ਪੱਤਰਕਾਰਾਂ ਅਤੇ ਆਰਟੀਆਈ ਕਾਰਕੁੰਨਾਂ ਖਿਲਾਫ ਕੀਤੇ ਝੂਠੇ ਪਰਚੇ ਦੀ ਸਮੁੱਚੇ ਪੰਜਾਬ ਵੱਲੋਂ ਨਿੰਦਾ
ਮਲੇਰਕੋਟਲਾ, 03 ਜਨਵਰੀ (ਬਿਉਰੋ): ਦੇਸ ਦਾ ਸੂਬਾ ਪੰਜਾਬ ਹਮੇਸ਼ਾ ਚਰਚਾ ਵਿੱਚ ਰਹਿੰਦਾ ਹੈ । ਜਦੋਂ ਆਮ ਆਦਮੀ ਪਾਰਟੀ ਦੇਸ਼ ਭਰ ਵਿੱਚੋਂ ਐਮਪੀ ਦੀਆਂ ਸੀਟਾਂ ਹਾਰ ਗਈ ਤਾਂ ਸਿਰਫ ਪੰਜਾਬ ਵਿੱਚੋਂ ਹੀ ਇੱਕ ਸੰਗਰੂਰ ਤੋਂ ਭਗਵੰਤ ਮਾਨ ਦੀ ਜਿੱਤ ਹੋਈ ਸੀ । ਦੇਸ਼ ਦੇ ਸਾਰੇ ਸੂਬਿਆਂ ਵਿੱਚੋਂ ਸਭ ਤੋਂ ਪਹਿਲਾਂ ਪੰਜਾਬ ਨੇ ਹੀ ਆਮ ਆਦਮੀ ਪਾਰਟੀ ਦੀ ਮਜ਼ਬੂਤ ਸਰਕਾਰ ਬਣਾਈ । ਭਗਵੰਤ ਮਾਨ ਨੇ ਲੋਕਾਂ ਨੂੰ ਜਾਗਰੂਕ ਕੀਤਾ ਕਿ ਸਰਕਾਰਾਂ ਅਤੇ ਲੀਡਰਾਂ ਤੋਂ ਸਵਾਲ ਪੁਛਿਆ ਕਰੋ । ਹੁਣ ਜਦੋਂ ਲੋਕ ਸਵਾਲ ਪੁੱਛਣ ਲੱਗ ਗਏ ਤਾਂ ਮਾਨ ਸਾਬ ਨਾਰਾਜ਼ ਹੋ ਗਏ ।
ਹਾਲ ਹੀ ਵਿੱਚ ਪੰਜਾਬ ਪੁਲਸ ਵੱਲੋਂ 10 ਪੱਤਰਕਾਰਾਂ ਅਤੇ ਆਰਟੀਆਈ ਕਾਰਕੁੰਨਾਂ ਖਿਲਾਫ ਕੀਤੇ ਗਏ ਝੂਠੇ ਪਰਚੇ ਕਾਰਣ ਪੰਜਾਬ ਦਾ ਮਾਹੌਲ ਗਰਮਾ ਗਿਆ ਹੈ । ਭਲਕੇ ਚੰਡੀਗੜ੍ਹ ‘ਚ ਪੰਜਾਬ ਦੇ ਇਨਸਾਫ ਪਸੰਦ ਲੋਕਾਂ ਦਾ ਵੱਡਾ ਇਕੱਠ ਕੀਤਾ ਜਾ ਰਿਹਾ ਹੈ ਜਿਸ ਵਿੱਚ ਪੰਜਾਬ ਸਰਕਾਰ ਵੱਲੋਂ ਕੀਤੀ ਜਾ ਰਹੀ ਧੱਕੇਸ਼ਾਹੀ ਖਿਲਾਫ ਆਵਾਜ਼ ਉਠਾਈ ਜਾਵੇਗੀ । ਪੱਤਰਕਾਰਾਂ ਅਤੇ ਸਮਾਜਸੇਵੀਆਂ ਉੱਤੇ ਝੂਠੇ ਪਰਚੇ ਕਰਨਾ ਸਰਕਾਰ ਦੇ ਮਾਨਸਿਕ ਦਿਵਾਲੀਏਪਣ ਅਤੇ ਸੱਤਾ ਦੇ ਪਤਨ ਦੀ ਨਿਸ਼ਾਨੀ ਹੁੰਦੀ ਹੈ । ਸਰਕਾਰਾਂ ਜਦੋਂ ਆਪਣੀ ਆਲੋਚਣਾ ਸੁਨਣਾ ਪਸੰਦ ਨਾ ਕਰਨ ਤਾਂ ਇਹ ਤਾਨਾਸ਼ਾਹੀ ਦੀਆਂ ਨਿਸ਼ਾਨੀਆਂ ਜ਼ਾਹਰ ਹੋਣ ਲੱਗਦੀਆਂ ਹਨ । ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਮੁਹੰਮਦ ਜਮੀਲ ਐਡਵੋਕੇਟ ਨੇ ਸਾਡੇ ਪੱਤਰਕਾਰ ਨਾਲ ਗੱਲਬਾਤ ਕਰਦਿਆਂ ਕੀਤਾ । ਉਹਨਾਂ ਕਿਹਾ ਕਿ ਪਰਚੇ ਵਿੱਚ ਜੋ ਧਾਰਾਵਾਂ ਲਗਾਈਆਂ ਗਈਆਂ ਹਨ ਉਹ ਵੀ ਮੌਕਾ ਮਹਿਜ਼ ਮੁਤਾਬਿਕ ਢੁੱਕਵੀਆਂ ਨਹੀਂ । ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅੱਜ ਸੂਬੇ ਦੀ ਜਨਤਾ ਦੇ ਸਵਾਲਾਂ ਦੇ ਜਵਾਬ ਨਹੀਂ ਦੇਣਾ ਚਾਹੁੰਦੇ, ਆਪਣੀ ਕਿਸੇ ਵੀ ਪਾਲਿਸੀ ਜਾਂ ਕੰਮ ਦੀ ਆਲੋਚਨਾ ਸੁਨਣਾ ਪਸੰਦ ਨਹੀਂ ਕਰਦੇ ਜੋ ਸੂਬੇ ਅੰਦਰ ਤਾਨਾਸ਼ਾਹੀ ਦੇ ਸੰਕੇਤ ਦੇ ਰਹੇ ਹਨ । ਉਹਨਾਂ ਕਿਹਾ ਕਿ ਜੇਕਰ ਮੁੱਖ ਮੰਤਰੀ ਦੇ ਹੈਲੀਕਾਪਟਰ ਦੇ ਇਸਤੇਮਾਲ ਸਬੰਧੀ ਕੋਈ ਸਵਾਲ ਪੁੱਛ ਲਿਆ ਤਾਂ ਉਸਦਾ ਸਪਸ਼ਟੀਕਰਨ ਦੇਣਾ ਬਣਦਾ ਸੀ ਨਾ ਕਿ ਅਜਿਹੇ ਪਰਚੇ ਦਰਜ ਕਰਨੇ ।
ਐਡਵੋਕੇਟ ਮੁਹੰਮਦ ਜਮੀਲ ਨੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਡੀਜੀਪੀ ਪੰਜਾਬ ਨੂੰ ਅਪੀਲ ਕੀਤੀ ਕਿ ਉਹਨਾਂ ਕੋਲ ਜੋ ਕੁਝ ਕੁ ਮਹੀਨੇ ਦਾ ਸਮਾਂ ਬਚਿਆ ਹੈ ਸੂਬੇ ਦੇ ਸਕੂਲਾਂ ‘ਚ ਸਿਿਖਆ ਦੇ ਮਿਆਰ ਨੂੰ ਉੱਚਾ ਚੁੱਕਣ, ਹਸਪਤਾਲਾਂ ਦੀ ਹਾਲਤ ਸੁਧਾਰਨ, ਬਨਣ ਵਾਲੇ ਮੈਡੀਕਲ ਕਾਲਜਾਂ, ਖੇਡ ਸਟੇਡਿਅਮ, ਮਾਲਵਾ ਨਹਿਰ ਜਿਹੇ ਵਿਕਾਸ ਕਾਰਜਾਂ ਲਈ ਕੰਮ ਕਰਨ ਅਤੇ ਅਜਿਹੀਆਂ ਬਦਲਾਅ ਖੋਰੀ ਦੀਆਂ ਕਾਰਵਾਈਆਂ ਬੰਦ ਕਰਕੇ ਪਰਚਾ ਰੱਦ ਕੀਤਾ ਜਾਵੇ ।



