4 ਅਗਸਤ ਨੂੰ ਜ਼ਿਲ੍ਹਾ ਹੈਡਕੁਆਰਟਰਾਂ ‘ਤੇ ਰੋਸ ਮੁਜ਼ਾਹਰੇ ਕਰਕੇ ਭਗਵੰਤ ਮਾਨ ਅਤੇ ਨਰਿੰਦਰ ਮੋਦੀ ਦੇ ਪੁਤਲੇ ਸਾੜਨ ਦਾ ਐਲਾਨ
ਮਲੇਰਕੋਟਲਾ/ਚੰਡੀਗੜ੍ਹ, 23 ਜੁਲਾਈ (ਬਿਉਰੋ): ਕੌਮੀ ਇਨਸਾਫ ਮੋਰਚਾ ਵੱਲੋਂ ਇੱਕ ਵਿਸ਼ੇਸ਼ ਮੀਟਿੰਗ ਕਿਸਾਨ, ਮਜ਼ਦੂਰ ਜਥੇਬੰਦੀਆਂ, ਸਿੱਖ ਸੰਸਥਾਵਾਂ ਦੇ ਆਗੂਆਂ, ਸੰਤਾਂ ਮਹਾਂਪੁਰਸ਼ਾਂ ਅਤੇ ਨਿਹੰਗ ਸਿੰਘ ਦਲਾਂ ਨਾਲ ਸਾਂਝੇ ਰੂਪ ਵਿੱਚ ਕਿਸਾਨ ਭਵਨ ਚੰਡੀਗੜ੍ਹ ਵਿਖੇ ਕੀਤੀ ਗਈ । ਮੀਟਿੰਗ ਦਾ ਆਯੋਜਨ ਜੱਥੇਦਾਰ ਜਗਤਾਰ ਸਿੰਘ ਹਵਾਰਾ ਦੇ ਬਾਪੂ ਗੁਰਚਰਨ ਸਿੰਘ, ਗੁਰਦੀਪ ਸਿੰਘ ਬਠਿੰਡਾ ਅਤੇ ਬਲਵਿੰਦਰ ਸਿੰਘ ਫਿਰੋਜ਼ਪੁਰ, ਬਲਵੀਰ ਸਿੰਘ ਬੈਰੋਪੁਰ ਤੇ ਬਲਵਿੰਦਰ ਸਿੰਘ ਉਰਫ ਕਾਲਾ, ਝਾੜ ਸਾਹਿਬ ਵਲੋਂ ਕੀਤਾ ਗਿਆ । ਸੰਚਾਲਨ ਦੀ ਭੂਮਿਕਾ ਤਾਲਮੇਲ ਕਮੇਟੀ ਦੇ ਮੈਂਬਰਾਂ,ਸਰਦਾਰ ਕਰਨੈਲ ਸਿੰਘ ਪੰਜੋਲੀ ਅਤੇ ਡਾਕਟਰ ਦਰਸ਼ਨ ਪਾਲ ਵਲੋਂ ਨਿਭਾਈ ਗਈ ।
ਪ੍ਰੈਸ ਜਾਣਕਾਰੀ ਦਿੰਦਿਆਂ ਕੌਮੀ ਇਨਸਾਫ ਮੋਰਚੇ ਦੇ ਸਰਪ੍ਰਸਤ ਬਾਪੂ ਗੁਰਚਰਨ ਸਿੰਘ ਨੇ ਦੱਸਿਆ ਕਿ ਮੀਟਿੰਗ ਵਿੱਚ ਪੰਜਾਬ ਭਰ ਤੋਂ ਸਿੱਖ ਅਤੇ ਪੰਥਕ ਸ਼ਖਸ਼ੀਅਤਾਂ, ਜਥੇਬੰਦੀਆਂ ਅਤੇ ਸਿੱਖ ਸੰਪਰਦਾਵਾਂ ਦੇ ਨੁਮਾਇੰਦਿਆਂ ਤੋਂ ਇਲਾਵਾ ਪੰਜਾਬ ਦੇ ਕਿਸਾਨ ਮੋਰਚਿਆਂ ਵਿੱਚ ਸਰਗਰਮ ਕਿਸਾਨ ਜਥੇਬੰਦੀਆਂ ਅਤੇ ਦਲਿਤ ਅਤੇ ਮਜ਼ਦੂਰ ਜਥੇਬੰਦੀਆਂ ਦੇ ਆਗੂਆਂ ਨੇ ਭਾਗ ਲਿਆ । ਇਸ ਮੌਕੇ ਵਿਸ਼ਾਲ ਚਰਚਾ ਤੋਂ ਬਾਦ ਸਰਬਸੰਮਤੀ ਨਾਲ ਇਹ ਐਲਾਨ ਕੀਤਾ ਗਿਆ ਕਿ
- 04 ਅਗਸਤ ਨੂੰ ਸਾਰੇ ਪੰਜਾਬ ਵਿੱਚ ਜਿਲਾ ਹੈਡ ਕੁਆਰਟਰਾਂ ਤੇ ਕੌਮੀ ਇਨਸਾਫ ਮੋਰਚਾ ਅਤੇ ਇਸ ਵਿੱਚ ਸ਼ਾਮਿਲ ਜਥੇਬੰਦੀਆਂ ਵੱਲੋਂ ਵਿਸ਼ਾਲ ਰੋਸ ਮੁਜ਼ਾਹਰੇ ਕਰਕੇ ਡਿਪਟੀ ਕਮਿਸ਼ਨਰ ਦਫਤਰਾਂ ਦੇ ਅੱਗੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਪੁਤਲੇ ਫੂਕੇ ਜਾਣਗੇ। ਇਹ ਵੀ ਤੈਅ ਕੀਤਾ ਗਿਆ ਕਿ ਇਹਨਾਂ ਰੋਸ ਮੁਜ਼ਾਰਿਆਂ ਵਿੱਚ ਮੋਰਚੇ ਚ ਸ਼ਾਮਿਲ ਜਥੇਬੰਦੀਆਂ ਆਪੋ ਆਪਣੇ ਬੈਨਰ ਅਤੇ ਝੰਡੇ ਲੈ ਕੇ ਆਉਣ ਜਦੋਂ ਕਿ ਕੌਮੀ ਇਨਸਾਫ ਮੋਰਚੇ ਦੇ ਝੰਡੇ ਹਰ ਜਿਲੇ ਵਿੱਚ ਭੇਜੇ ਜਾਣ ਦੀ ਜਿੰਮੇਵਾਰੀ ਕੌਮੀ ਇਨਸਾਫ ਮੋਰਚੇ ਦੀ ਟੀਮ ਵੱਲੋਂ ਲਈ ਗਈ ।
- 15 ਅਗਸਤ ਨੂੰ ਮੋਹਾਲੀ ਚੰਡੀਗੜ੍ਹ ਬਾਰਡਰ ਦੇ ਉੱਤੇ ਚੱਲ ਰਹੇ ਕੌਮੀ ਇਨਸਾਫ ਮੋਰਚੇ ਦੇ ਸਥਾਨ ਤੇ ਪੰਥਕ ਧਿਰਾਂ, ਕਿਸਾਨਾਂ, ਮਜ਼ਦੂਰਾਂ ਅਤੇ ਇਨਸਾਫ਼ ਪਸੰਦ ਪੰਜਾਬੀਆਂ ਦਾ ਵਿਸ਼ਾਲ ਇਕੱਠ ਕੀਤਾ ਜਾਵੇਗਾ ਜਿਸ ਵਿੱਚ ਅੱਜ ਦੀ ਮੀਟਿੰਗ ਵਿੱਚ ਸ਼ਾਮਿਲ ਕਿਸਾਨ ਅਤੇ ਮਜ਼ਦੂਰ ਜਥੇਬੰਦੀਆਂ ਦੇ ਆਗੂਆਂ ਵੱਲੋਂ ਵੱਡੀ ਗਿਣਤੀ ਵਿੱਚ ਸ਼ਾਮਿਲ ਹੋਣ ਦਾ ਭਰੋਸਾ ਦਿੱਤਾ ਗਿਆ ।
- ਉਪਰੋਕਤ ਦੋਹਾਂ ਪ੍ਰੋਗਰਾਮਾਂ ਦੀ ਕਾਮਯਾਬੀ ਲਈ ਸਰਬ ਸੰਮਤੀ ਨਾਲ ਫੈਸਲਾ ਕੀਤਾ ਗਿਆ ਕਿ 28 ਅਤੇ 29 ਜੁਲਾਈ ਨੂੰ ਸਮੁੱਚੀਆਂ ਜਨਤਕ, ਜਮਹੂਰੀ ਅਤੇ ਕਿਸਾਨ ਅਤੇ ਮਜ਼ਦੂਰ ਜਥੇਬੰਦੀਆਂ ਅਤੇ ਸਿੱਖ ਅਤੇ ਪੰਥਕ ਜਥੇਬੰਦੀਆਂ, ਸ਼ਖਸ਼ੀਅਤਾਂ ਅਤੇ ਸੰਪਰਦਾਵਾਂ ਦੀਆਂ ਮੀਟਿੰਗਾਂ ਜ਼ਿਲ੍ਹਾ ਪੱਧਰਾਂ ਤੇ ਕੀਤੀਆਂ ਜਾਣਗੀਆਂ।
ਅੱਜ ਦੀ ਮੀਟਿੰਗ ਵਿੱਚ ਕਿਸਾਨ ਆਗੂ ਗੁਰਿੰਦਰ ਸਿੰਘ ਭੰਗੂ, ਪ੍ਰਧਾਨ ਸ਼ੇਰੇ ਪੰਜਾਬ ਕਿਸਾਨ ਯੂਨੀਅਨ, ਸੀਨੀਅਰ ਕਿਸਾਨ ਆਗੂ ਸੁਖਜੀਤ ਸਿੰਘ ਹਰਦੋਝੰਡੇ, ਸੁਰਜੀਤ ਸਿੰਘ ਫੂਲ ਚੇਅਰਮੈਨ ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ, ਸੁਖਜਿੰਦਰ ਸਿੰਘ ਖੋਸਾ ਪੰਜਾਬ ਪ੍ਰਧਾਨ ਬੀ ਕੇ ਯੂ ਖੋਸਾ, ਹਰਿੰਦਰ ਸਿੰਘ ਨਡਿਆਲੀ ਪ੍ਰਧਾਨ ਪੰਜਾਬ ਇੰਡੀਅਨ ਫਾਰਮਰ ਐਸੋਸੀਏਸ਼ਨ, ਜੰਗ ਸਿੰਘ ਭਟੇੜੀ, ਪ੍ਰਧਾਨ ਭਾਰਤੀ ਕਿਸਾਨ ਯੂਨੀਅਨ ਭਟੇੜੀ ਕਲਾਂ, ਜਸਬੀਰ ਸਿੰਘ ਸਿੱਧੂਪੁਰ ਸੀਨੀਅਰ ਮੀਤ ਪ੍ਰਧਾਨ ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ, ਬਲਦੇਵ ਸਿੰਘ ਸਿਰਸਾ, ਹਰਮੇਲ ਸਿੰਘ ਢੇਸੀ, ਕਿਰਤੀ ਕਿਸਾਨ ਯੂਨੀਅਨ ਢੁਡੀਕੇ, ਪਰਦੀਪ ਸਿੰਘ, ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ (ਧਨੇਰ) ਅਤੇ ਬਲਜੀਤ ਸਿੰਘ ਭਾਊ ਭਾਰਤੀ ਕਿਸਾਨ ਯੂਨੀਅਨ ਲੱਖੋਵਾਲ, ਰਵਿੰਦਰ ਸਿੰਘ ਬਜੀਦਪੁਰ ਆਗੂ ਲੋਕ ਹਿਤ ਮਿਸ਼ਨ, ਲਖਵੀਰ ਸਿੰਘ ਰੁਪਾਲਹੇੜੀ ਮਨਰੇਗਾ ਮਜ਼ਦੂਰਾਂ ਦੇ ਆਗੂ , ਪਰਮਜੀਤ ਸਿੰਘ ਜੌਹਲ ਆਗੂ ਵਾਰਿਸ ਪੰਜਾਬ ਪਾਰਟੀ, ਇਹਨਾਂ ਕਿਸਾਨ ਅਤੇ ਮਜ਼ਦੂਰ ਆਗੂਆਂ ਤੋਂ ਇਲਾਵਾ ਸਰਦਾਰ ਸੰਤਾ ਸਿੰਘ ਉਮੈਦਪੁਰੀ ਜੀ, ਹਰਿਆਣਾ ਤੋਂ ਐਸਜੀਪੀਸੀ ਦੇ ਮੈਂਬਰ ਕਾਇਮਪੁਰ ਜੀ, ਦਲਿਤ ਆਗੂ ਲਖਬੀਰ ਸਿੰਘ ਰੂਪਾਹੇੜੀ ਜੀ, ਬਾਬਾ ਗੁਰਦੇਵ ਸਿੰਘ ਹਜੂਰ ਸਾਹਿਬ, ਬਲਜੀਤ ਸਿੰਘ ਖਾਲਸਾ ਚੰਡੀਗੜ੍ਹ, ਪਰਮਜੀਤ ਸਿੰਘ ਜੌਹਲ ਅਕਾਲੀ ਦਲ ਵਾਰਿਸ ਪੰਜਾਬ, ਰਸ਼ਪਾਲ ਸਿੰਘ ਪ੍ਰਧਾਨ ਯੂਨਾਇਟਡ ਅਕਾਲੀ ਦਲ ਚੰਡੀਗੜ੍ਹ ਤੋਂ ਇਲਾਵਾ ਉੱਘੇ ਲੇਖਕ ਅਤੇ ਕਲਾਕਾਰ ਅਮਿਤੋਜ ਮਾਨ, ਜਸਬੀਰ ਸਿੰਘ ਖਡੂਰ, ਆਗੂ ਦਲ ਖਾਲਸਾ, ਪ੍ਰੋਫੈਸਰ ਬਲਜਿੰਦਰ ਸਿੰਘ ਅਤੇ ਪ੍ਰੋਫੈਸਰ ਬਾਵਾ ਸਿੰਘ ਜੀ ਸਾਬਕਾ ਵਾਈਸ ਚੇਅਰਮੈਨ ਘੱਟ ਗਿਣਤੀਆਂ ਕਮਿਸ਼ਨ ਭਾਰਤ, ਪੰਜ ਪਿਆਰਿਆਂ ਵਿੱਚੋਂ ਸਤਨਾਮ ਸਿੰਘ ਜੀ ਖੰਡਾ, ਨਿਹੰਗ ਸਿੰਘ ਆਗੂ ਬਾਬਾ ਰਾਜਾ ਰਾਜ ਸਿੰਘ ਤੋਂ ਇਲਾਵਾ ਵੱਡੀ ਗਿਣਤੀ ਵਿਚ ਸੰਘਰਸ਼ਸ਼ੀਲ ਲੋਕਾਂ ਵੱਲੋਂ ਹਿੱਸਾ ਲਿਆ ਗਿਆ।
ਮੀਟਿੰਗ ਦੇ ਅੰਤ ਵਿੱਚ ਮੋਰਚੇ ਦੇ ਸਰਪ੍ਰਸਤ ਬਾਪੂ ਗੁਰਚਰਨ ਸਿੰਘ ਨੇ ਮੀਟਿੰਗ ਵਿੱਚ ਸ਼ਾਮਿਲ ਹੋਏ ਸਾਰੇ ਹੀ ਜਥੇਬੰਦੀਆਂ ਦੇ ਆਗੂਆਂ ਦਾ ਧੰਨਵਾਦ ਕਰਦਿਆਂ ਉਨਾਂ ਨੇ ਮੋਰਚੇ ਦਾ ਪ੍ਰਬੰਧ ਕਰ ਰਹੀ ਕਮੇਟੀ ਵਿੱਚ ਸ਼ਾਮਿਲ ਮੈਂਬਰਾਂ ਬਲਵੀਰ ਸਿੰਘ ਬੈਰੋਪੁਰ, ਬਲਵਿੰਦਰ ਸਿੰਘ ਝਾੜ ਸਾਹਿਬ, ਜੀਤ ਸਿੰਘ ਔਲਖ, ਬਲਜੀਤ ਸਿੰਘ ਭਾਊ ਅਤੇ ਪਾਲ ਸਿੰਘ ਘੜੂੰਆ ਦਾ ਵੀ ਵਿਸ਼ੇਸ਼ ਧੰਨਵਾਦ ਕੀਤਾ। ਉਨਾਂ ਇਹ ਵੀ ਐਲਾਨ ਕੀਤਾ ਕਿ 27 ਜੁਲਾਈ ਨੂੰ ਆਨੰਦਪੁਰ ਸਾਹਿਬ ਵਿਖੇ ਇੱਕ ਵਿਸ਼ੇਸ਼ ਇੱਕਤਰਤਾ ਅਨੰਦਪੁਰ ਸਾਹਿਬ ਤੇ ਅੰਮ੍ਰਿਤਸਰ ਨੂੰ ਪਵਿੱਤਰ ਸ਼ਹਿਰ ਬਣਾਉਣ ਵਾਸਤੇ ਰੱਖੀ ਗਈ ਹੈ। ਇਸ ਮੌਕੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਰਾਖੀ ਲਈ ਸਖ਼ਤ ਕਾਨੂੰਨ ਦੀ ਮੰਗ ਨੂੰ ਲੈਕੇ ਸਮਾਣਾ ਵਿੱਚ ਟਾਵਰ ਉੱਤੇ ਚੜ੍ਹ ਕੇ ਲੰਮੇ ਸਮੇਂ ਤੋਂ ਸੰਘਰਸ਼ ਕਰ ਰਹੇ ਭਾਈ ਗੁਰਜੀਤ ਸਿੰਘ ਖਾਲਸਾ ਦੀ ਹਿਮਾਇਤ ਵਿੱਚ ਮਤਾ ਵੀ ਪਾਸ ਕੀਤਾ ਗਿਆ।



