‘ਪੰਜਾਬ ਬਚਾਓ ਮੋਰਚਾ’ ਨੇ ਹਲਕਾਵਾਰ ਕਮੇਟੀਆਂ ਦਾ ਗਠਨ ਕੀਤਾ ਸ਼ੁਰੂ

author
0 minutes, 1 second Read

ਹਲਕੇ ਦੇ ਲੋਕ ਖੁਦ ਚੁਨਣਗੇ ਆਪਣਾ ਉਮੀਦਵਾਰ-ਜਸਟਿਸ ਜ਼ੋਰਾ ਸਿੰਘ

ਮਲੇਰਕੋਟਲਾ, 04 ਜੁਲਾਈ (ਬਿਉਰੋ): ਹਾਅ ਦਾ ਨਾਅਰਾ ਦੀ ਧਰਤੀ ਮਲੇਰਕੋਟਲਾ ‘ਤੇ ਪ੍ਰਸਿੱਧ ਸਮਾਜਸੇਵੀ ਬਲਵਿੰਦਰ ਸਿੰਘ ਫਿਰੋਜ਼ਪੁਰ ਦੀਆਂ ਕੋਸ਼ਿਸ਼ਾਂ ਸਦਕਾ ਅੱਜ ‘ਪੰਜਾਬ ਬਚਾਓ ਮੋਰਚਾ’ ਦੀ ਟੀਮ ਨੇ ਜਸਟਿਸ ਜ਼ੋਰਾ ਸਿੰਘ ਪੰਜਾਬ ਐਂਡ ਹਰਿਆਣਾ ਹਾਈਕੋਰਟ ਦੀ ਸਰਪ੍ਰਸਤੀ ‘ਚ ਲੋਕਾਂ ਨਾਲ ਮੀਟਿੰਗ ਕੀਤੀ ਗਈ । ਜਿਸ ਵਿੱਚ ਵੱਡੀ ਗਿਣਤੀ ‘ਚ ਇਲਾਕੇ ਦੇ ਲੋਕਾਂ ਨੇ ਸ਼ਿਰਕਤ ਕੀਤੀ । ਮੀਟਿੰਗ ਦਾ ਆਗਾਜ਼ ਮਹਿਮੂਦ ਅਹਿਮਦ ਥਿੰਦ ਨੇ ਆਪਣੇ ਸਵਾਗਤੀ ਸ਼ਬਦਾਂ ਨਾਲ ਕੀਤਾ । ਇਸ ਮੌਕੇ ਸੰਬੋਧਨ ਕਰਦਿਆਂ ਜਸਟਿਸ ਜ਼ੋਰਾ ਸਿੰਘ ਨੇ ਮੋਰਚੇ ਦਾ ਮਕਸਦ ਦੱਸਕੇ ਲੋਕਾਂ ਨੂੰ ਜਾਗਰੂਕ ਕੀਤਾ ਕਿ ਕਿਵੇਂ ਰਿਵਾਇਤੀ ਪਾਰਟੀਆਂ ਸਰਕਾਰਾਂ ਬਣਾਕੇ ਪੰਜਾਬ ਦੀ ਭੋਲੀ-ਭਾਲੀ ਜਨਤਾ ਨੂੰ ਠੱਗ ਰਹੀਆਂ ਹਨ । ਲੋਕਤੰਤਰ ਦੇ ਅਸਲ ਅਰਥ ਲੋਕਾਂ ਦੀ, ਲੋਕਾਂ ਦੁਆਰਾ, ਲੋਕਾਂ ਲਈ ਸਰਕਾਰ ਨੂੰ ਅਮਲੀ ਰੂਪ ਵਿੱਚ ਸੂਬੇ ਵਿੱਚ ਲਿਆਉਣਾ ਹੀ ‘ਪੰਜਾਬ ਬਚਾਓ ਮੋਰਚਾ’ ਦਾ ਮੰਤਵ ਹੈ । ਉਹਨਾਂ ਕਿਹਾ ਕਿ ਜਮੀਨੀ ਪੱਧਰ ‘ਤੇ ਹਲਕਾਵਾਰ ਕਮੇਟੀਆਂ ਬਣਾਕੇ ਹਲਕੇ ਦੇ ਲੋਕ ਖੁਦ ਤੈਅ ਕਰਨਗੇ ਕਿ ਸਾਡਾ ਵਿਧਾਇਕ ਉਮੀਦਵਾਰ ਕੌਣ ਹੋਵੇਗਾ ਜੋ ਹਲਕੇ ਦੇ ਸਾਰੇ ਮਸਲੇ ਕਮੇਟੀ ਦੀ ਸਹਿਮਤੀ ਨਾਲ ਹੱਲ ਕਰੇਗਾ । ਉਹਨਾਂ ਕਿਹਾ ਕਿ ਹਰ ਹਲਕੇ ਦੇ ਲੋਕ ਆਪਣੇ ਹਿੱਸੇ ਦੀ ਰਾਜਨੀਤੀ ਖੁਦ ਕਰਨਗੇ ਤਾਂ ਹੀ ਸੂਬੇ ਦੀ ਹੋਂਦ ਨੂੰ ਬਚਾਇਆ ਜਾ ਸਕਦਾ ਹੈ ਅਤੇ ਦੇਸ਼ ਨੂੰ ਮਜ਼ਬੂਤ ਕੀਤਾ ਜਾ ਸਕਦਾ ਹੈ । ਪਿਛਲੇ ਸਮੇਂ ਵਿੱਚ ਪੰਜਾਬ ਦੇ ਭ੍ਰਿਸ਼ਟ ਸਿਆਸੀ ਆਗੂਆਂ, ਉੱਚ ਅਧਿਕਾਰੀਆਂ ਦੀ ਲੰਬੀ ਸੂਚੀ ਤਿਆਰ ਕੀਤੀ ਹੈ ਜਿਹਨਾਂ ‘ਤੇ ਕਾਰਵਾਈ ਕਰਕੇ ਪੰਜਾਬ ਦੇ ਆਰਥਿਕ ਸੰਕਟ ਨੂੰ ਹਲਕਾ ਕੀਤਾ ਜਾਵੇਗਾ । ਮਾਇਨਿੰਗ, ਟ੍ਰਾਂਸਪੋਰਟ ਆਦਿ ਵਿੱਚ ਹੋ ਰਹੇ ਭ੍ਰਿਸ਼ਟਾਚਾਰ ਨੂੰ ਖਤਮ ਕਰਕੇ ਪੰਜਾਬ ਦੀ ਆਰਥਿਕ ਸਥਿਤੀ ਨੂੰ ਮਜ਼ਬੂਤ ਕੀਤਾ ਜਾਵੇਗਾ । ਉਹਨਾਂ ਕਿਹਾ ਕਿ ਪੰਜਾਬ ਦੇ ਹਰ ਇਮਾਨਦਾਰ ਅਤੇ ਉਦਮੀ ਨੂੰ ਇਸ ਮੋਰਚੇ ਨਾਲ ਜੋੜਿਆ ਜਾਵੇਗਾ ।

ਇਸ ਮੌਕੇ ਬਲਵਿੰਦਰ ਸਿੰਘ ਫਿਰੋਜ਼ਪੁਰ ਨੇ ਦੱਸਿਆ ਕਿ ਪੰਜਾਬ ਨੂੰ ਲੁੱਟਣ ਵਾਲੇ ਇੱਕਜੁੱਟ ਹੋਏ ਹਨ ਅਤੇ ਅਸੀਂ ਲੁਟਾਈ ਖਾਣ ਵਾਲੇ ਵੱਖ-ਵੱਖ ਹੋਣ ਕਾਰਣ ਭ੍ਰਿਸ਼ਟਾਚਾਰ, ਨਸ਼ੇ, ਮਹਿੰਗਾਈ, ਫੇਕ ਇਨਕਾਉਂਟਰਾਂ ਦਾ ਇਹ ਨਰਕ ਭੋਗ ਰਹੇ ਹਾਂ । ਵੱਖ-ਵੱਖ ਮੋਰਚੇ ਲਗਾਕੇ ਸੰਘਰਸ਼ ਕਰ ਰਹੇ ਲੋਕਾਂ ਨੂੰ ਸਾਂਝੇ ਘੋਲ ਲਈ ਲਾਮਬੰਦ ਹੋਣ ਪਵੇਗਾ । ਆਗਾਮੀ ਦਿਨਾਂ ਵਿੱਚ ਮੋਰਚੇ ਦਾ ਲਿਖਤੀ ਰੋਡਮੈਪ ਤਿਆਰ ਕਰਕੇ ਉਸਦੀ ਦਸ ਲੱਖ ਕਾਪੀ ਸਾਰੇ ਪੰਜਾਬ ਵਿੱਚ ਇੱਕੋ ਦਿਨ ਵੰਡੀ ਜਾਵੇਗੀ ਤਾਂ ਜੋ ਪੰਜਾਬ ਵਾਸੀਆਂ ਨੂੰ ਜਾਗਰੂਕ ਕੀਤਾ ਜਾ ਸਕੇ । ਇਸ ਚਾਰ ਪੇਜ਼ ਦੇ ਡਾਕੂਮੈਂਟ ਰਾਹੀਂ ਦੱਸਿਆ ਜਾਵੇਗਾ ਕਿ ਕਿਵੇਂ ਹਲਕਾ ਵਾਇਜ਼ ਕਮੇਟੀਆਂ, ਜ਼ਿਲਾਵਾਰ ਅਤੇ ਸੂਬਾ ਕਮੇਟੀਆਂ ਤਾਲਮੇਲ ਨਾਲ ਕੰਮ ਕਰਨਗੀਆਂ । ਲੋਕਾਂ ਨੂੰ ਪੰਜਾਬ ਦੀ ਮੌਜੂਦਾ ਆਰਥਿਕ ਸਥਿਤੀ ਤੋਂ ਜਾਣੂ ਕਰਵਾਇਆ ਜਾ ਸਕੇ ਕਿ ਕਿਵੇਂ ਪਹਿਲੀਆਂ ਸਰਕਾਰਾਂ ਨੇ ਮੁਫਤ ਸਕੀਮਾਂ ਦੇ ਲੋਭ ਦਿਖਾਕੇ ਸੂਬੇ ਨੂੰ ਸਾਢੇ ਚਾਰ ਲੱਖ ਕਰੋੜ ਦਾ ਕਰਜ਼ਾਈ ਕਰ ਦਿੱਤਾ ਹੈ ਕਿ ਆਗਾਮੀ ਸਰਕਾਰ ਨੂੰ ਰੁਟੀਨ ਦੇ ਕੰਮ ਚਲਾਉਣ ਲਈ ਵੀ ਕਰਜ਼ਾ ਨਹੀਂ ਮਿਲੇਗਾ । ਇਸ ਤੋਂ ਇਲਾਵਾ ਬ੍ਰਿਗੇਡੀਅਰ ਹਰਵੰਤ ਸਿੰਘ, ਸੂਬੇਦਾਰ ਬਲਦੇਵ ਸਿੰਘ ਸੁੱਖਾਨੰਦ, ਮੇਜਰ ਆਰਪੀਐਸ ਮਲਹੋਤਰਾ, ਭਾਈ ਸ਼ਮਸ਼ੇਰ ਸਿੰਘ ਆਸੀ, ਤਰੁਣ ਜੈਨ ਬਾਵਾ ਲੁਧਿਆਣਾ ਨੇ ਵੀ ਆਪਣੇ ਵੱਡਮੁੱਲੇ ਵਿਚਾਰ ਲੋਕਾਂ ਨਾਲ ਸਾਂਝੇ ਕੀਤੇ । ਅੰਤ ਵਿੱਚ ਮੁਹੰਮਦ ਜਮੀਲ (ਮਨੁੱਖੀ ਅਧਿਕਾਰ ਕਾਰਕੁੰਨ) ਨੇ ਆਏ ਮਹਿਮਾਨਾਂ ਅਤੇ ਹਾਜ਼ਰੀਨ ਦਾ ਧੰਨਵਾਦ ਕੀਤਾ ।

Similar Posts

Leave a Reply

Your email address will not be published. Required fields are marked *