿੰਦਰ ਪਾਲ ਸਿੰਘ ਭੁੱਲਰ, ਗੁਰਦੀਪ ਸਿੰਘ ਖੇੜਾ ਸਮੇਤ ਸਾਰਿਆਂ ਨੂੰ ਤੁਰੰਤ ਰਿਹਾ ਕੀਤਾ ਜਾਵੇ । ਸ੍ਰੀ ਗੁਰੁ ਗ੍ਰੰਥ ਸਾਹਿਬ ਅਤੇ ਸਾਰੇ ਧਰਮਾਂ ਦੀ ਬੇਅਦਬੀ ਕਰਨ ਵਾਲੇ ਦੋਸ਼ੀਆਂ ਲਈ ਸਖਤ ਕਾਨੂੰਨ ਪਾਸ ਕੀਤੇ ਜਾਣ । ਬਹਿਬਲ ਕਲਾਂ ਅਤੇ ਕੋਟਕਪੂਰਾ ਗੋਲੀ ਕਾਂਡ ਵਿੱਚ ਸਰਕਾਰ ਵੱਲੋਂ ਬਣਾਈਆਂ ਸਿੱਟਾਂ ਦੇ ਚਲਾਨ ਤੁਰੰਤ ਪੇਸ਼ ਕੀਤੇ ਜਾਣ ਅਤੇ ਤੇਜ਼ ਕਾਰਵਾਈ ਕੀਤੀ ਜਾਵੇ । ਖਨੌਰੀ ਅਤੇ ਸ਼ੰਭੂ ਕਿਸਾਨ ਮੋਰਚਿਆਂ ਦੇ ਕਿਸਾਨਾਂ ਉੱਤੇ ਕੀਤੇ ਜ਼ੁਲਮ ਦੀ ਜਾਂਚ ਕਰਵਾਈ ਜਾਵੇ ਅਤੇ ਨੁਕਸਾਨ ਦੀ ਭਰਪਾਈ ਕੀਤੀ ਜਾਵੇ । ਲੰਬੇ ਅਰਸੇ ਤੋਂ ਜੇਲ੍ਹਾਂ ‘ਚ ਬੰਦ ਮੁਸਲਿਮ ਸਮਾਜ ਦੇ ਸੈਂਕੜੇ ਨੌਜਵਾਨਾਂ ਦੀ ਰਿਹਾਈ ਕਰਨਾ । ਵਿਸ਼ੇਸ਼ ਤੌਰ ‘ਤੇ ਜੇਐਨਯੂ ਵਿਦਿਆਰਥੀ ਆਗੂ ਉਮਰ ਖਾਲਿਦ, ਸ਼ਰਜ਼ੀਲ ਇਮਾਮ ਜੋ 4 ਸਾਲਾਂ ਤੋਂ ਵੱਧ ਸਮੇਂ ਤੋਂ ਜੇਲ੍ਹ ਬੰਦ ਹਨ ਨਾ ਕੋਈ ਟਰਾਇਲ ਹੋਇਆ ਅਤੇ ਨਾ ਹੀ ਜਮਾਨਤ ਮਿਲੀ । ਇਸੇ ਤਰ੍ਹਾਂ ਵਿਸ਼ਵ ਪ੍ਰਸਿੱਧ ਇਸਲਾਮਿਕ ਸਕਾਲਰ ਹਜ਼ਰਤ ਮੌਲਾਨਾ ਕਲੀਮ ਸਿੱਦੀਕੀ, ਉਮਰ ਗੌਤਮ ਸਮੇਤ ਸੈਂਕੜੇ ਮੁਸਲਿਮ ਦੇਸ਼ ਦੇ ਵੱਖ-ਵੱਖ ਸੂਬਿਆਂ ਦੀਆਂ ਜੇਲ੍ਹਾਂ ‘ਚ ਨਾਜਾਇਜ਼ ਹਿਰਾਸਤ ਵਿੱਚ ਬੰਦ ਹਨ ਦੀ ਰਿਹਾਈ ਕੀਤੀ ਜਾਵੇ । ਉਹਨਾਂ ਕਿਹਾ ਕਿ ਜੇਕਰ ਸਰਕਾਰਾਂ ਹੁਣ ਵੀ ਉਕਤ ਮਾਮਲਿਆਂ ਸਬੰਧੀ ਸੰਜੀਦਾ ਨਾ ਹੋਈਆਂ ਤਾਂ ਸਿੱਖ, ਕਿਸਾਨ, ਮਜ਼ਦੂਰ, ਵਪਾਰੀ ਜੱਥੇਬੰਦੀਆਂ ਅਤੇ ਸਮੁੱਚੇ ਪੰਜਾਬੀਆਂ ਨੂੰ ਜਾਗਰੂਕ ਕਰਕੇ ਇੱਕ ਸਰਬ-ਧਰਮ ਅਤੇ ਸਾਰੇ ਵਰਗਾਂ ਦਾ ਸਾਂਝਾ ਵੱਡਾ ਜਨ-ਅੰਦੋਲਨ ਸ਼ੁਰੂ ਕਰਾਂਗੇ । ਇਸ ਦੇ ਨਿਕਲਣ ਵਾਲੇ ਕਿਸੇ ਵੀ ਨਤੀਜਿਆਂ ਲਈ ਸਰਕਾਰ ਜ਼ਿੰਮੇਵਾਰ ਹੋਵੇਗੀ ।