ਮਲੇਰਕੋਟਲਾ, 23 ਅਗਸਤ (ਬਿਉਰੋ): ਪੰਜਾਬ ਦੀ ਜਵਾਨੀ ਪਿਛਲੇ ਕਈ ਸਾਲਾਂ ਤੋਂ ਨਸ਼ਿਆਂ ਦੀ ਦਲਦਲ ‘ਚ ਫਸੀ ਹੋਈ ਹੈ । ਪੰਜਾਬ ਸਰਕਾਰ ਵੱਲੋਂ ਚਲਾਏ ਜਾ ਰਹੇ ਅਭਿਯਾਨ “ਡਰੱਗ ਫਰੀ ਪੰਜਾਬ” ਨੇ ਪੰਜਾਬੀਆਂ ਦੀਆਂ ਉਮੀਦਾਂ ਬੰਨ ਦਿੱਤੀਆਂ ਹਨ । ਇਸ ਮੁਹਿੰਮ ਵਿੱਚ ਆਪਣਾ ਯੋਗਦਾਨ ਪਾਉਂਦੇ ਹੋਏ ਪੰਜਾਬ ਦੀ ਨਾਮਵਰ ਸਮਾਜਸੇਵੀ ਸੰਸਥਾ ਮੁਸਲਿਮ ਸਿੱਖ ਫਰੰਟ ਆਫ ਪੰਜਾਬ ਵੱਲੋਂ ਅਗਸਤ 2023 ਤੋਂ ਨਸ਼ਾ ਵਿਰੋਧੀ ਮੁਹਿੰਮ ਦਾ ਆਰੰਭ ਕੀਤਾ ਗਿਆ । ਸੰਸਥਾ ਵੱਲੋਂ ਗਲੀ-ਮੁਹੱਲਿਆਂ, ਪਿੰਡਾਂ ਦੀਆਂ ਸੱਥਾਂ ਵਿੱਚ ਜਾ ਕੇ ਲੋਕਾਂ ਨੂੰ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਤੋਂ ਜਾਣੂ ਕਰਵਾ ਕੇ ਨਸ਼ਿਆਂ ਦੇ ਖਿਲਾਫ ਜਾਗਰੂਕ ਕੀਤਾ ਜਾ ਰਿਹਾ ਹੈ ਅਤੇ ਨਸ਼ਾ ਕਰਨ ਦੇ ਆਦੀ ਵਿਅਕਤੀਆਂ ਦਾ ਨਸ਼ਾ ਛੁਡਵਾਉਣ ਲਈ ਹਰ ਤਰ੍ਹਾਂ ਦੀ ਸੰਭਵ ਮਦਦ ਕੀਤੀ ਜਾ ਰਹੀ ਹੈ।ਇਸ ਸਬੰਧੀ ਸਾਡੇ ਪੱਤਰਕਾਰ ਨਾਲ ਗੱਲਬਾਤ ਕਰਦਿਆਂ ਜੱਥੇਬੰਦੀ ਦੇ ਆਗੂ ਵਸੀਮ ਸ਼ੇਖ ਨੇ ਦੱਸਿਆ ਅੱਜ ਇਸ ਮਿਸ਼ਨ ਵਿੱਚ ਆ ਰਹੀਆਂ ਸਮੱਸਿਆਵਾਂ ਸਬੰਧੀ ਡਿਪਟੀ ਕਮਿਸ਼ਨਰ ਮਲੇਰਕੋਟਲਾ ਨੂੰ ਇੱਕ ਮੰਗ ਪੱਤਰ ਦਿੱਤਾ ਗਿਆ । ਇਸ ਮੰਗ ਪੱਤਰ ਰਾਹੀਂ ਪ੍ਰਸ਼ਾਸਨ ਤੋਂ ਇਹ ਮੰਗ ਕੀਤੀ ਗਈ ਹੈ ਕਿ ਜੋ ਨੌਜਵਾਨ ਨਸ਼ੇ ਦੇ ਆਦੀ ਹੋ ਚੁੱਕੇ ਹਨ ਉਹਨਾਂ ਦੇ ਇਲਾਜ ਲਈ ਨਸ਼ਾ ਛੁਡਾਉ ਕੇਂਦਰਾਂ ਦਾ ਪੁਖਤਾ ਪ੍ਰਬੰਧ ਕੀਤੇ ਜਾਵੇ ਜੋ 24 ਘੰਟੇ ਖੁੱਲਾ ਰਹੇ, ਨਸ਼ੇ ਦੇ ਆਦੀ ਵਿਅਕਤੀਆਂ ਨੂੰ ਦਾਖਲ ਕਰਨ ਦੀ ਸੁਵਿਧਾ ਹੋਵੇ, ਕੇਂਦਰ ਵਿੱਚ ਰੱਖਕੇ ਹੀ ਮਰੀਜ਼ਾਂ ਦਾ ਇਲਾਜ ਕੀਤਾ ਜਾਵੇ ਤਾਂ ਜੋ ਨਸ਼ੇ ਦੀ ਦਲਦਲ ਵਿੱਚੋਂ ਪੰਜਾਬ ਦੀ ਜਵਾਨੀ ਨੂੰ ਕੱਢਿਆ ਜਾ ਸਕੇ ਅਤੇ ਉਹ ਇੱਕ ਚੰਗੇ ਨਾਗਰਿਕ ਬਣਕੇ ਜੀਵਨ ਬਤੀਤ ਕਰ ਸਕਣ । ਉਹਨਾਂ ਇਹ ਵੀ ਮੰਗ ਕੀਤੀ ਕਿ ਸ਼ਹਿਰ ਅੰਦਰ ਚੱਲ ਰਹੇ ਮੈਡੀਕਲ ਸਟੋਰਾਂ ਵਾਲਿਆਂ ਨੂੰ ਵੀ ਸਹਿਯੋਗ ਕਰਨ ਲਈ ਕਿਹਾ ਜਾਵੇ ਤਾਂ ਜੋ ਉਹ ਡਾਕਟਰ ਦੀ ਪਰਚੀ ਤੋਂ ਬਿਨ੍ਹਾਂ ਕਿਸੇ ਵੀ ਵਿਅਕਤੀ ਨੂੰ ਸਰਿੰਜ, ਨੀਡਲ ਅਤੇ ਨਸ਼ੇ ਵਾਲੀ ਕਿਸੇ ਕਿਸਮ ਦੀ ਦਵਾਈ ਨਾ ਦੇਣ ।
