ਮੁੱਖ ਮੰਤਰੀ ਅਤੇ ਸਿਹਤ ਮੰਤਰੀ ਨੂੰ ਹਸਪਤਾਲ ਵਿੱਚ ਡਾਕਟਰਾਂ ਅਤੇ ਸਟਾਫ ਦੀ ਘਾਟ ਪੂਰੀ ਕਰਨ ਦੀ ਅਪੀਲ
ਮਲੇਰਕੋਟਲਾ, 11 ਅਕਤੂਬਰ (ਅਬੂ ਜ਼ੈਦ): ਜਦੋਂ ਆਮ ਆਦਮੀ ਪਾਰਟੀ ਦਾ ਜਨਮ ਹੋਇਆ ਤਾਂ ਲੋਕਾਂ ਨੂੰ ਇਹ ਉਮੀਦ ਜਾਗੀ ਕਿ ਹੁਣ ਜਨਤਕ ਕੰੰਮਾਂ ਲਈ ਧਰਨੇ ਵਗੈਰਾ ਨਹੀਂ ਲਗਾਉਣੇ ਪੈਣਗੇ ਕਿਉਂਕਿ ਪਾਰਟੀ ਖੁਦ ਧਰਨਿਆਂ ਵਿੱਚੋਂ ਨਿਕਲੀ ਹੈ, ਆਮ ਆਦਮੀ ਦਾ ਦੁੱਖ ਦਰਦ ਸਮਝਦੀ ਹੈ । ਪਰੰਤੂ ਪੰਜਾਬ ਅੰਦਰ ‘ਆਪ’ ਦੀ ਸਰਕਾਰ ਬਣੇ ਡੇਢ ਸਾਲ ਤੋਂ ਵੱਧ ਸਮਾਂ ਹੋ ਗਿਆ ਹੈ ਅਤੇ ਧਰਨੇ ਪਹਿਲੀਆਂ ਸਰਕਾਰਾਂ ਤੋਂ ਵੀ ਵਧ ਗਏ ਹਨ । ਇਸੇ ਲੜੀ ਤਹਿਤ ਸਿਵਲ ਹਸਪਤਾਲ ਮਲੇਰਕੋਟਲਾ ਅੰਦਰ ਲੰਬੇ ਸਮੇਂ ਤੋਂ ਡਾਕਟਰਾਂ ਦੀ ਘਾਟ ਕਾਰਨ ਮਰੀਜ਼ਾਂ ਨੂੰ ਇਲਾਜ ਲਈ ਖੱਜਲ-ਖੁਆਰ ਹੋ ਰਹੇ ਹਨ ਅਤੇ ਮਜ਼ਬੂਰੀਵਸ਼ ਪ੍ਰਾਈਵੇਟ ਹਸਪਤਾਲਾਂ ਦੀ ਲੁੱਟ ਦਾ ਸ਼ਿਕਾਰ ਹੋਣ ਲਈ ਮਜ਼ਬੂਰ ਹਨ । ਮਲੇਰਕੋਟਲਾ ਦੇ ਲੋਕਾਂ ਦੀ ਆਵਾਜ਼ ਬਣਦਿਆਂ ਇਲਾਕੇ ਦੀ ਨਾਮਵਰ ਸਮਾਜਸੇਵੀ ਸੰਸਥਾ “ਡਾ.ਅਬਦੁੱਲ ਕਲਾਮ ਵੈਲਫੇਅਰ ਫਰੰਟ ਆਫ ਪੰਜਾਬ” ਦੁਆਰਾ ਹਸਪਤਾਲ ਅੱਗੇ 9 ਅਕਤੂਬਰ ਤੋਂ ਹਸਪਤਾਲ ਵਿੱਚ ਡਾਕਟਰਾਂ ਦੀ ਘਾਟ ਪੂਰੀ ਹੋਣ ਤੱਕ ਪੱਕਾ ਧਰਨਾ ਸ਼ੁਰੂ ਕੀਤਾ ਹੋਇਆ ਹੈ । ਜਿਸ ਵਿੱਚ ਕਾਂਗਰਸ, ਸ੍ਰੋਮਣੀ ਅਕਾਲੀ ਦਲ ਮਾਨ ਅਤੇ ਸੀ.ਪੀ.ਆਈ.(ਐਮ) ਦੇ ਨਾਲ ਬਹੁਜਨ ਸਮਾਜ ਪਾਰਟੀ, ਭਾਰਤੀ ਕਿਸਾਨ ਯੂਨੀਅਨ ਆਜ਼ਾਦ, ਮੀਰ ਏ ਕਾਫਲਾ, ਜਮਾਅਤ ਏ ਇਸਲਾਮੀ ਹਿੰਦ ਸਮੇਤ ਵੱਖ-ਵੱਖ ਸਮਾਜਸੇਵੀ, ਸਿਆਸੀ ਪਾਰਟੀਆਂ, ਕਿਸਾਨ ਮਜ਼ਦੂਰ ਯੂਨੀਅਨਾਂ ਆਪਣੀ ਹਾਜ਼ਰੀ ਲਗਵਾਕੇ ਸਮਰਥਨ ਦਾ ਐਲਾਨ ਕੀਤਾ।
ਧਰਨਾਕਾਰੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਸਿਹਤ ਮੰਤਰੀ ਡਾ. ਬਲਬੀਰ ਸਿੰਘ ਕੋਲੋਂ ਮੰਗ ਕਰ ਰਹੇ ਹਨ ਕਿ ਮਲੇਰਕੋਟਲਾ ਹਸਪਤਾਲ ਵਿਚ ਡਾਕਟਰਾਂ ਅਤੇ ਪੈਰਾ ਮੈਡੀਕਲ ਸਟਾਫ ਦੀਆਂ ਖਾਲੀ ਪਈਆਂ ਪੋਸਟਾਂ ਤੁਰੰਤ ਭਰੀਆਂ ਜਾਣ । ਬੁਲਾਰਿਆਂ ਨੇ ਜਿੱਥੇ ਸਿਵਲ ਹਸਪਤਾਲ ਮਲੇਰਕੋਟਲਾ ਅੰਦਰ ਇਲਾਜ ਲਈ ਆਉਂਦੇ ਗਰੀਬ ਲੋਕਾਂ ਦੀ ਹੋ ਰਹੀ ਖੱਜਲ-ਖੁਆਰੀ ਅਤੇ ਦਵਾਈਆਂ ਤੇ ਟੈਸਟਾਂ ਦੇ ਨਾਂ ਹੇਠ ਹੋ ਰਹੀ ਲੁੱਟ ਦੇ ਪਰਦੇ ਫਾਸ਼ ਕੀਤੇ ਉੱਥੇ ਪੰਜਾਬ ਦੀ ਭਗਵੰਤ ਮਾਨ ਸਰਕਾਰ ਵੱਲੋਂ ਆਮ ਆਦਮੀ ਕਲੀਨਿਕਾਂ ਦੇ ਨਾਂ ਹੇਠ ਲਾਗੂ ਕੀਤੇ ਜਾ ਰਹੇ ‘ਦਿੱਲੀ ਮਾਡਲ’ ਨੂੰ ਪੰਜਾਬ ਅੰਦਰ ਚੱਲ ਰਹੇ ਚੰਗੇ ਭਲੇ ਸਿਹਤ ਸਿਸਟਮ ਨੂੰ ਬਰਬਾਦ ਕਰਨ ਦੀ ਕੋਝੀ ਸਾਜ਼ਿਸ਼ ਦੱਸਿਆ। ਫਰੰਟ ਦੇ ਆਗੂਆਂ ਵੱਲੋਂ ਹਸਪਤਾਲ ਵਿਚ ਪਿਛਲੇ ਕਈ ਦਿਨਾਂ ਤੋਂ ਆਪਣੀ ਅਲਟਰਾ ਸਾਊਂਡ ਰਿਪੋਰਟ ਦਿਖਾਉਣ ਲਈ ਖੱਜਲ ਖੁਆਰ ਹੋ ਰਹੀ ਇਕ ਮਹਿਲਾ ਨੂੰ ਸਟੇਜ ਉਪਰ ਲੋਕਾਂ ਸਾਹਮਣੇ ਲਿਆ ਕੇ ਖੂਲਾਸਾ ਕੀਤਾ ਕਿ ਹਸਪਤਾਲ ਦੀ ਇਕ ਮਹਿਲਾ ਡਾਕਟਰ ਇਸ ਮਰੀਜ ਦੀ ਰਿਪੋਰਟ ਗਿਆਰਾਂ ਵਜੇ ਤੋਂ ਬਾਅਦ ਦੇਖਣ ਤੋਂ ਵੀ ਇਨਕਾਰ ਰਹੀ ਹੈ। ਬੁਲਾਰਿਆਂ ਨੇ ਹਸਪਤਾਲ ਅੰਦਰ ਹੋਰ ਰਹੇ ਭ੍ਰਿਸ਼ਟਾਚਾਰ ਬਾਰੇ ਵੀ ਖੁਲਾਸੇ ਕੀਤੇ । ਅਦਾਰਾ ਅਬੂ ਜ਼ੈਦ ਨਾਲ ਗੱਲਬਾਤ ਕਰਦਿਆਂ ਡਾ. ਅਬਦੁਲ ਕਲਾਮ ਫਰੰਟ ਦੇ ਪ੍ਰਬੰਧਕ ਮੁਨਸ਼ੀ ਫਾਰੂਕ ਅਤੇ ਸ਼ਾਹਿਦ ਜ਼ੁਬੈਰੀ ਨੇ ਦੱਸਿਆ ਕਿ ਮੁਤਾਬਿਕ ਹਸਪਤਾਲ ਦੇ ਮੁੱਖ ਗੇਟ ਅੱਗੇ ਲਗਾਇਆ ਗਿਆ ਧਰਨਾ ਮੰਗਾਂ ਪੂਰੀਆਂ ਹੋਣ ਤੱੱਕ ਲਗਾਤਾਰ ਜਾਰੀ ਰਹੇਗਾ ।
ਜ਼ਿਕਰਯੋਗ ਹੈ ਕਿ ਮਲੇਰਕੋਟਲਾ ਸਿਰਫ ਡਾਕਟਰਾਂ ਦੀ ਕਮੀ ਨਾਲ ਹੀ ਨਹੀਂ ਬਲਿਕ ਸਕੂਲਾਂ ਵਿੱਚ ਅਧਿਆਪਕਾਂ ਦੀ ਬਹੁਤ ਘਾਟ ਹੈ । ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੇ ਅਤੇ ਲੜਕੀਆਂ ਵਿੱਚ ਸਾਇੰਸ ਵਿਸ਼ੇ ਹੋਣ ਦੇ ਬਾਵਜੂਦ ਸਾਇੰਸ ਦੇ ਅਧਿਆਪਕ ਨਹੀਂ ਹਨ ।ਜਿਸ ਸਬੰਧੀ ‘ਆਪ’ ਸਰਕਾਰ ਦੇ ਹੁਣ ਤੱਕ ਦੇ ਤਿੰਨਾਂ ਸਿੱਖਿਆ ਮੰਤਰੀਆਂ, ਮੁੱਖ ਮੰਤਰੀ ਪੰਜਾਬ ਨੂੰ ਮੰਗ ਪੱਤਰ ਭੇਜੇ ਜਾ ਚੁੱਕੇ ਹਨ ਪਰੰਤੂ ਅੱਜ ਤੱਕ ਸਰਕਾਰ ਦੇ ਕੰਨ ਤੇ ਜੂੰਅ ਨਹੀਂ ਸਰਕੀ, ਇਸ ਤੋਂ ਇਲਾਵਾ ਉਰਦੂ ਦੇ ਅਧਿਆਪਕ ਤਾਂ ਨਾ ਬਰਾਬਰ ਹੀ ਹਨ ਜਿਸ ਤੋਂ ਜਾਪਦਾ ਹ ੈਕਿ ਉਰਦੂ ਭਾਸ਼ਾ ਖਤਮ ਹੋਣ ਦੇ ਕਾਗਾਰ ਤੇ ਹੈ । ਉਹਨਾਂ ਪ੍ਰੈਸ ਦੇ ਮਾਧਿਅਮ ਰਾਹੀਂ ਮੁੱਖ ਮੰਤਰੀ ਪੰਜਾਬ ਅਤੇ ਸਿਹਤ ਮੰਤਰੀ ਨੂੰ ਅਪੀਲ ਕੀਤੀ ਕਿ ਜਲਦੀ ਤੋਂ ਜਲਦੀ ਹਸਪਤਾਲ ਵਿੱਚ ਡਾਕਟਰਾਂ ਅਤੇ ਹੋਰ ਸਟਾਫ ਦੀ ਘਾਟ ਪੂਰੀ ਕੀਤੀ ਜਾਵੇ ।