ਹੱਜ ਕਮੇਟੀ ਆਫ ਇੰਡੀਆ ਨੂੰ ਸਵਾਲ-ਹੱਜ-2027 ਲਈ ਡੇਢ ਲੱਖ ਦੀ ਕਿਸ਼ਤ 10 ਮਹੀਨੇ ਅਗੇਤੀ ਕਿਉਂ?
ਮਲੇਰਕੋਟਲਾ, 28 ਜੂਨ (ਬਿਉਰੋ): ਦੁਨੀਆ ਦੇ ਹਰ ਮੁਸਲਮਾਨ ਦਾ ਸੁਪਨਾ ਹੰੁਦਾ ਹੈ ਕਿ ਉਹ ਆਪਣੇ ਜੀਵਨ ਵਿੱਚ ਇੱਕ ਵਾਰ ਹੱਜ ਬੈਤੁੱਲਾ ਕਰੇ । ਕਿਸਮਤ ਵਾਲੇ ਲੋਕਾਂ ਦੀ ਇਹ ਆਰਜ਼ੂ ਪੂਰੀ ਹੁੰਦੀ ਹੈ । ਕਈ ਗਰੀਬ ਮਿਹਨਤ-ਮਜ਼ਦੂਰੀ ਕਰਕੇ ਵੀ ਲੱਖਾਂ ਦਾ ਖਰਚ ਕਰਕੇ ਹੱਜ ਬੈਤੁੱਲਾ ਅਦਾ ਕਰ ਲੈਂਦੇ ਹਨ ਪਰੰਤੂ ਕਈ ਕਰੋੜਪਤੀ ਹੋਣ ਦੇ ਬਾਵਜੂਦ ਵੀ ਬਿਨ੍ਹਾਂ ਹੱਜ ਕੀਤੇ ਦੁਨੀਆ ਤੋਂ ਜਾ ਰਹੇ ਹਨ । ਜਿਵੇਂ ਹੀ ਹੱਜ 2026 ਦਾ ਸਫਰ ਪੂਰਾ ਹੋਇਆ ਬਲਿਕ ਅਜੇ ਕੁਝ ਹਾਜੀ ਸਾਹਿਬਾਨ ਰਸਤੇ ਵਿੱਚ ਹੀ ਸਨ ਕਿ ਓਧਰ ਹੱਜ ਕਮੇਟੀ ਆਫ ਇੰਡੀਆ ਨੇ ਹੱਜ ਮਿਸ਼ਨ-2027 ਲਈ ਫਾਰਮ ਭਰਨ ਦੀਆਂ ਤਾਰੀਖਾਂ ਦਾ ਐਲਾਨ ਕਰ ਦਿੱਤਾ ਹੈ । ਵੈਸੇ ਤਾਂ ਧਾਰਮਿਕ ਮੁੱਦਿਆਂ ਉੱਤੇ ਬੋਲਣ ਅਤੇ ਸਵਾਲ ਕਰਨ ਦਾ ਹੱਕ ਅਤੇ ਜ਼ਿੰਮੇਵਾਰੀ ਸਿਰਫ ਉਲਮਾ ਹਜ਼ਰਾਤ ਦੀ ਹੁੰਦੀ ਹੈ ਪਰੰਤੂ ਮੈਂ ਕਈ ਸਾਲਾਂ ਤੋਂ ਦੇਖ ਰਿਹਾ ਹਾਂ ਕਿ ਸਾਡੇ ਸੂਬਾ ਹੱਜ ਕਮੇਟੀ ਦੇ ਚੇਅਰਮੈਨ ਅਤੇ ਮੈਂਬਰ, ਧਾਰਮਿਕ ਆਗੂ ਅਤੇ ਮੁਸਲਿਮ ਲੀਡਰ ਇਸ ਮਾਮਲੇ ਵੱਲ ਬਿਲਕੁਲ ਵੀ ਧਿਆਨ ਨਹੀਂ ਦੇ ਰਹੇ ਅਤੇ ਹੱਜ ਕਮੇਟੀ ਆਫ ਇੰਡੀਆ ਦੀਆਂ ਬੇਨਿਯਮੀਆਂ ਦਿਨੋਂ-ਦਿਨ ਵੱਧਦੀਆਂ ਹੀ ਜਾ ਰਹੀਆਂ ਹਨ । ਹੱਜ ਮਿਸ਼ਨ 2027 ਲਈ 1,52,000 ਰੁਪਏ ਦੀ ਪਹਿਲੀ ਕਿਸ਼ਤ ਜਮ੍ਹਾ ਕਰਵਾਉਣ ਲਈ ਫਰਮਾਨ ਜਾਰੀ ਕਰ ਦਿਤਾ ਗਿਆ ਹੈ ਜੋ ਸਵਾ ਲੱਖ ਹਾਜੀਆਂ ਦੀ ਕੁੱਲ ਰਕਮ ਕਰੀਬ 1900 ਕਰੋੜ ਬਣਦੀ ਹੈ । ਵੈਸੇ ਤਾਂ ਹੱਜ 2027 ਵਿੱਚ ਅਜੇ 9-10 ਮਹੀਨੇ ਬਾਕੀ ਹਨ ਪਰੰਤੂ ਐਨੀ ਐਡਵਾਂਸ ਪੇਮੈਂਟ ਲੈਣ ਦਾ ਕਾਰਣ ਕੁਝ ਸਮਝ ਨਹੀਂ ਆ ਰਿਹਾ ਕਿ ਆਖਰ ਇਹ ਰਕਮ ਸਾਊਦੀ ਅਰਬ ਦੀ ਸਰਕਾਰ ਨੂੰ ਦੇਣੀ ਹੈ? ਏਅਰਲਾਈਨ ਨੂੰ ਦੇਣੀ ਹੈ? ਜਾਂ ਫਿਰ ਹਾਜੀਆਂ ਦੀ ਰਿਹਾਇਸ਼ ਦੇ ਕਿਰਾਏ ਲਈ ਅਦਾ ਕਰਨੀ ਹੈ? ਵੈਸੇ ਤਾਂ ਵਿਆਜ਼ ਲੈਣਾ-ਦੇਣਾ ਹਰਾਮ ਹੈ ਪਰੰਤੂ ਹਾਜੀਆਂ ਦੀ ਐਨੀ ਵੱਡੀ ਰਕਮ ਜੇਕਰ 6 ਮਹੀਨੇ ਵੀ ਪੈਸਾ ਬੈਂਕ ਵਿੱਚ ਪਈ ਰਹੀ ਤਾਂ ਕਰੋੜਾਂ ਰੁਪਏ ਵਿਆਜ਼ ਦੇ ਬਣ ਜਾਣਗੇ, ਉਹ ਕਿਸਦੇ ਕੰਮ ਆਉਣਗੇ? ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਮੁਹੰਮਦ ਜਮੀਲ ਐਡਵੋਕੇਟ ਨੇ ਸਾਡੇ ਪੱਤਰਕਾਰ ਨਾਲ ਗੱਲਬਾਤ ਕਰਦਿਆਂ ਕੀਤਾ ।
ਉਹਨਾਂ ਕਿਹਾ ਕਿ ਹੱਜ ਕਮੇਟੀਆਂ ਆਫ ਇੰਡੀਆ ਹੱਜ ਬੈਤੁੱਲਾ ਦੇ ਖਰਚ ਦਾ ਸਾਰਾ ਲੇਖਾ ਜੋਖਾ ਆਨਲਾਈਨ ਕਿਉਂ ਨਹੀਂ ਕਰਦੀ ਕਿ ਏਅਰ ਟਿਕਟ ਦਾ ਮੁੱਲ ਕੀ ਹੈ? ਮੱਕਾ ਅਲ-ਮੁਕੱਰਮਾ ਅਤੇ ਮਦੀਨਾ ਅਲ-ਮੁਨੱਵਰਾ ਵਿਖੇ ਰਿਹਾਇਸ਼ ਦਾ ਕਿਰਾਇਆ ਕਿੰਨਾ ਹੈ? ਖਾਣੇ ਦਾ ਕੀ ਖਰਚਾ ਆਵੇਗਾ? ਮਿਨਾ, ਅਰਫਾਤ ਅਤੇ ਮੁਦਜ਼ਲਫਾ ਵਿਖੇ ਹਾਜੀਆਂ ਦੇ ਕਿਆਮ ਲਈ ਕਿੰਨਾ ਖਰਚ ਹੋਵੇਗਾ ਵਗੈਰਾ-ਵਗੈਰਾ? । ਤਾਂ ਕਿ ਹਾਜੀ ਸਾਹਿਬਾਨ ਆਪਣੇ ਪੈਸੇ ਦਾ ਹਿਸਾਬ ਚੈਕ ਕਰ ਸਕਣ । ਹੱਜ ਕਮੇਟੀ ਆਫ ਇੰਡੀਆ ਭਾਰਤ ਦੇ ਹਾਜੀਆਂ ਨਾਲ ਵੱਡੇ ਪੱਧਰ ‘ਤੇ ਧੋਖਾਧੜੀ ਕਰਦੀ ਆ ਰਹੀ ਹੈ, ਜੇਕਰ ਉਮਰਾ ਜ਼ਿਆਰਤ ਦੇ ਹਿਸਾਬ ਨਾਲ ਦੇਖਿਆ ਜਾਵੇ ਤਾਂ ਹਾਜੀਆਂ ਕੋਲੋਂ ਹਰ ਸਾਲ ਕਰੀਬ 2500 ਕਰੋੜ ਰੁਪਏ ਵਾਧੂ ਵਸੂਲ ਕੀਤੇ ਜਾ ਰਹੇ ਹਨ ਜਿਸਦੀ ਲੀਕੇਜ਼ ਬੰਦ ਕਰਕੇ ਮੁਸਲਮਾਨਾਂ ਦੇ ਜੀਵਨ ਪੱਧਰ ਨੂੰ ਉੱਪਰ ਚੁੱਕਣ ਲਈ ਇਸਤੇਮਾਲ ਕੀਤਾ ਜਾ ਸਕਦਾ ਹੈ, ਜਿਸ ਨਾਲ ਹਰ ਸਾਲ ਕਈ ਸਕੂਲ, ਕਾਲਜ, ਯੂਨੀਵਰਸਿਟੀ ਅਤੇ ਹਸਪਤਾਲ ਖੋਲ੍ਹੇ ਜਾ ਸਕਦੇ ਹਨ । ਕਦੇ ਹਾਜੀਆਂ ਨੂੰ ਜ਼ਬਰਦਸਤੀ ਬੈਗ ਦੇ ਕੇ, ਕਦੇ ਸਮਾਰਟ ਵਾਚ ਦੇ ਕੇ ਲੁੱਟਿਆ ਜਾ ਰਿਹਾ ਹੈ । ਹੱਜ 2026 ਨੂੰ ਜਾਣ ਵਾਲੇ ਹੱਜ ਯਾਤਰੀਆਂ ਤੋਂ ਐਨ ਉਡਾਨ ਭਰਨ ਵਾਲੇ ਦਿਨ 10 ਹਜ਼ਾਰ ਰੁਪਏ ਵਾਧੂ ਜਮ੍ਹਾ ਕਰਵਾਏ ਗਏ । ਹਰ ਸਾਲ ਹਾਜੀਆਂ ਦੇ ਕੌੜੇ ਤਜ਼ਰਬੇ ਦੀਆਂ ਵੀਡੀਓਜ਼ ਅਤੇ ਜ਼ੁਬਾਨੀ ਕਿੱਸੇ ਸੁਨਣ ਨੂੰ ਮਿਲਦੇ ਹਨ ਕਿ ਸਾਊਦੀ ਅਰਬ ਵਿੱਚ ਹੱਜ ਦੌਰਾਨ ਬਹੁਤ ਹੀ ਖਸਤਾ ਹਾਲਤ ਰਿਹਾਇਸ਼ਾਂ ਦਿੱਤੀਆਂ ਜਾਂਦੀਆਂ ਹਨ, ਕਦੇ ਖਾਣੇ ਦਾ ਮਸਲਾ ਬਣਦਾ ਹੈ, ਕਦੇ ਬੱਸ ਟਰਾਂਸਪੋਰਟ ਖੱਜਲ-ਖੁਆਰ ਕਰਦੀ ਹੈ । ਉਹਨਾਂ ਦੱਸਿਆ ਕਿ 17 ਫਰਵਰੀ 2026 ਨੂੰ ਇੱਕ ਪੱਤਰ ਘੱਟਗਿਣਤੀਆਂ ਮੰਤਰਾਲੇ ਦੇ ਮੰਤਰੀ ਕਿਰਨ ਰਿਿਜ਼ਜ਼ੂ ਅਤੇ ਭਾਰਤ ਸਰਕਾਰ ਨੂੰੰ ਭੇਜਕੇ ਅਪੀਲ ਕੀਤੀ ਕਿ ਹੱਜ ਕਮੇਟੀ ਆਫ ਇੰਡੀਆ ਨੂੰ ਭੰਗ ਕਰਕੇ ਹੱਜ ਯਾਤਰਾ ਨੂੰ ਉਮਰਾ ਦੀ ਤਰ੍ਹਾਂ ਪ੍ਰਾਈਵੇਟ ਕੀਤਾ ਜਾਵੇ ਤਾਂ ਜੋ ਹਾਜੀਆਂ ਨਾਲ ਸ਼ਰਧਾ ਦੇ ਨਾਂਅ ‘ਤੇ ਹੋ ਰਹੇ ਭ੍ਰਿਸ਼ਟਾਚਾਰ ਨੂੰ ਨੱਥ ਪਾਈ ਜਾ ਸਕੇ ।
ਉਹਨਾਂ ਪ੍ਰੈਸ ਦੇ ਮਾਧਿਅਮ ਰਾਹੀਂ ਦੇਸ਼ ਭਰ ਦੇ ਮੁਸਲਿਮ ਸੰਸਦ ਮੈਂਬਰਾਂ, ਵਿਧਾਇਕਾਂ, ਸਿਆਸੀ ਅਤੇ ਧਾਰਮਿਕ ਆਗੂਆਂ, ਸਮਾਜਸੇਵੀ ਜੱਥੇਬੰਦੀਆਂ ਨੂੰ ਅਪੀਲ ਕੀਤੀ ਕਿ ਧਰਮ ਦੀ ਆਸਥਾ ਦੇ ਨਾਂਅ ‘ਤੇ ਜੋ ਭ੍ਰਿਸ਼ਟਾਚਾਰ ਲੰਬੇ ਸਮੇਂ ਤੋਂ ਮੁਸਲਮਾਨਾਂ ਨਾਲ ਹੋ ਰਿਹਾ ਹੈ ਉਸ ਸਬੰਧੀ ਆਵਾਜ਼ ਚੁੱਕਣ । ਉਹਨਾਂ ਭਾਰਤ ਦੇ ਪ੍ਰਧਾਨ ਮੰਤਰੀ, ਅਤੇ ਘੱਟਗਿਣਤੀਆਂ ਮੰਤਰਾਲੇ ਦੇ ਮੰਤਰੀ ਕਿਰਨ ਰਿਿਜਜ਼ੂ ਨੂੰ ਅਪੀਲ ਕੀਤੀ ਕਿ ਇਸ ਮਾਮਲੇ ਨੂੰ ਸੰਜੀਦਗੀ ਨਾਲ ਵਿਚਾਰਕੇ ਹੱਜ ਦੇ ਮੁਕੱਦਸ ਫਰੀਜ਼ੇ ਰਾਹੀਂ ਹੋ ਰਹੇ ਭ੍ਰਿਸ਼ਟਾਚਾਰ ਨੂੰ ਨੱਥ ਪਾਈ ਜਾਵੇ ਅਤੇ ਹੱਜ ਕਮੇਟੀ ਆਫ ਇੰਡੀਆ ਨੂੰ ਭੰਗ ਕਰਕੇ ਹੱਜ ਬੈਤੁੱਲਾ ਨੂੰ ਉਮਰਾ ਜ਼ਿਆਰਤ ਵਾਂਗ ਪ੍ਰਾਈਵੇਟ ਕੀਤਾ ਜਾਵੇ ਤਾਂ ਜੋ ਪਵਿੱਤਰ ਹੱਜ ਯਾਤਰਾ ਲਈ ਜਾਣ ਵਾਲੇ ਯਾਤਰੀ ਨੂੰ ਬਿਹਤਰ ਸਹੂਲਤਾਂ ਅਤੇ ਘੱਟ ਖਰਚ ਕਰਨਾ ਪਵੇ ।


