ਈਦ ਦੀ ਨਮਾਜ਼ ਤੋਂ ਬਾਅਦ ਜੇਲ੍ਹਾਂ ਬੰਦ ਨਿਰੋਦਸ਼ ਮੁਸਲਮਾਨਾਂ ਦੀ ਰਿਹਾਈ ਲਈ ਵਿਸ਼ੇਸ਼ ਦੁਆਵਾਂ ਕਰਨ ਦੀ ਅਪੀਲ-ਪ੍ਰਧਾਨ
ਮਲੇਰਕੋਟਲਾ, 04 ਜੂਨ (ਅਬੂ ਜ਼ੈਦ): ਦੇਸ਼-ਦੁਨੀਆ ਵਿੱਚ ਮੁਸਲਮਾਨਾਂ ਦਾ ਪਵਿੱਤਰ ਤਿਉਹਾਰ ‘ਈਦ-ਉਲ-ਅਜ਼ਹਾ’ ਦਾ ਤਿਉਹਾਰ 07 ਜੂਨ ਨੂੰ ਮਨਾਇਆ ਜਾ ਰਿਹਾ ਹੈ । ਇਸ ਸਬੰਧੀ ਈਦਗਾਹ ਕਮੇਟੀ ਕਿਲਾ ਰਹਿਮਤਗੜ੍ਹ (ਮਲੇਰਕੋਟਲਾ) ਦੀ ਇੱਕ ਅਹਿਮ ਇਕੱਤਰਤਾ ਮੁਹੰਮਦ ਅਨਵਾਰ ਘੋਲੂ ਦੀ ਪ੍ਰਧਾਨਗੀ ਵਿੱਚ ਹੋਈ ਜਿਸ ਵਿੱਚ ਕਮੇਟੀ ਦੀ ਪਿਛਲੇ ਸਾਲ ਦੀ ਕਾਰਗੁਜਾਰੀ ਸਬੰਧੀ ਵਿਚਾਰ ਵਟਾਂਦਰਾ ਕੀਤਾ ਗਿਆ ਅਤੇ ਈਦ ਦੀ ਆਮਦ ਲਈ ਤਿਆਰੀਆਂ ਦਾ ਜਾਇਜ਼ਾ ਲਿਆ ਗਿਆ । ਇਸ ਸਬੰਧੀ ਸਾਡੇ ਪੱਤਰਕਾਰ ਨਾਲ ਗੱਲਬਾਤ ਕਰਦਿਆਂ ਕਮੇਟੀ ਦੇ ਪ੍ਰਧਾਨ ਮੁਹੰਮਦ ਅਨਵਾਰ ਨੇ ਦੱਸਿਆ ਕਿ ਕਮੇਟੀ ਵੱਲੋਂ ਸਰਬਸੰਮਤੀ ਨਾਲ ਫੈਸਲਾ ਲਿਆ ਗਿਆ ਕਿ ਈਦਗਾਹ ਵਿਖੇ ਈਦ ਦੀ ਨਮਾਜ 07 ਜੂਨ ਦਿਨ ਸ਼ਨੀਵਾਰ ਨੂੰ ਮਰਹੂਮ ਕਾਰੀ ਮੁਨੱਵਰ ਆਲਮ ਦੇ ਸਾਹਿਬਜ਼ਾਦੇ ਹਜ਼ਰਤ ਮੌਲਾਨਾ ਮੁਫਤੀ ਮੁਹੰਮਦ ਅਸਅਦ ਵੱਲੋਂ ਸਵੇਰੇ 7:00 ਵਜੇ ਅਦਾ ਕਰਵਾਈ ਜਾਵੇਗੀ । ਈਦ ਦੇ ਇਸ ਮੁਬਾਰਕ ਮੌਕੇ ‘ਤੇ ਵਿਧਾਇਕ ਮਲੇਰਕੋਟਲਾ ਡਾ. ਮੁਹੰਮਦ ਜਮੀਲ ਉਰ ਰਹਿਮਾਨ ਵਿਸ਼ੇਸ਼ ਤੌਰ ‘ਤੇ ਤਸ਼ਰੀਫ ਲਿਆਉਣਗੇ ਅਤੇ ਇਲਾਕਾ ਨਿਵਾਸੀਆਂ ਨਾਲ ਈਦ ਦੀਆਂ ਖੁਸ਼ੀਆਂ ਸਾਂਝੀਆਂ ਕਰਨਗੇ । ਉਹਨਾਂ ਦੇਸ਼ ਭਰ ਦੇ ਮੁਸਲਮਾਨਾਂ ਨੂੰ ਪੁਰਜ਼ੋਰ ਅਪੀਲ ਕੀਤੀ ਕਿ ਈਦ ਦੀ ਨਮਾਜ਼ ਤੋਂ ਬਾਅਦ ਜੇਲ੍ਹਾਂ ‘ਚ ਬੰਦ ਨਿਰਦੋਸ਼ ਮੁਸਲਮਾਨਾਂ ਦੀ ਰਿਹਾਈ ਲਈ ਵਿਸ਼ੇਸ਼ ਦੁਆਵਾਂ ਕਰਨ ਦੀ ਅਪੀਲ ਕੀਤੀ । ਇਸ ਤੋਂ ਇਲਾਵਾ ਵੱਡੀ ਈਦਗਾਹ ਮਲੇਰਕੋਟਲਾ ਵਿਖੇ ਈਦ ਦੀ ਨਮਾਜ 6:30 ਵਜੇ, ਛੋਟੀ ਈਦਗਾਹ ਮਲੇਰਕੋਟਲਾ ਵਿਖੇ 6:00 ਵਜੇ, ਮਦਨੀ ਮਸਜਿਦ ਮਰਕਜ਼ ਮਲੇਰਕੋਟਲਾ ਵਿਖੇ 6:30 ਵਜੇ ਅਦਾ ਕੀਤੀ ਜਾਵੇਗੀ । ਇਸ ਮੌਕੇ ਮੁਹੰਮਦ ਅਨਵਾਰ ਘੋਲੂ, ਕੌਂਸਲਰ ਮੁਹੰਮਦ ਹਬੀਬ, ਹਾਜੀ ਮੁਹੰਮਦ ਨਜ਼ੀਰ ਢੋਟ, ਹਾਜੀ ਮੁਹੰਮਦ ਹਬੀਬ ਭੋਲਾ, ਹਾਜੀ ਮੁਹੰਮਦ ਬਾਬੂ ਢੋਟ, ਚੌਧਰੀ ਲਿਆਕਤ ਅਲੀ ਲਿਆਕੀ, ਅਬਦੁਲ ਅਜ਼ੀਜ਼, ਮੁਹੰਮਦ ਯਾਕੂਬ, ਮੁਹੰਮਦ ਸ਼ਫੀਕ ਹੀਰੋ ਨਾਈ ਵੀ ਹਾਜ਼ਰ ਸਨ ।



