ਬੰਦੀ ਸਿੰਘਾਂ ਦੀ ਰਿਹਾਈ ਲਈ 2 ਅਕਤੂਬਰ ਨੂੰ ਵਹੀਰਾਂ ਘੱਤਕੇ ਖਾਲਸਾ ਮਾਰਚ ਫਹਿਤਗੜ੍ਹ ਸਾਹਿਬ ਪੁੱਜੇ ਸੰਗਤ

author
0 minutes, 0 seconds Read

ਕੌਮੀ ਇਨਸਾਫ ਮੋਰਚਾ ਹਰ ਇਨਸਾਫ ਦੀ ਲੜਾਈ ਵਿੱਚ ਜ਼ੁਲਮ ਦੇ ਖਿਲਾਫ ਆਵਾਜ਼ ਬੁਲੰਦ ਕਰੇਗਾ-ਬਾਪੂ ਗੁਰਚਰਨ ਸਿੰਘ

ਮਲੇਰਕੋਟਲਾ, 22 ਸਤੰਬਰ (ਬਿਉਰੋ): ਅੱਜ ਸਥਾਨਕ ਉੱਤਮ ਰਿਜ਼ੋਰਟਸ ਵਿਖੇ ਕੌਮੀ ਇਨਸਾਫ ਮੋਰਚਾ ਮੋਹਾਲੀ ਦੇ ਖਾਦਿਮ ਐਡਵੋਕੇਟ ਮੁਹੰਮਦ ਜਮੀਲ ਵੱਲੋਂ ਮਲੇਰਕੋਟਲਾ ਵਿਖੇ ਪ੍ਰੈਸ ਕਾਨਫਰੰਸ ਬੁਲਾਈ ਗਈ । ਇਸ ਮੌਕੇ ਪ੍ਰੈਸ ਨਾਲ ਗੱਲਬਾਤ ਕਰਦਿਆਂ ਮੋਰਚੇ ਦੇ ਸਰਪ੍ਰਸਤ ਬਾਪੂ ਗੁਰਚਰਨ ਸਿੰਘ ਨੇ ਕਿਹਾ ਕਿ ਬੰਦੀ ਸਿੰਘਾਂ ਦੀ ਰਿਹਾਈ ਲਈ ਲੱਗਾ ਮੋਰਚਾ ਸਿਰਫ ਸਿੱਖ ਕੌਮ ਦਾ ਨਹੀਂ ਬਲਿਕ ਮਨੁੱਖੀ ਅਧਿਕਾਰਾਂ ਦਾ ਮੋਰਚਾ ਹੈ ਜਿਸਦਾ ਸਮਰਥਨ ਹਰ ਵਰਗ ਦੇ ਲੋਕ ਕਰ ਰਹੇ ਹਨ । 7 ਜਨਵਰੀ 2023 ਤੋਂ ਚੰਡੀਗੜ੍ਹ-ਮੋਹਾਲੀ ਦੀਆਂ ਬਰੂਹਾਂ ‘ਤੇ ਸਜ਼ਾਵਾਂ ਪੂਰੀਆਂ ਕਰ ਚੁੱਕੇ ਬੰਦੀ ਸਿੰਘਾਂ ਦੀ ਰਿਹਾਈ ਅਤੇ ਬੇਅਦਬੀਆਂ ਦੇ ਇਨਸਾਫ ਲਈ ਲਗਾਇਆ ਗਿਆ । ਦੇਸ਼ ਦੀ ਕੇਂਦਰ ਅਤੇ ਸੂਬਾ ਸਰਕਾਰਾਂ ਗਿਣੀ ਮਿੱਥੀ ਸਾਜ਼ਿਸ਼ ਤਹਿਤ ਘੱਟਗਿਣਤੀਆਂ ਉੱਤੇ ਜ਼ੁਲਮ ਕਰ ਰਹੀਆਂ ਹਨ । ਸਰਕਾਰਾਂ ਦਾ ਮਾਨਸਿਕ ਪੱਧਰ ਇਸ ਹੱਦ ਤੱਕ ਗਿਰ ਚੁੱਕਾ ਹੈ ਕਿ ਜੱਥੇਦਾਰ ਜਗਤਾਰ ਸਿੰਘ ਹਵਾਰਾ ਨੂੰ ਬਿਰਧ ਮਾਤਾ ਜੋ ਡੈਥ ਬੈਡ ‘ਤੇ ਪਈ ਹੈ, ਨੂੰ ਮਿਲਣ ਲਈ ਪੈਰੋਲ ਤੱਕ ਨਹੀਂ ਦਿਤੀ ਜਾ ਰਹੀ ਜਦੋਂ ਕਿ ਉਹ 31 ਸਾਲਾਂ ਵਿੱਚ ਪਹਿਲੀ ਵਾਰ ਪੈਰੋਲ ਮੰਗ ਰਹੇ ਹਨ । ਬੰਦੀ ਸਿੰਘਾਂ ਦੀ ਤਰ੍ਹਾਂ ਮੁਸਲਿਮ ਸਕਾਲਰ ਹਜ਼ਰਤ ਮੌਲਾਨਾ ਕਲੀਮ ਸਿੱਦੀਕੀ, ਨੌਜਵਾਨ ਵਿਿਦਆਰਥੀ ਆਗੂ ਉਮਰ ਖਾਲਿਦ, ਸ਼ਰਜ਼ੀਲ ਇਮਾਮ ਸਮੇਤ ਸੈਂਕੜੇ ਲੋਕ ਜੇਲ੍ਹਾਂ ਵਿੱਚ ਨਜ਼ਰਬੰਦ ਕੀਤੇ ਹੋਏ ਹਨ, ਨਾ ਉਹਨਾਂ ਦੇ ਟਰੈਲ ਸ਼ੁਰੂ ਹੋ ਰਹੇ ਹਨ ਅਤੇ ਨਾ ਹੀ ਬੇਲ ਜਾਂ ਪੈਰੋਲ ਮਿਲ ਰਹੀ ਹੈ । ਇਸ ਵਰਤਾਰੇ ਨੂੰ ਠੱਲ ਪਾਉਣ ਲਈ ਦੇਸ਼ ਦੇ ਹਰ ਜਾਗਦੀ ਜ਼ਮੀਰ ਵਾਲੇ ਵਿਅਕਤੀ ਨੂੰ ਧਰਮ, ਜਾਤੀ, ਨਸਲ, ਰੰਗ, ਖਿੱਤੇ ਤੋਂ ਉੱਪਰ ਉੱਠਕੇ ਲਾਮਬੰਦ ਹੋਣਾ ਪਵੇਗਾ ।

ਬਾਪੂ ਗੁਰਚਰਨ ਸਿੰਘ ਨੇ ਮੋਰਚੇ ਵਿੱਚ ਸਹਿਯੋਗ ਕਰਨ ਲਈ ਪੰਜਾਬ ਦੇ ਸਮੂਹ ਮੁਸਲਿਮ ਭਾਈਚਾਰੇ ਦਾ ਧੰਨਵਾਦ ਕਰਦਿਆਂ ਕਿਹਾ ਕਿ 1350 ਦਿਨਾਂ ਤੋਂ ਲਗਾਤਾਰ ਚੱਲ ਰਹੇ ਕੌਮੀ ਇਨਸਾਫ ਮੋਰਚੇ ਨੂੰ ਸਰਕਾਰਾਂ ਅਣਗੌਲਿਆਂ ਕਰ ਰਹੀਆਂ ਹਨ । ਇਸ ਦੇ ਸੰਘਰਸ਼ ਨੂੰ ਹੋਰ ਤਿੱਖਾ ਕਰਨ ਲਈ ਮੋਰਚੇ ਵੱਲੋਂ 2 ਅਤੇ 3 ਅਕਤੂਬਰ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਫਹਿਤਗੜ੍ਹ ਸਾਹਿਬ ਤੋਂ ਦਮਦਮਾ ਸਾਹਿਬ ਤੱਕ ਖਾਲਸਾ ਮਾਰਚ ਕੱਢਿਆ ਜਾ ਰਿਹਾ ਹੈ ਜਿਸ ਵਿੱਚ ਸ਼ਾਮਲ ਹੋਣ ਲਈ ਸੰਗਤ ਨੂੰ ਪੁਰਜ਼ੋਰ ਅਪੀਲ ਕੀਤੀ ਗਈ । ਇਸ ਮੌਕੇ ਉਹਨਾਂ ਦੇ ਪੱਤਰਕਾਰਾਂ ਦੇ ਸਵਾਲਾਂ ਦਾ ਜਵਾਬ ਦਿੰਦਿਆਂ ਕਿਹਾ ਕਿ ਜੋ ਪੁਲਸ ਅਫਸਰਾਂ ਨੇ 84 ਤੋਂ 95 ਦੇ ਕਾਲੇ ਦੌਰ ਵਿੱਚ ਨਾਜਾਇਜ਼ ਸਿੱਖਾਂ ਦਾ ਕਤਲੇਆਮ ਕੀਤਾ ਹੈ ਉਹਨਾਂ ਦੇ ਖਿਲਾਫ ਹੋਣ ਵਾਲੇ ਹਰ ਸੰਘਰਸ਼ ਦਾ ਮੁਕੰਮਲ ਸਾਥ ਕੌਮੀ ਇਨਸਾਫ ਮੋਰਚਾ ਦੇਵੇਗਾ, ਉਹਨਾਂ ਖਾਸ ਤੌਰ ‘ਤੇ ਸਿੱਖ ਸੰਗਤ ਅਤੇ ਮੁਸਲਿਮ ਕੌਮ ਨੂੰ ਅਪੀਲ ਕੀਤੀ ਕਿ ਜੋ ਯੋਧੇ ਇਨਸਾਫ ਦੀ ਲੜਾਈ ਲੜ ਰਹੇ ਹਨ ਉਹਨਾਂ ਦਾ ਸਾਥ ਦਿਤਾ ਜਾਵੇ । ਇਸ ਮੌਕੇ ਉਹਨਾਂ ਮੁਹੰਮਦ ਜਮੀਲ (ਮਨੁੱਖੀ ਅਧਿਕਾਰ ਕਾਰਕੁੰਨ), ਚੌਧਰੀ ਸ਼ਮਸ਼ੂਦੀਨ, ਡਾ. ਮੇਹਰਦੀਨ, ਮਹਿਮੂਦ ਅਹਿਮਦ ਥਿੰਦ, ਐਡਵੋਕੇਟ ਮੁਬੀਨ ਫਾਰੂਕੀ ਨੂੰ ਮੁਸਲਿਮ ਸਿੱਖ ਸਾਂਝ ਨੂੰ ਵਧਾਉਣ ਲਈ ਸਿਰੋਪਾ ਪਾ ਕੇ ਸਨਮਾਨਿਤ ਕੀਤਾ । ਇਸ ਮੌਕੇ ਬਲਵਿੰਦਰ ਸਿੰਘ ਔਲਖ ਕਾਲਾ ਝਾੜ ਸਾਹਿਬ, ਜੀਤ ਸਿੰਘ ਔਲਖ, ਪਾਲ ਸਿੰਘ ਘੜੂੰਆਂ, ਹਰਦੀਪ ਸਿੰਘ, ਸਰਦੂਲ ਸਿੰਘ ਸਰਪੰਚ, ਮੋਗਰ ਸਿੰਘ ਬਾਕਰਪੁਰ, ਗੋਬਿੰਦਰ ਸਿੰਘ ਸਰਵਾਰਾ ਨੇ ਵਿਸ਼ੇਸ਼ ਤੌਰ ‘ਤੇ ਸ਼ਿਰਕਤ ਕੀਤੀ ।

Similar Posts

Leave a Reply

Your email address will not be published. Required fields are marked *