ਮੁੱਖ ਮੰਤਰੀ ਦੇ ਵੀਡੀਓ ਮਾਮਲੇ ਨੇ ਸਿੱਖਾਂ ਦੇ ਹਿਰਦੇ ਬਲੰੂਧਰੇ! ਨੈਤਿਕਤਾ ਦੇ ਅਧਾਰ ‘ਤੇ ਅਸਤੀਫਾ ਦੇਵੇ ਮੁੱਖ ਮੰਤਰੀ -ਲਸੋਈ
ਮਲੇਰਕੋਟਲਾ, 17 ਜੂਨ (ਅਬੂ ਜ਼ੈਦ): ਅੱਜ ਅਕਾਲੀ ਦਲ ਵਾਰਿਸ ਪੰਜਾਬ ਦੇ ਵੱਲੋਂ ਜ਼ਿਲ੍ਹਾ ਪ੍ਰਧਾਨ ਬਲਜਿੰਦਰ ਸਿੰਘ ਲਸੋਈ ਅਤੇ ਡਾ. ਮੇਹਰਦੀਨ ਬਿੰਜੋਕੀ ਸੂਬਾ ਕਾਰਜਕਾਰਣੀ ਮੈਂਬਰ ਦੀ ਅਗਵਾਈ ਵਿੱਚ ਡਿਪਟੀ ਕਮਿਸ਼ਨਰ ਮਲੇਰਕੋਟਲਾ ਰਾਹੀਂ ਗਵਰਨਰ ਪੰਜਾਬ ਨੂੰ ਮੈਮੋਰੰਡਮ ਦਿਤਾ ਗਿਆ ਅਤੇ ਮੁੱਖ ਮੰਤਰੀ ਭਗਵੰਤ ਮਾਨ ਦਾ ਪੁੱਤਲਾ ਫੂਕਿਆ ਗਿਆ । ਇਸ ਸਬੰਧੀ ਸਾਡੇ ਪੱਤਰਕਾਰ ਨਾਲ ਗੱਲਬਾਤ ਕਰਦਿਆਂ ਸ. ਲਸੋਈ ਨੇ ਦੱਸਿਆ ਕਿ ਉਹਨਾਂ ਮੰਗ ਪੱਤਰ ਰਾਹੀਂ ਬਹੁਤ ਹੀ ਗੰਭੀਰ ਅਤੇ ਸੰਵੇਦਨਸ਼ੀਲ ਮਾਮਲਾ ਜੋ ਸਿੱਖ ਕੌਮ ਦੀਆਂ ਭਾਵਨਾਵਾਂ, ਪੰਜਾਬ ਦੇ ਲੋਕਾਂ ਦੇ ਵਿਸ਼ਵਾਸ ਅਤੇ ਸੰਵਿਧਾਨਕ ਜਵਾਬਦੇਹੀ ਦਾ ਗਵਰਨਰ ਪੰਜਾਬ ਦੇ ਧਿਆਨ ਵਿੱਚ ਲਿਆਂਦਾ ਗਿਆ ਹੈ । ਉਹਨਾਂ ਦੱਸਿਆ ਕਿ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਦੀ ਵੀਡੀਓ ਜੋ ਪਹਿਲਾਂ ਉਹਨਾਂ ਨੇ ਸਿਰੇ ਤੋਂ ਨਕਾਰ ਦਿਤੀ ਸੀ ਕਿ ਇਸ ਨਾਲ ਛੇੜਛਾੜ ਕਰਕੇ ਵਾਇਰਲ ਕੀਤੀ ਗਈ ਹੈ । ਉਸ ਦੀ ਫੋਰੈਂਸਿਕ ਜਾਂਚ ਦੀ ਆਈ ਰਿਪੋਰਟ ਨੇ ਸਪਸ਼ਟ ਕਰ ਦਿੱਤਾ ਹੈ ਕਿ ਵੀਡੀਓ ਅਸਲੀ ਹੈ ਇਸ ਨਾਲ ਕੋਈ ਛੇੜਛਾੜ ਨਹੀਂ ਹੋਈ ਹੈ । ਵੀਡੀਓ ਵਿੱਚ ਸਿੱਖ ਗੁਰੂਆਂ ਅਤੇ ਸੰਤਾਂ ਦੀਆਂ ਤਸਵੀਰਾਂ ਦਾ ਨਿਰਾਦਰ ਕੀਤਾ ਗਿਆ ਹੈ । ਜਿਸ ਨਾਲ ਸਿੱਖ ਕੌਮ ਦੇ ਹਿਰਦੇ ਬਲੂੰਧਰੇ ਗਏ ਹਨ । ਅੱਜ ਦੇਸ਼ ਵਿਦੇਸ਼ ‘ਚ ਵੱਸਦਾ ਹਰ ਸਿੱਖ ਸ਼ਰਮ ਮਹਿਸੂਸ ਕਰ ਰਿਹਾ ਹੈ ਕਿ ਸਿੱਖ ਪਹਿਰਾਵੇ ਵਿੱਚ ਸਾਡੇ ਸੂਬੇ ਦਾ ਮੁੱਖ ਮੰਤਰੀ ਦਾ ਕਿਰਦਾਰ ਕਿਸ ਪੱਧਰ ਦਾ ਹੈ । ਸ. ਲਸੋਈ ਨੇ ਕਿਹਾ ਕਿ ਪੰਜਾਬ ਦੀ ਜਨਤਾ ਨੇ ਰਿਵਾਇਤੀ ਪਾਰਟੀਆਂ ਤੋਂ ਦੁਖੀ ਹੋ ਕੇ ਵੱਡੇ ਬਹੁਮਤ ਨਾਲ ਆਮ ਆਦਮੀ ਪਾਰਟੀ ਦੀ ਸਰਕਾਰ ਬਣਾਈ ਸੀ ਪਰੰਤੂ 4 ਸਾਲਾਂ ਵਿੱਚ ਹੀ ਪਾਰਟੀ ਨੇ ਆਪਣਾ ਸਿੱਖ ਵਿਰੋਧੀ ਚਿਹਰਾ ਦਿਖਾਉਣਾ ਸ਼ੁਰੂ ਕਰ ਦਿਤਾ ।
ਸ. ਲਸੋਈ ਨੇ ਦੱਸਿਆ ਕਿ ਸ੍ਰੀ ਅਕਾਲ ਤਖਤ ਸਾਹਿਬ ਤੋਂ ਵੀ ਹੁਕਮਨਾਮਾ ਜਾਰੀ ਕੀਤਾ ਗਿਆ ਜਿਸ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਨੂੰ ਪੰਥ ਦੋਖੀ ਕਿਹਾ ਗਿਆ ਹੈ । ਉਹਨਾਂ ਕਿਹਾ ਕਿ ਅਜਿਹੇ ਹਲਾਤਾਂ ਵਿੱਚ ਭਗਵੰਤ ਮਾਨ ਨੂੰ ਮੁੱਖ ਮੰਤਰੀ ਦੀ ਕੁਰਸੀ ‘ਤੇ ਬਣੇ ਰਹਿਣ ਦਾ ਕੋਈ ਹੱਕ ਨਹੀਂ ਹੈ ਉਸਨੂੰ ਨੈਤਿਕਤਾ ਦੇ ਅਧਾਰ ‘ਤੇ ਅਸਤੀਫਾ ਦੇ ਦੇਣਾ ਚਾਹੀਦਾ ਹੈ । ਇਸ ਮੌਕੇ ਹਾਜੀ ਮੁਹੰਮਦ ਅਨਵਾਰ ਬਿੱਟੂ ਚੋਹਾਨ, ਜਸਵਿੰਦਰ ਸਿੰਘ, ਮੱਘਰ ਸਿੰਘ ਗੁਆਰਾ, ਗੁਰਪ੍ਰੀਤ ਸਿੰਘ, ਦਾਰਾ ਸਿੰਘ, ਸੁਰਜੀਤ ਸਿੰਘ ਬੁਰਜ, ਹਰਪ੍ਰੀਤ ਸਿੰਘ ਭੁਰਥਲਾ, ਯਾਦਵਿੰਦਰ ਸਿੰਘ ਛੋਕਰਾਂ, ਗੁਰਪ੍ਰੀਤ ਸਿੰਘ ਲਸੋਈ ਤੋਂ ਇਲਾਵਾ ਵੱਡੀ ਗਿਣਤੀ ‘ਚ ਪਾਰਟੀ ਵਰਕਰ ਮੌਜੂਦ ਸਨ ।


