ਹਸਪਤਾਲ ‘ਚ ਪਹੁੰਚੀ ਐਮਆਰਆਈ ਮਸ਼ੀਨ, ਸ਼ਹਿਰ ਵਾਸੀਆਂ ਵੱਲੋਂ ਕਿੰਗਰ ਪਰਿਵਾਰ ਦਾ ਧੰਨਵਾਦ
ਮਲੇਰਕੋਟਲਾ, 24 ਸਤੰਬਰ (ਬਿਉਰੋ): ਮਲੇਰਕੋਟਲਾ ਸਿਵਲ ਹਸਪਤਾਲ ਦੀਆਂ ਸਿਹਤ ਸਹੂਲਤਾਂ ਦੀ ਚਰਚਾ ਹਮੇਸ਼ਾ ਬਣੀ ਰਹਿੰਦੀ ਹੈ । ‘ਪੰਚਾਂ ਦਾ ਕਿਹਾ ਸਿਰ ਮੱਥੇ, ਪਰਨਾਲਾ ਉੱਥੇ ਦਾ ਉੱਥੇ’ ਵਾਲੀ ਗੱਲ ਹੈ, ਦਹਾਕਿਆਂ ਤੋਂ ਵਿਧਾਇਕ ਬਦਲੇ, ਸਰਕਾਰਾਂ ਬਦਲੀਆਂ ਪਰੰਤੂ ਸਿਵਲ ਹਸਪਤਾਲ ਦੀ ਕਿਸਮਤ ਨਾ ਬਦਲ ਸਕੀ । ਭਾਵੇਂ ਕਿ ਅਖਬਾਰੀ ਸੁਰਖੀਆਂ ਲਈ ਆਏ ਦਿਨ ਕੁਝ ਨਾ ਕੁਝ ਨਵਾਂ ਦੇਖਣ ਨੂੰ ਮਿਲ ਰਿਹਾ ਹੈ ਪਰੰਤੂ ਹਸਪਤਾਲ ਦੀ ਜ਼ਮੀਨੀ ਹਕੀਕਤ ਬਹੁਤ ਖਸਤਾ ਹੈ । ਕਿਧਰੇ ਪਰਚੀ ਕਟਵਾਉਣ ਲਈ ਲੰਬੀਆਂ ਲਾਈਨਾਂ ਅਤੇ ਕਦੇ ਡਾਕਟਰਾਂ ਦੀ ਘਾਟ ਦਾ ਮਾਮਲਾ ਬਣਿਆ ਰਹਿੰਦਾ ਹੈ ਜੋ ਕਿ ਸਿਵਲ ਪ੍ਰਸ਼ਾਸਨ ਅਤੇ ਵਿਧਾਇਕ ਦੀ ਅਣਦੇਖੀ ਕਾਰਣ ਹੋ ਰਿਹਾ ਹੈ ।
ਪਿਛਲੇ ਕੁਝ ਸਮੇਂ ਤੋਂ ਮਲੇਰਕੋਟਲਾ ਦੇ ਇੱਕ ਨੌਜਵਾਨ ਵਕੀਲ ਕੌਂਸਲਰ ਬੇਅੰਤ ਕਿੰਗਰ ਦੇ ਸਾਹਿਬਜ਼ਾਦੇ ਭੀਸ਼ਮ ਕਿੰਗਰ ਨੇ ਆਪਣੀ ਜ਼ਿੰਮੇਵਾਰੀ ਸਮਝਦਿਆਂ ਮਲੇਰਕੋਟਲਾ ਦੀ ਜਨਤਾ ਨੂੰ ਚੰਗੀਆਂ ਸਿਹਤ ਸਹੂਲਤਾਂ ਦਿਲਵਾਉਣ ਲਈ ਇੱਕ ਨਵਾਂ ਰਸਤਾ ਚੁਣਿਆ । ਉਹਨਾਂ ਪੰਜਾਬ ਐਂਡ ਹਰਿਆਣਾ ਹਾਈਕੋਰਟ ਵਿੱਚ ਜਨਹਿੱਤ ਪਟੀਸ਼ਨ 259/2024 ਗੁਹਾਰ ਲਗਾਈ ਕਿ ਲੋਕਾਂ ਦੀ ਜਾਨ ਦੀ ਪ੍ਰਵਾਹ ਕੀਤੀ ਜਾਵੇ । ਜਿਸ ‘ਤੇ ਤੁਰੰਤ ਐਕਸ਼ਨ ਲੈ ਕੇ ਮਾਣਯੋਗ ਹਾਈਕੋਰਟ ਨੇ ਨਾ ਸਿਰਫ ਮਲੇਰਕੋਟਲਾ ਜਾਂ ਪੰਜਾਬ ਬਲਿਕ ਲਾਗਲੇ ਸੂਬਿਆਂ ਲਈ ਵੀ ਹੁਕਮ ਜਾਰੀ ਕਰ ਦਿੱਤੇ ਕਿ ਹਰ ਜ਼ਿਲ੍ਹਾ ਹਸਪਤਾਲ ਵਿੱਚ ਐਮ.ਆਰ.ਆਈ., ਸੀਟੀ ਸਕੈਨ, ਆਈ.ਸੀ.ਯੂ ਸਮੇਤ ਬੁਨਿਆਦੀ ਸਿਹਤ ਸਹੂਲਤਾਂ ਮੁਹੱਈਆ ਕਰਵਾਈਆਂ ਜਾਣ । ਇਹਨਾਂ ਹੁਕਮਾਂ ਤੋਂ ਬਾਅਦ ਹੀ ਮਲੇਰਕੋਟਲਾ ਵਿੱਚ ਕਾਫੀ ਹੱਦ ਤੱਕ ਡਾਕਟਰਾਂ ਅਤੇ ਸਟਾਫ ਦੀ ਘਾਟ ਵੀ ਪੂਰੀ ਹੋਈ ਸੀ । ਇਸੇ ਦੇ ਨਤੀਜੇ ਵਜੋਂ ਅੱਜ ਮਲੇਰਕੋਟਲਾ ਵਿਖੇ ਐਮ.ਆਰ.ਆਈ., ਸੀਟੀ ਸਕੈਨ ਸਮੀਨਾਂ ਪਹੁੰਚ ਗਈਆਂ ਹਨ ਜਿਸ ਨਾਲ ਸ਼ਹਿਰ ਵਾਸੀਆਂ ਵਿੱਚ ਖੁਸ਼ੀ ਦੀ ਲਹਿਰ ਹੈ ਕਿ ਉਹਨਾਂ ਨੂੰ ਹੁਣ ਇਲਾਜ ਲਈ ਆਪਣੇ ਹਸਪਤਾਲ ਵਿੱਚ ਹੀ ਸਹੂਲਤਾਂ ਮਿਲ ਸਕਣਗੀਆਂ, ਭਾਵੇਂਕਿ ਇਸ ਮੌਕੇ ਦਾ ਕਰੈਡਿਟ ਲੈਣ ਲਈ ਸਿਆਸੀ ਲੋਕਾਂ ਨੇ ਕਮਰ ਕਸ ਲਈ ਹੈ ਪਰੰਤੂ ਜਨਤਾ ਸਭ ਜਾਣਦੀ ਹੈ ਕਿ ਆਮ ਲੋਕਾਂ ਲਈ ਕੌਣ ਕੰਮ ਕਰ ਰਿਹਾ ਹੈ । ਐਡਵੋਕੇਟ ਮੁਹੰਮਦ ਜਮੀਲ (ਮਨੁੱਖੀ ਅਧਿਕਾਰ ਕਾਰਕੁੰਨ), ਹਾਜੀ ਮੁਹੰਮਦ ਬਾਬੂ, ਮੁਹੰਮਦ ਅਨਵਾਰ ਪ੍ਰਧਾਨ ਈਦਗਾਹ ਕਮੇਟੀ, ਚੌਧਰੀ ਮੁਹੰਮਦ ਅਸ਼ਰਫ ਬਨਭੌਰਾ, ਮੁਹੰਮਦ ਰਮਜ਼ਾਨ ਨੰਬਰਦਾਰ ਸਮੇਤ ਸ਼ਹਿਰ ਦੇ ਪਤਵੰਤਿਆਂ ਨੇ ਇਸ ਲਈ ਕਿੰਗਰ ਪਰਿਵਾਰ ਦਾ ਧੰਨਵਾਦ ਵੀ ਕੀਤਾ ।


