ਜਨਤਾ ਦੇ ਕੰਮ ਪਹਿਲ ਦੇ ਅਧਾਰ ਤੇ ਸਮਾਂਬੱਧ ਤਰੀਕੇ ਨਾਲ ਕੀਤੇ ਜਾਣਗੇ-ਤਹਿਸੀਲਦਾਰ ਰਾਮ ਲਾਲ
ਮਲੇਰਕੋਟਲਾ, 18 ਜੁਲਾਈ (ਅਬੂ ਜ਼ੈਦ): ਪਿਛਲੇ ਦਿਨੀਂ ਪੰਜਾਬ ਦੇ ਮਾਲ ਵਿਭਾਗ ਨੇ ਵੱਡੇ ਪੱਧਰ ‘ਤੇ ਤਹਿਸੀਲਦਾਰਾਂ ਅਤੇ ਨਾਇਬ ਤਹਿਸੀਲਦਾਰਾਂ ਦੇ ਤਬਾਦਲੇ ਕੀਤੇ ਗਏ । ਲਿਸਟ ਜਾਰੀ ਹੋਣ ਤੋਂ ਤੁਰੰਤ ਬਾਦ ਇਹ ਹੁਕਮ ਜਾਰੀ ਕਰ ਦਿੱਤੇ ਗਏ ਕਿ ਪੰਜਾਬ ਅੰਦਰ ਆਏ ਹੜ੍ਹ ਕਾਰਣ ਪ੍ਰਭਾਵਿਤ ਇਲਾਕਿਆਂ ਦੇ ਅਧਿਕਾਰੀ ਆਪਣਾ ਸਥਾਨ ਅਜੇ ਨਾ ਛੱਡਣ । ਇਸੇ ਤਹਿਤ ਤਹਿਸੀਲਦਾਰ ਮਨਜੀਤ ਸਿੰਘ ਰਾਜਲਾ ਦਾ ਧੂਰੀ ਅਤੇ ਨਾਇਬ ਤਹਿਸੀਲਦਾਰ ਖੁਸ਼ਵਿੰਦਰ ਕੁਮਾਰ ਦਾ ਦਿੜ੍ਹਬਾ ਵਿਖੇ ਤਬਾਦਲੇ ਹੋਣ ਤੋਂ ਬਾਅਦ ਨਾਇਬ ਤਹਿਸੀਲਦਾਰ ਰਾਮ ਲਾਲ ਜੀ ਨੇ ਨਾਇਬ ਤਹਿਸੀਲਦਾਰ ਮਲੇਰਕੋਟਲਾ ਅਤੇ ਵਾਧੂ ਚਾਰਜ ਤਹਿਸੀਲਦਾਰ ਮਲੇਰਕੋਟਲਾ ਦਾ ਅਹੁਦਾ ਸੰਭਾਲ ਲਿਆ ਹੈ। ਇਸ ਮੌਕੇ ਦੀ ਰੈਵੀਨਿਊ ਪਟਵਾਰ ਯੂਨੀਅਨ ਮਲੇਰਕੋਟਲਾ ਵੱਲੋਂ ਉਨ੍ਹਾਂ ਨੂੰ ਫੁੱਲਾਂ ਦਾ ਗੁਲਦਸਤਾ ਦੇ ਕੇ ਰਸਮੀ ਤੌਰ ‘ਤੇ ਹਾਰਦਿਕ ਸਵਾਗਤ ਕੀਤਾ ਗਿਆ। ਤਹਿਸੀਲ ਪ੍ਰਧਾਨ ਹਰਜੀਤ ਸਿੰਘ ਰਾਹੀ ਨੇ ਵਿਸ਼ਵਾਸ ਦਿਵਾਇਆ ਕਿ ਸਮੂਹ ਪਟਵਾਰੀ ਉਨ੍ਹਾਂ ਨੂੰ ਪੂਰਨ ਤੌਰ ਤੇ ਸਹਿਯੋਗ ਦੇਣਗੇ ਤਾਂ ਜੋ ਪਬਲਿਕ ਦੇ ਕੰਮ ਸਮੇਂ ਸਿਰ ਹੋ ਸਕਣ। ਅਹੁੱਦਾ ਸੰਭਾਲਣ ਉਪਰੰਤ ਨਵ-ਨਿਯੁੱਕਤ ਨਾਇਬ ਤਹਿਸੀਲਦਾਰ ਸਾਹਿਬ ਨੇ ਪ੍ਰੈਸ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਜਨਤਾ ਨੂੰ ਕਿਸੇ ਵੀ ਕਿਸਮ ਦੀ ਪਰੇਸ਼ਾਨੀ ਨਹੀਂ ਆਉਣ ਦਿੱਤੀ ਜਾਵੇਗੀ, ਉਨ੍ਹਾਂ ਦੇ ਕੰਮ ਸਮਾਂਬੱਧ ਤਰੀਕੇ ਨਾਲ ਪਹਿਲ ਦੇ ਆਧਾਰ ਤੇ ਕੀਤੇ ਜਾਣਗੇ। ਜ਼ਿਕਰਯੋਗ ਹੈ ਕਿ ਪਿਛਲੇ ਕਈ ਹਫਤਿਆਂ ਤੋਂ ਸਿਰਫ ਤਹਿਸੀਲਦਾਰ ਹੀ ਸੇਵਾਵਾਂ ਨਿਭਾ ਰਹੇ ਸਨ ਨਾਇਬ ਤਹਿਸੀਲਦਾਰ ਦਾ ਪਦ ਕੁਝ ਕਾਰਣਾਂ ਕਰਕੇ ਖਾਲੀ ਪਿਆ ਸੀ ਜਿਸ ਕਾਰਣ ਲੱਖਾਂ ਦੀ ਅਬਾਦੀ ਵਾਲੇ ਸ਼ਹਿਰ ਦੇ ਲੋਕਾਂ ਨੂੰ ਅਨੇਕਾਂ ਪ੍ਰੇਸ਼ਾਨੀਆਂ ਝੱਲਣੀਆਂ ਪਈਆਂ । ਇਸ ਮੌਕੇ ਜ਼ਿਲ੍ਹਾ ਜਨਰਲ ਸਕੱਤਰ ਹਰਦੀਪ ਸਿੰਘ ਮੰਡੇਰ, ਪਟਵਾਰੀ ਮਲਕੀਤ ਸਿੰਘ, ਅਮਨਦੀਪ ਸਿੰਘ ਅਤੇ ਦਫ਼ਤਰ ਕਾਨੂੰਗੋ ਚਮਕੌਰ ਸਿੰਘ ਹਾਜ਼ਰ ਸਨ।
ਫੋਟੋ ਕੈਪਸ਼ਨ: ਤਹਿਸੀਲ ਦਫਤਰ ਮਲੇਰਕੋਟਲਾ ਵਿਖੇ ਰੈਵਨਿਊ ਪਟਵਾਰ ਯੂਨੀਅਨ ਦੇ ਮੈਂਬਰ ਤਹਿਸੀਲਦਾਰ ਸ੍ਰੀ ਰਾਮ ਲਾਲ ਦਾ ਸਵਾਗਤ ਕਰਦੇ ਹੋਏ ।



