ਜੱਥੇਦਾਰ ਜਗਤਾਰ ਸਿੰਘ ਹਵਾਰਾ ਨੂੰ ਪੈਰੋਲ ਨਾ ਦੇਕੇ ਉਹਨਾਂ ਦੇ ਮਨੁੱਖੀ ਅਧਿਕਾਰਾਂ ਦਾ ਘਾਣ ਕੀਤਾ ਜਾ ਰਿਹੈ-ਮੁਹੰਮਦ ਜਮੀਲ ਐਡਵੋਕੇਟ

author
0 minutes, 0 seconds Read

ਮੁਸਲਿਮ ਭਾਈਚਾਰੇ ਵੱਲੋਂ ਜੱਥੇਦਾਰ ਹਵਾਰਾ ਦੀ ਮਾਤਾ ਦੀ ਖਬਰਗੀਰੀ

ਮਲੇਰਕੋਟਲਾ, 06 ਫਰਵਰੀ (ਬਿਉਰੋ): ਮਲੇਰਕੋਟਲਾ ਤੋਂ ਮੁਸਲਿਮ ਭਾਈਚਾਰੇ ਦਾ ਇੱਕ ਵਫਦ ਭਾਈਚਾਰਕ ਸਾਂਝ ਦੇ ਸੁਨੇਹਾ ਦਿੰਦਿਆ ਮੁਹੰਮਦ ਜਮੀਲ ਐਡਵੋਕੇਟ ਅਤੇ ਡਾ. ਮੇਹਰਦੀਨ ਦੀ ਅਗਵਾਈ ‘ਚ ਜੱਥੇਦਾਰ ਜਗਤਾਰ ਸਿੰਘ ਹਵਾਰਾ ਦੀ ਮਾਤਾ ਜੀ ਦੀ ਖਬਰਗੀਰੀ ਲਈ ਉਹਨਾਂ ਦੇ ਜੱਦੀ ਪਿੰਡ ਹਵਾਰਾ ਕਲਾਂ ਪੁੱਜਾ । ਇਸ ਸਬੰਧੀ ਸਾਡੇ ਪੱਤਰਕਾਰ ਨਾਲ ਗੱਲਬਾਤ ਕਰਦਿਆਂ ਉਹਨਾਂ ਦੱਸਿਆ ਕਿ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਕਤਲ ਮਾਮਲੇ ਵਿੱਚ ਜੱਥੇਦਾਰ ਜਗਤਾਰ ਸਿੰਘ ਹਵਾਰਾ ਪਿਛਲੇ 30 ਸਾਲਾਂ ਤੋਂ ਜੇਲ ‘ਚ ਬੰਦ ਹਨ । ਅਦਾਲਤਾਂ ਵਿੱਚ ਉਹਨਾਂ ਨੂੰ ਸਾਰੇ ਕੇਸਾਂ ਵਿੱਚੋਂ ਬਰੀ ਕਰ ਦਿਤਾ ਗਿਆ ਹੈ । ਐਨੇ ਲੰਬੇ ਅਰਸੇ ਵਿੱਚ ਜੱਥੇਦਾਰ ਹਵਾਰਾ ਨੂੰ ਇੱਕ ਵਾਰ ਵੀ ਪੈਰੋਲ ਨਹੀਂ ਦਿਤੀ ਗਈ ਜੋ ਉਹਨਾਂ ਦੇ ਮਨੁੱਖੀ ਅਧਿਕਾਰਾਂ ਦਾ ਘਾਣ ਹੈ । ਜ਼ਿਕਰਯੋਗ ਹੈ ਕਿ ਜੱਥੇਦਾਰ ਨੂੰ ਪੈਰੋਲ ਦੇਣ ਲਈ ਸੈਂਕੜੇ ਪਿੰਡਾਂ ਦੀਆਂ ਪੰਚਾਇਤਾਂ ਅਤੇ ਮੁਸਲਿਮ ਭਾਈਚਾਰੇ ਵੱਲੋਂ ਮਤੇ ਪਾਕੇ ਦਿੱਲੀ ਸਰਕਾਰ ਅਤੇ ਮਾਣਯੋਗ ਅਦਾਲਤ ਨੂੰ ਦਿਤੇ ਗਏ ਹਨ ਕਿ ਉਹਨਾਂ ਦੇ ਪੰਜਾਬ ‘ਚ ਪੈਰੋਲ ਤੇ ਆਉਣ ਨਾਲ ਕੋਈ ਅਮਨ ਕਾਨੂੰਨ ਨੂੂੰ ਖਤਰਾ ਨਹੀਂ ਹੋਵੇਗਾ ।

ਐਡਵੋਕੇਟ ਮੁਹੰਮਦ ਜਮੀਲ ਨੇ ਕਿਹਾ ਕਿ ਮਨੁੱਖੀ ਅਧਿਕਾਰ ਜੇਲ੍ਹਾਂ ਵਿੱਚ ਬੰਦ ਕੈਦੀਆਂ ਦੇ ਵੀ ਹੁੰਦੇ ਹਨ ਜਿਸਨੂੰ ਸਰਕਾਰਾਂ ਅਣਗੌਲਿਆ ਕਰ ਰਹੀਆਂ ਨੇ । ਜੱਥੇਦਾਰ ਹਵਾਰਾ ਦੇ ਮਾਤਾ ਜੀ ਬਹੁਤ ਬਿਰਧ ਹਾਲਤ ਵਿੱਚ ਅਮਰੀਕਾ ਤੋਂ ਭਾਰਤ ਆਏ ਹਨ ਕਿ ਆਪਣੇ ਜੀਵਨ ਦੇ ਆਖਰੀ ਦਿਨਾਂ ਵਿੱਚ ਆਪਣੇ ਪੁੱਤਰ ਨਾਲ ਕੁਝ ਸਮਾਂ ਬਿਤਾ ਸਕਣ ਪਰੰਤੂ ਅਦਾਲਤਾਂ ਅਤੇ ਸਰਕਾਰਾਂ ਲਗਾਤਾਰ ਉਹਨਾਂ ਨੂੰ ਪੈਰੋਲ ਦੇਣ ਵਿੱਚ ਆਨਾਕਾਨੀ ਕਰ ਰਹੀਆਂ ਹਨ ਜਦੋਂਕਿ ਇੱਕ ਮਾਮੂਲੀ ਪੱਤਰਕਾਰ ਲਈ ਸੁਪਰੀਮ ਕੋਰਟ ਸੂਮੋਟੋ ਲੈ ਕੇ ਰਾਤ ਨੂੰ ਹੁਕਮ ਜਾਰੀ ਕਰ ਦਿੰਦੀ ਹੈ । ਭਾਰਤ ਦੇ ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਦੇ ਕਾਤਿਲਾਂ ਨੂੰ ਵੀ ਉਮਰ ਕੈਦ ਦੀ ਸਜ਼ਾ ਹੋਈ ਸੀ ਪਰੰਤੂ ਉਹਨਾਂ ਨੂੰ ਕੁਝ ਕੁ ਸਾਲ ਬਾਅਦ ਹੀ ਪੱਕੀ ਰਿਹਾਈ ਦੇ ਦਿਤੀ ਗਈ, ਜਦੋਂ ਕਿ ਬੇਅੰਤ ਸਿੰਘ ਕਤਲ ਦੇ ਦੋਸ਼ੀ ਸਿੰਘ ਆਪਣੀਆਂ ਸਜ਼ਾਵਾਂ ਪੂਰੀਆਂ ਕਰਕੇ ਵੀ 32-32 ਸਾਲਾਂ ਤੋਂ ਜੇਲ੍ਹਾਂ ਵਿੱਚ ਬੰਦ ਹਨ । ਕੁਝ ਕੁ ਨੂੰ ਛੱਡਕੇ ਉਹਨਾਂ ਨੂੰ ਪੈਰੋਲ ਵੀ ਨਹੀਂ ਦਿੱਤੀ ਜਾਂਦੀ ਜੋ ਬਹੁਤ ਹੀ ਮੰਦਭਾਗਾ ਅਤੇ ਨਿੰਦਣਯੋਗ ਹੈ ।  ਉਹਨਾਂ ਪ੍ਰੈਸ ਦੇ ਮਾਧਿਅਮ ਰਾਹੀਂ ਕੇਂਦਰ ਅਤੇ ਸੂਬਾ ਸਰਕਾਰਾਂ ਨੂੰ ਅਪੀਲ ਕੀਤੀ ਕਿ ਜੱਥੇਦਾਰ ਜਗਤਾਰ ਸਿੰਘ ਹਵਾਰਾ ਨੂੰ ਤੁਰੰਤ ਪੈਰੋਲ ਦਿੱਤੀ ਜਾਵੇ ਤਾਂ ਜੋ ਉਹ ਆਪਣੇ ਬਿਰਧ ਮਾਤਾ ਜੀ ਨੂੰ ਮਿਲ ਸਕਣ ਅਤੇ ਸਿੱਖ ਕੌਮ ਦੇ ਰਿਸਦੇ ਜ਼ਖਮਾਂ ਉੱਤੇ ਮੱਲਮ ਲਗਾਈ ਜਾ ਸਕੇ ।

Similar Posts

Leave a Reply

Your email address will not be published. Required fields are marked *