ਆਬੂ ਧਾਬੀ/ਮਲੇਰਕੋਟਲਾ, 15 ਜੁਲਾਈ (ਬਿਉਰੋ): ਸੰਯੁਕਤ ਅਰਬ ਅਮੀਰਾਤ (UAE) ਨਾਲ ਭਾਰਤ ਦਾ ਵਪਾਰ ਜਲਦੀ ਹੀ 100 ਬਿਲੀਅਨ ਡਾਲਰ ਨੂੰ ਛੂਹ ਜਾਵੇਗਾ । ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ਨੀਵਾਰ ਨੂੰ ਯੂਏਈ ਦੇ ਰਾਸ਼ਟਰਪਤੀ ਸ਼ੇਖ ਮੁਹੰਮਦ ਬਿਨ ਜਾਏਦ ਅਲ ਨਾਹਯਾਨ ਨਾਲ ਆਪਣੀ ਇੱਕ ਦਿਨਾਂ ਯਾਤਰਾ ਦੌਰਾਨ ਗੱਲਬਾਤ ਕਰਨ ਤੋਂ ਬਾਅਦ ਇਹ ਗੱਲ ਕਹੀ । ਦੋਵਾਂ ਦੇਸ਼ਾਂ ਦੇ ਸਬੰਧਾਂ ਨੂੰ ਹੋਰ ਮਜ਼ਬੂਤ ਕਰਨ ਲਈ ਯੂਏਈ ਵਿੱਚ ਆਈਆਈਟੀ ਦਿੱਲੀ ਦਾ ਇੱਕ ਕੈਂਪਸ ਵੀ ਖੋਲ੍ਹਿਆ ਜਾਵੇਗਾ ।
ਦਿੱਲੀ ਦੇ ਮਾਰੂਫ ਮੀਡੀਆ ਅਦਾਰੇ ‘ਡੇਲੀ ਹਮਾਰੀ ਦੁਨੀਆ’ ਦੇ ਹਵਾਲੇ ਨਾਲ ਪ੍ਰਧਾਨ ਮੰਤਰੀ ਮੋਦੀ ਦਾ ਯੂਏਈ ਪਹੁੰਚਣ ‘ਤੇ ਰਾਸ਼ਟਰਪਤੀ ਭਵਨ ਕਸਰ ਅਲ-ਵਤਨ ਵਿਖੇ ਰਸਮੀ ਸਵਾਗਤ ਕੀਤਾ ਗਿਆ । ਇੱਥੇ ਸੰਯੁਕਤ ਅਰਬ ਅਮੀਰਾਤ ਦੇ ਰਾਸ਼ਟਰਪਤੀ ਸ਼ੇਖ ਮੁਹੰਮਦ ਬਿਨ ਜਾਏਦ ਅਲ ਨਾਹਯਾਨ ਨੇ ਪ੍ਰਧਾਨ ਮੰਤਰੀ ਮੋਦੀ ਦਾ ਗਰਮਜੋਸ਼ੀ ਨਾਲ ਸਵਾਗਤ ਕੀਤਾ । ਯੂਏਈ ਦੇ ਰਾਸ਼ਟਰਪਤੀ ਸ਼ੇਖ ਮੁਹੰਮਦ ਬਿਨ ਜਾਏਦ ਅਲ ਨਾਹਯਾਨ ਅਤੇ ਪ੍ਰਧਾਨ ਮੰਤਰੀ ਮੋਦੀ ਦੀ ਮੌਜੂਦਗੀ ਵਿੱਚ ਭਾਰਤ ਅਤੇ ਯੂਏਈ ਦਰਮਿਆਨ ਸਹਿਮਤੀ ਪੱਤਰ ਦਾ ਆਦਾਨ-ਪ੍ਰਦਾਨ ਕੀਤਾ ਗਿਆ । ਯੂਏਈ ਦੇ ਰਾਸ਼ਟਰਪਤੀ ਨੇ ਭਾਰਤੀ ਪ੍ਰਧਾਨ ਮੰਤਰੀ ਦਾ ਸਵਾਗਤ ਕਰਨ ਤੋਂ ਬਾਅਦ ਹਿੰਦੀ ਵਿੱਚ ਟਵੀਟ ਕੀਤਾ । ਉਨ੍ਹਾਂ ਟਵੀਟ ‘ਚ ਲਿਖਿਆ, ”ਮੈਨੂੰ ਅੱਜ ਅਬੂ ਧਾਬੀ ‘ਚ ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਸਵਾਗਤ ਕਰਨ ਦਾ ਮੌਕਾ ਮਿਲਿਆ । ਅਸੀਂ ਆਪਣੇ ਦੁਵੱਲੇ ਸਬੰਧਾਂ ਦੀ ਚੱਲ ਰਹੀ ਪ੍ਰਗਤੀ, ਟਿਕਾਊ ਵਿਸ਼ਵ ਵਿਕਾਸ ਨੂੰ ਉਤਸ਼ਾਹਿਤ ਕਰਨ ਵਿੱਚ ਸਾਡੀ ਸਾਂਝੀ ਦਿਲਚਸਪੀ ਅਤੇ ਸਾਡੇ ਦੇਸ਼ਾਂ ਅਤੇ ਸਾਡੇ ਲੋਕਾਂ ਵਿਚਕਾਰ ਸਹਿਯੋਗ ਨੂੰ ਹੋਰ ਵਧਾਉਣ ਦੇ ਤਰੀਕਿਆਂ ਬਾਰੇ ਚਰਚਾ ਕੀਤੀ ।
ਮੋਦੀ ਨੇ ਸ਼ੇਖ ਮੁਹੰਮਦ ਬਿਨ ਜ਼ਾਇਦ ਅਲ ਨਾਹਯਾਨ ਨਾਲ ਵਪਾਰ, ਨਿਵੇਸ਼ ਅਤੇ ਰੱਖਿਆ ਸਬੰਧਾਂ ਸਮੇਤ ਹੋਰ ਮੁੱਦਿਆਂ ‘ਤੇ ਚਰਚਾ ਕੀਤੀ । ਉਨ੍ਹਾਂ ਕਿਹਾ ਕਿ ਸਾਡੇ ਦੁਵੱਲੇ ਵਪਾਰ ਵਿੱਚ 20 ਫੀਸਦੀ ਦਾ ਵਾਧਾ ਹੋਇਆ ਹੈ । ਅਸੀਂ 85 ਬਿਲੀਅਨ ਡਾਲਰ ਦਾ ਵਪਾਰ ਹਾਸਲ ਕਰ ਲਿਆ ਹੈ ਅਤੇ ਜਲਦੀ ਹੀ ਅਸੀਂ 100 ਬਿਲੀਅਨ ਡਾਲਰ ਦਾ ਟੀਚਾ ਹਾਸਲ ਕਰ ਲਵਾਂਗੇ । ਭਾਰਤ ਅਤੇ ਯੂਏਈ ਨੇ ਤਿੰਨ ਮਹੀਨਿਆਂ ਦੇ ਅੰਦਰ ਇਤਿਹਾਸਕ ਸਮਝੌਤਿਆਂ ‘ਤੇ ਦਸਤਖਤ ਕੀਤੇ ਹਨ । ਦੋਵੇਂ ਦੇਸ਼ ਆਪਣੀ ਸਾਂਝੇਦਾਰੀ ਨੂੰ ਮਜ਼ਬੂਤ ਕਰਨ ਲਈ ਨਵੇਂ ਕਦਮ ਚੁੱਕ ਰਹੇ ਹਨ । ਦੋਵਾਂ ਦੇਸ਼ਾਂ ਦੀਆਂ ਮੁਦਰਾਵਾਂ ਵਿੱਚ ਵਪਾਰਕ ਸਮਝੌਤੇ ‘ਤੇ ਅੱਜ ਦਾ ਸਮਝੌਤਾ ਇਸ ਮਜ਼ਬੂਤ ਆਰਥਿਕ ਸਹਿਯੋਗ ਅਤੇ ਵਿਸ਼ਵਾਸ ਨੂੰ ਦਰਸਾਉਂਦਾ ਹੈ।
ਪ੍ਰਧਾਨ ਮੰਤਰੀ ਮੋਦੀ ਦੀ UAE ਫੇਰੀ ਦੌਰਾਨ UAE ‘ਚ ਰਹਿਣ ਵਾਲੇ ਭਾਰਤੀਆਂ ਅਤੇ ਭਾਰਤੀ ਪ੍ਰਵਾਸੀਆਂ ਨੂੰ ਵੱਡਾ ਤੋਹਫਾ ਮਿਲਿਆ ਹੈ । ਪ੍ਰਧਾਨ ਮੰਤਰੀ ਦੀ ਫੇਰੀ ਦੌਰਾਨ ਭਾਰਤ ਸਰਕਾਰ ਅਤੇ ਸੰਯੁਕਤ ਅਰਬ ਅਮੀਰਾਤ ਦਰਮਿਆਨ ਇਤਿਹਾਸਕ ਸਮਝੌਤਾ ਹੋਇਆ । ਸਮਝੌਤੇ ਦੇ ਤਹਿਤ, ਇੰਡੀਅਨ ਇੰਸਟੀਚਿਊਟ ਆਫ ਟੈਕਨਾਲੋਜੀ ਯਾਨੀ IIT ਦਿੱਲੀ ਯੂਏਈ ਵਿੱਚ ਉੱਚ ਸਿੱਖਿਆ ਨੂੰ ਉਤਸ਼ਾਹਿਤ ਕਰਨ ਲਈ ਆਪਣਾ ਕੈਂਪਸ ਖੋਲ੍ਹੇਗਾ। ਕੈਂਪਸ ਜਨਵਰੀ 2024 ਤੋਂ ਮਾਸਟਰ ਕੋਰਸ ਅਤੇ ਅਗਲੇ ਸਾਲ ਸਤੰਬਰ ਤੋਂ ਗ੍ਰੈਜੂਏਟ ਕੋਰਸ ਸ਼ੁਰੂ ਕਰੇਗਾ ।



