ਨਗਰ ਕੌਂਸਲ ਮਲੇਰਕੋਟਲਾ ਦੇ ਸੀਨੀਅਰ ਉਪ ਪ੍ਰਧਾਨ ਅਤੇ ਉਪ ਪ੍ਰਧਾਨ ਦੀ ਚੋਣ 19 ਮਈ ਨੂੰ

author
0 minutes, 0 seconds Read

ਵਿਧਾਇਕ ਮਲੇਰਕੋਟਲਾ ਦੀ ਸਿਆਸੀ ਸੂਝਬੂਝ ਦੀ ਪ੍ਰੀਖਿਆ ਦੀ ਘੜੀ

ਮਲੇਰਕੋਟਲਾ: 12 ਮਈ (ਅਬੂ  ਜ਼ੈਦ): ਨਗਰ ਕੌਂਸਲ ਮਲੇਰਕੋਟਲਾ ਦੇ ਸੀਨੀਅਰ ਉਪ ਪ੍ਰਧਾਨ ਅਤੇ ਉਪ ਪ੍ਰਧਾਨ ਦੀਆਂ ਪਿਛਲੇ ਵਰ੍ਹੇ 6 ਅਪ੍ਰੈਲ ਤੋਂ ਖਾਲੀ ਪਈਆਂ ਕੁਰਸੀਆਂ ਲਈ ਆਖਰ ਡਿਪਟੀ ਕਮਿਸ਼ਨਰ ਮਲੇਰਕੋਟਲਾ ਦੇ ਆਦੇਸ਼ਾਂ ’ਤੇ ਐਸ.ਡੀ.ਐਮ. ਮਲੇਰਕੋਟਲਾ ਨੇ ਅੱਜ ਚੋਣ ਕਰਵਾਉਣ ਦੇ ਹੁਕਮ ਜਾਰੀ ਕਰ ਦਿਤੇ ਹਨ । ਚੋਣ ਕਨਵੀਨਰ ਕਮ ਐਸ.ਡੀ.ਐਮ. ਵੱਲੋਂ ਜਾਰੀ ਨੋਟਿਸ ਮੁਤਾਬਿਕ ਸੀਨੀਅਰ ਉਪ ਪ੍ਰਧਾਨ ਅਤੇ ਉਪ ਪ੍ਰਧਾਨ ਦੀ ਚੋਣ 19 ਮਈ 2023 ਨੂੰ ਨਗਰ ਕੌਂਸਲ ਦਫਤਰ ਵਿਖੇ ਸਵੇਰੇ 11.30 ਵਜੇ ਕਰਵਾਈ ਜਾਵੇਗੀ ।

ਸਿਆਸੀ ਹਲਕਿਆਂ ਇਸ ਚੋਣ ਨੂੰ ਵਿਧਾਇਕ ਡਾ. ਮੁਹੰਮਦ ਜਮੀਲ ਉਰ ਰਹਿਮਾਨ ਦੇ ਲੰਬੇ ਸਿਆਸੀ ਅਨੁਭਵ ਦੀ ਅਗਨੀ ਪ੍ਰੀਖਿਆ ਦੇ ਤੌਰ ਤੇ ਦੇਖਿਆ ਜਾ ਰਿਹਾ ਹੈ । ਆਮ ਆਦਮੀ ਪਾਰਟੀ ਦੀ ਸੀਨੀਅਰ ਲੀਡਰਸ਼ਿੱਪ ਵਿੱਚ ਵਿਧਾਇਕ ਮਲੇਰਕੋਟਲਾ ਦੇ ਲੰਬੇ ਸਿਆਸੀ ਅਨੁਭਵ ਅਤੇ ਪੰਜਾਬ ਦੇ ਮੁਸਲਿਮ ਵਰਗ ਦੇ ਨੁਮਾਇੰਦਗੀ ਲਈ ਵਿਸ਼ੇਸ਼ ਸਨਮਾਨ ਦਿੱਤਾ ਜਾਂਦਾ ਹੈ । 

ਨਗਰ ਕੌਂਸਲ ਦੇ ਪ੍ਰਧਾਨ ਸਮੇਤ  ਸੀਨੀਅਰ ਉਪ ਪ੍ਰਧਾਨ ਅਤੇ ਉਪ ਪ੍ਰਧਾਨ ਦੀ ਚੋਣ 07 ਅਪ੍ਰੈਲ 2021 ਨੂੰ ਹੋਈ ਸੀ ਜਿਸ ਵਿਚ ਕਾਂਗਰਸ ਪਾਰਟੀ ਨਾਲ ਸਬੰਧਤ ਬੀਬੀ ਨਸ਼ਰੀਨ ਨੂੰ ਪ੍ਰਧਾਨ, ਮਨੋਜ ਉਪਲ ਨੂੰ ਸੀਨੀਅਰ ਮੀਤ ਪ੍ਰਧਾਨ ਅਤੇ ਸ੍ਰੀਮਤੀ ਮਨਜੀਤ ਕੌਰ ਨੂੰ ਮੀਤ ਪ੍ਰਧਾਨ ਚੁਣਿਆ ਗਿਆ ਸੀ ।

ਵਰਨਣਯੋਗ ਹੈ ਕਿ ਪ੍ਰਧਾਨ ਦੀ ਚੋਣ ਪੰਜ ਸਾਲਾਂ ਲਈ ਅਤੇ ਸੀਨੀਅਰ ਉਪ ਪ੍ਰਧਾਨ ਅਤੇ ਉਪ ਪ੍ਰਧਾਨ ਦੀ ਚੋਣ ਇਕ ਸਾਲ ਲਈ ਕੀਤੀ ਜਾਂਦੀ ਹੈ । ਸੀਨੀਅਰ ਉਪ ਪ੍ਰਧਾਨ ਅਤੇ ਉਪ ਪ੍ਰਧਾਨ ਦੀ ਮੁੜ ਚੋਣ 7 ਅਪ੍ਰੈਲ 2022 ਤੋਂ ਲਟਕਦੀ ਆ ਰਹੀ ਸੀ। ਇਸ ਚੋਣ  ਲਈ ਕਾਂਗਰਸ ਪਾਰਟੀ ਨਾਲ ਸਬੰਧਤ ਕੌਂਸਲਰਾਂ ਵੱਲੋਂ ਡਿਪਟੀ ਕਮਿਸ਼ਨਰ ਨੂੰ ਕਈ ਬਾਰ ਮੈਮੋਰੈਂਡਮ ਵੀ ਦਿਤੇ ਗਏ ਸਨ ਪ੍ਰੰਤੂ ਹੁਣ ਇਕ ਸਾਲ ਇਕ ਮਹੀਨਾ ਬੀਤਣ ਤੋਂ ਬਾਅਦ ਇਹ ਚੋਣ ਕਰਵਾਈ ਜਾ ਰਹੀ ਹੈ । ਇਥੇ ਇਹ ਵੀ ਦੱਸਣਯੋਗ ਹੈ ਕਿ ਪੰਜਾਬ ਵਿਚ ਸਤ੍ਹਾ ਤਬਦੀਲੀ ਤੋਂ ਬਾਅਦ ਮਲੇਰਕੋਟਲਾ ਨਗਰ ਕੌਂਸਲ ਦੇ ਸਮੀਕਰਨ ਵੀ ਬਦਲ ਗਏ ਹਨ। ਕੁੱਲ ਚੁਣੇ ਹੋਏ 33 ਕੌਂਸਲਰਾਂ ਅਤੇ ਦੋ ਵਿਧਾਇਕਾਂ ਵਾਲੀ ਨਗਰ ਕੌਂਸਲ ਵਿਚ ਇਸ ਵੇਲੇ  ਆਮ ਆਦਮੀ ਪਾਰਟੀ ਨੂੰ 20 ਕੌਂਸਲਰਾਂ ਦਾ ਭਾਰੀ ਬਹੁਮੱਤ ਹਾਸ਼ਿਲ ਹੈ ਜਦਕਿ 21 ਕੌਂਸਲਰਾਂ ਵਾਲੀ ਕਾਂਗਰਸ ਪਾਰਟੀ ਕੋਲ ਇਸ ਵੇਲੇ ਕੇਵਲ 9 ਅਤੇ ਅੱਠ ਕੌਂਸਲਰਾਂ ਵਾਲੇ ਸ੍ਰੋਮਣੀ ਅਕਾਲੀ ਦਲ ਕੋਲ ਕੇਵਲ ਇਕ ਕੌਂਸਲਰ ਦੀ ਹਿਮਾਇਤ ਰਹਿ ਗਈ ਹੈ। ਭਾਰਤੀ ਜਨਤਾ ਪਾਰਟੀ ਦੇ ਦੋਵੇਂ ਕੌਂਸਲਰ ਅੱਜ ਵੀ ਪਾਰਟੀ ਨਾਲ ਚਟਾਨ ਵਾਂਗ ਖੜ੍ਹੇ ਵਿਖਾਈ ਦੇ ਰਹੇ ਹਨ। ਪ੍ਰਾਪਤ ਜਾਣਕਾਰੀ ਮੁਤਾਬਿਕ ਇਸ ਵੇਲੇ ਇਸ ਵੇਲੇ ਨਗਰ ਕੌਂਸਲ ਵਿਚ ਆਮ ਆਦਮੀ ਪਾਰਟੀ ਕੋਲ ਬੇਗਮ ਜ਼ੁਬੈਦਾਂ ਖਾਤੂਨ, ਅਖਤਰੀ, ਸਫੀਆ ਪਰਵੀਨ, ਮੁਹੰਮਦ ਹਬੀਬ, ਮਹਿੰਦਰ ਸਿੰਘ ਪਰੂਥੀ, ਕੁਲਵੰਤ ਕੌਰ, ਅਜੇ ਕੁਮਾਰ, ਸ੍ਰੀ ਮਤੀ ਅੰਜੂ, ਯਾਸ਼ਮੀਨ, ਮੰਜੂ ਜੈਨ, ਪ੍ਰਧਾਨ ਨਸਰੀਨ ਅਬਦੁਲਾ, ਹਾਜਰਾਂ, ਮੁਹੰਮਦ ਅਖਤਰ, ਅਨਮ, ਮੁਹੰਮਦ ਨਜ਼ੀਰ, ਕਾ. ਮੁਹੰਮਦ ਇਸਮਾਇਲ, ਬਸੀਰਾਂ, ਪੂਨੀਆ ਬੇਗਮ, ਸਾਕਿਬ ਅਲੀ ਰਾਜਾ ਅਤੇ ਨੌਸ਼ਾਦ ਅਨਵਰ ਸਮੇਤ 20 ਕੌਂਸਲਰਾਂ ਦੀ ਹਿਮਾਇਤ ਹੈ। ਵਾਰਡ ਨੰਬਰ 18 ਤੋਂ ਕਾਂਗਰਸ ਪਾਰਟੀ ਦੀ ਟਿਕਟ ’ਤੇ ਜਿੱਤੇ ਅਤੇ ਬਾਅਦ ਵਿਚ ਆਮ ਆਦਮੀ ਪਾਰਟੀ ਵਿਚ ਸ਼ਾਮਿਲ ਹੋ ਗਏ ਕੌਂਸਲਰ ਮੁਹੰਮਦ ਅਕਬਰ ਭੋਲੀ ਦਾ 31 ਜੁਲਾਈ 2022 ਨੂੰ ਕਤਲ ਹੋ ਜਾਣ ਕਾਰਨ ਨਗਰ ਕੌਂਸਲ ਵਿਚ ਪਿਛਲੇ 10 ਮਹੀਨਿਆਂ ਤੋਂ ਇਹ ਸੀਟ ਖਾਲੀ ਪਈ ਹੈ। ਕਾਂਗਰਸ ਪਾਰਟੀ ਦੇ ਮੌਜੂਦਾ ਅੰਕੜੇ ਮੁਤਾਬਿਕ ਮੁਹੰਮਦ ਇਕਬਾਲ ਲਾਲੀ, ਮਨਜੀਤ ਕੌਰ, ਮਨੋਜ ਉਪਲ, ਅਬਦੁਲ ਰਹਿਮਾਨ ਪੱਪਾ, ਫਾਰੂਕ ਅਹਿਮਦ ਅਨਸਾਰੀ, ਈਸ਼ਾ ਅਕਰਮ, ਰਜ਼ੀਆ ਪਰਵੀਨ, ਸ਼ਬਾਨਾ ਅਤੇ ਫਿਰਦੌਸ ਅਕਰਮ ਸਮੇਤ 9 ਕੌਂਸਲਰ ਰਹਿ ਗਏ ਹਨ।ਭਾਰਤੀ ਜਨਤਾ ਪਾਰਟੀ ਕੋਲ ਦੋਵੇਂ ਮਹਿਲਾ ਕੌਂਸਲਰਾਂ ਸ੍ਰੀ ਮਤੀ ਨੀਨਾ ਕਿੰਗਰ ਅਤੇ ਸ੍ਰੀ ਮਤੀ ਮਾਲਤੀ ਸਿੰਗਲਾ ਦੀ ਹਿਮਾਇਤ ਬਰਕਰਾਰ ਹੈ। ਸ਼੍ਰੋਮਣੀ ਅਕਾਲੀ ਦਲ ਕੋਲ ਕੇਵਲ ਇਕ ਕੌਂਸਲਰ ਮੁਹੰਮਦ ਸ਼ਕੀਲ ਦੀ ਵੋਟ ਰਹਿ ਗਈ ਹੈ। ਸਥਾਨਕ ਸਿਆਸੀ ਮਾਹਿਰਾਂ ਮੁਤਾਬਿਕ ਨਗਰ ਕੌਂਸਲ ਦੇ ਸੀਨੀਅਰ ਉਪ ਪ੍ਰਧਾਨ ਅਤੇ ਉਪ ਪ੍ਰਧਾਨ ਦੀ ਚੋਣ ਸਤ੍ਹਾਧਾਰੀ ਆਮ ਆਦਮੀ ਪਾਰਟੀ ਲਈ ਭਾਰੀ ਬਹੁਮੱਤ ਹੋਣ ਦੇ ਬਾਵਜੂਦ ਟੇਢੀ ਖੀਰ ਸਾਬਿਤ  ਹੋ ਸਕਦੀ ਹੈ। ਕਿਉਂ ਕਿ ਨਗਰ ਕੌਂਸਲ ਪ੍ਰਧਾਨਗੀ ਦੇ ਚਾਹਵਾਨ ਕੌਂਸਲਰਾਂ ਦੀ ਭਾਰੀ ਫੌਜ ਵਿਚੋਂ ਕੋਈ ਦੋ ਕੌਂਸਲਰਾਂ ਨੂੰ ਸੀਨੀਅਰ ਮੀਤ ਪ੍ਰਧਾਨ ਅਤੇ ਮੀਤ ਪ੍ਰਧਾਨ  ਬਣਾ ਕੇ ਐਡਜਸਟ ਕੀਤਾ ਜਾ ਸਕਦਾ ਹੈ। ਇਹ ਵੀ ਚਰਚਾ ਹੈ ਕਿ ਇਸ ਚੋਣ ਤੋਂ ਬਾਅਦ ਮੌਜੂਦਾ ਪ੍ਰਧਾਨ ਤੋਂ ਅਸਤੀਫਾ ਵੀ ਲਿਆ ਜਾ ਸਕਦਾ ਹੈ ਤਾਂ ਕਿ ਨਵੇਂ ਚੁਣੇ ਸੀਨੀਅਰ ਮੀਤ ਪ੍ਰਧਾਨ ਰਾਹੀਂ  ਨਗਰ ਕੌਂਸਲ ਦਾ ਪਿਛਲੀਆਂ ਸਰਕਾਰਾਂ ਵਾਂਗ ਕੰਮ ਚਲਾਇਆ ਜਾ ਸਕੇ। ਦੇਖਣਾ ਇਹ ਹੈ ਕਿ 19 ਮਈ ਨੂੰ ਉਕਤ ਚੋਣ ਸਮੇਂ ਊਠ ਕਿਸ ਕਰਵਟ ਬੈਠਦਾ ਹੈ। ਇਹ ਚੋਣ ਸਥਾਨਕ ਵਿਧਾਇਕ ਦੇ ਇਮਤਿਹਾਨ ਦੀ ਘੜੀ ਹੈ।

Similar Posts

Leave a Reply

Your email address will not be published. Required fields are marked *