“ਜਾਤ ਦੀ ਕੋਹੜ ਕਿਰਲੀ, ਸ਼ਤੀਰਾਂ ਨਾਲ ਜੱਫੇ”
ਡਬਲਿਨ/ਮਲੇਰਕੋਟਲਾ, 13 ਅਕਤੂਬਰ (ਬਿਉਰੋ): ਪੰਜਾਬੀ ਦੀ ਇੱਕ ਮਸ਼ਹੂਰ ਕਹਾਵਤ ਹੈ ਕਿ “ਜਾਤ ਦੀ ਕੋਹੜ ਕਿਰਲੀ, ਸ਼ਤੀਰਾਂ ਨਾਲ ਜੱਫੇ” ਜਿਸ ਦਾ ਅਰਥ ਹੈ ਕਿ ਆਪਣੀ ਹੈਸੀਅਤ ਤੋਂ ਵਧਕੇ ਫੜ੍ਹਾਂ ਮਾਰਨੀਆਂ । ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਕੁਝ ਅਜਿਹਾ ਹੀ ਕੀਤਾ । ਦੇਸ਼ ਨੂੰ ‘ਵਿਸ਼ਵ ਗੁਰੂ’ ਦੀ ਅਫੀਮ ਚਟਾ-ਚਟਾ ਕੇ ਅੰਨ੍ਹਾਂ ਕਰ ਦਿੱਤਾ । ਜਦੋਂ ਨਤੀਜੇ ਸਾਹਮਣੇ ਆਉਣ ਲੱਗੇ ਤਾਂ ਪਤਾ ਚੱਲਾ ਕਿ ਦੇਸ਼ ਬਿਲਕੁਲ ਬਰਬਾਦ ਹੋ ਚੁੱਕਾ ਹੈ ਅਤੇ ਭੁੱਖਮਰੀ ਵਿੱਚ ਸਾਰੀ ਦੁਨੀਆ ਤੋਂ ਪੱਛੜ ਚੁੱਕਾ ਹੈ । ਅੱਜ ਵਿਸ਼ਵ ਭੁੱਖਮਰੀ ਸੂਚਕਾਂਕ ਦੀ ਆਈ ਰਿਪੋਰਟ ਨੇ ਵਿਸ਼ਵ ਗੁਰੂ ਦੇ ਪਰਖੱਚੇ ਉਡਾ ਦਿੱਤੇ ਹਨ । ਪ੍ਰਧਾਨ ਮੰਤਰੀ ਹਮੇਸ਼ਾ ਦੇਸ਼ ਦੀ ਤੁਲਨਾ ਅਮਰੀਕਾ, ਇੰਗਲੈਂਡ, ਚੀਨ ਨਾਲ ਕਰਦੇ ਹਨ ਪਰੰਤੂ ਜ਼ਮੀਨੀ ਹਕੀਕਤ ਕੁਝ ਹੋਰ ਹੀ ਹੈ ।
ਆਇਰਲੈਂਡ ਦੀ ਇੱਕ ਸੰਸਥਾ ਗਲੋਬਲ ਹੰਗਰ ਇੰਡੈਕਸ (GHI) ਜੋ ਹਰ ਸਾਲ ਵਿਸ਼ਵ ਭਰ ਵਿੱਚੋਂ ਲੋਕਾਂ ਦੇ ਖਾਣਪੀਣ ਦੇ ਮਾਪਣ ਲਈ ਇੱਕ ਸਰਵੇ ਕਰਦੀ ਹੈ । ਜਿਸ ਮੁਤਾਬਿਕ ਪਤਾ ਚਲਦਾ ਹੈ ਕਿ ਕਿਹੜੇ ਦੇਸ਼ ਦੇ ਲੋਕ ਖੁਸ਼ਹਾਲ ਜੀਵਨ ਜੀਅ ਰਹੇ ਹਨ ਅਤੇ ਕਿੱਥੇ ਭੁੱਖਮਰੀ ਪਈ ਹੋਈ ਹੈ । ਗਲੋਬਲ ਹੰਗਰ ਇੰਡੈਕਸ ਗਲੋਬਲ, ਖੇਤਰੀ ਅਤੇ ਰਾਸ਼ਟਰੀ ਪੱਧਰ ‘ਤੇ ਭੁੱਖ ਨੂੰ ਵਿਆਪਕ ਤੌਰ ‘ਤੇ ਮਾਪਣ ਅਤੇ ਟਰੈਕ ਕਰਨ ਲਈ ਇੱਕ ਸਾਧਨ ਹੈ । ਗਲੋਬਲ ਹੰਗਰ ਇੰਡੈਕਸ-2023 ਦੀ ਰਿਪੋਰਟ ਦੇ ਸੂਚਕਾਂਕ ਅਨੁਸਾਰ 28.7 ਦੇ ਸਕੋਰ ਨਾਲ, ਭਾਰਤ ਵਿੱਚ ਭੁੱਖਮਰੀ ਦਾ ਪੱਧਰ ਗੰਭੀਰ ਹੈ । ਭਾਵੇਂ ਕਿ ਇਸ ਰਿਪੋਰਟ ਦੇ ਜੋ ਅੰਕੜੇ ਕਾਫੀ ਟੈਕਨੀਕਲ ਹਨ ਜੋ ਕਿ ਆਮ ਵਿਅਕਤੀ ਦੇ ਸਮਝ ਨਹੀਂ ਆਉਂਦੇ ਪਰੰਤੂ ਜੇਕਰ ਮੋਟੇ-ਮੋਟੇ ਸਰਲ ਸ਼ਬਦਾਂ ਵਿੱਚ ਜਾਣੀਏ ਤਾਂ ਇਹ ਸਾਹਮਣੇ ਆਉਂਦਾ ਹੈ ਕਿ ਲੰਘੇ ਵੀਰਵਾਰ ਨੂੰ ਜਾਰੀ ਕੀਤੇ ਗਲੋਬਲ ਹੰਗਰ ਇੰਡੈਕਸ-2023 ਵਿੱਚ ਭਾਰਤ 125 ਦੇਸ਼ਾਂ ਵਿੱਚੋਂ 111ਵੇਂ ਸਥਾਨ ‘ਤੇ ਹੈ । ਯਾਨੀ ਭਾਰਤ ਬਸ ਕੁਝ ਜੰਗਾਂ ਨਾਲ ਜੂਝ ਰਹੇ ਜਾਂ ਬਿਲਕੁਲ ਗਰੀਬ ਦੋ-ਚਾਰ ਦੇਸ਼ਾਂ ਨੂੰ ਛੱਡ ਲੱਗਭਗ ਸਾਰੀ ਦੁਨੀਆ ਵਿੱਚ ਭੁੱਖਮਰੀ ਵਿੱਚ ਸਭ ਤੋਂ ਹੇਠਲੇ ਦਰਜੇ ਤੇ ਪਹੁੰਚ ਚੁੱਕਾ ਹੈ । ਭਾਰਤ 2022 ਵਿੱਚ 121 ਦੇਸ਼ਾਂ ਵਿੱਚੋਂ 107ਵੇਂ ਸਥਾਨ ‘ਤੇ ਸੀ । ਇਸ ਸੂਚਕਾਂਕ ਵਿੱਚ ਪਹਿਲੇ 20 ਦੇਸ਼ ਗਰੀਨ ਜ਼ੋਨ ਵਿੱਚ ਰੱਖੇ ਗਏ ਹਨ ਜਿੱਥੇ ਖਾਣ ਪੀਣ ਦੀ ਖੂਬ ਖੁਸ਼ਹਾਲੀ ਹੈ । ਸੋਚਣ ਵਾਲੀ ਗੱਲ ਹੈ ਕਿ ਚੀਨ ਵਿਸ਼ਵ ਦੀ ਸਭ ਤੋਂ ਵੱਧ ਅਬਾਦੀ ਵਾਲਾ ਦੇਸ਼ ਵੀ ਗਰੀਨ ਜ਼ੋਨ ਵਿੱਚ ਹੈ ।
ਭਾਰਤ ਦੇ ਗੁਆਂਢੀ ਦੇਸ਼ ਪਾਕਿਸਤਾਨ (102ਵੇਂ), ਬੰਗਲਾਦੇਸ਼ (81ਵੇਂ), ਨੇਪਾਲ (69ਵੇਂ) ਅਤੇ ਸ੍ਰੀਲੰਕਾ (60ਵੇਂ) ਨੇ ਸੂਚਕਾਂਕ ਵਿੱਚ ਇਸ ਤੋਂ ਬਿਹਤਰ ਪ੍ਰਦਰਸ਼ਨ ਕੀਤਾ ਹੈ । ਸਹਾਰਾ ਦੇ ਦੱਖਣੀ ਏਸ਼ੀਆ ਅਤੇ ਅਫ਼ਰੀਕਾ ਸਭ ਤੋਂ ਵੱਧ ਭੁੱਖਮਰੀ ਦੇ ਪੱਧਰ ਵਾਲੇ ਵਿਸ਼ਵ ਖੇਤਰ ਹਨ, ਜਿਨ੍ਹਾਂ ਵਿੱਚ GHI ਸਕੋਰ 27 ਹੈ, ਜੋ ਕਿ ਗੰਭੀਰ ਭੁੱਖ ਨੂੰ ਦਰਸਾਉਂਦਾ ਹੈ ।
ਸੂਚਕਾਂਕ ‘ਤੇ ਆਧਾਰਿਤ ਰਿਪੋਰਟ ਵਿੱਚ ਕਿਹਾ ਗਿਆ ਹੈ, “ਭਾਰਤ ਵਿੱਚ ਦੁਨੀਆ ਵਿੱਚ ਸਭ ਤੋਂ ਵੱਧ ਬੱਚਿਆਂ ਦੀ ਬਰਬਾਦੀ ਦੀ ਦਰ 18.7 ਪ੍ਰਤੀਸ਼ਤ ਹੈ, ਜੋ ਕਿ ਗੰਭੀਰ ਕੁਪੋਸ਼ਣ ਨੂੰ ਦਰਸਾਉਂਦੀ ਹੈ ।” ਬਰਬਾਦੀ ਨੂੰ ਬੱਚਿਆਂ ਦੇ ਕੱਦ ਦੇ ਅਨੁਸਾਰ ਭਾਰ ਦੇ ਆਧਾਰ ‘ਤੇ ਮਾਪਿਆ ਜਾਂਦਾ ਹੈ । ਸੂਚਕਾਂਕ ਦੇ ਅਨੁਸਾਰ, ਭਾਰਤ ਵਿੱਚ ਕੁਪੋਸ਼ਣ ਦੀ ਦਰ 16.6 ਪ੍ਰਤੀਸ਼ਤ ਅਤੇ ਪੰਜ ਸਾਲ ਤੋਂ ਘੱਟ ਉਮਰ ਦੀ ਮੌਤ ਦਰ 3.1 ਪ੍ਰਤੀਸ਼ਤ ਹੈ ।
ਰਿਪੋਰਟ ਵਿਚ ਇਹ ਵੀ ਕਿਹਾ ਗਿਆ ਹੈ ਕਿ 15 ਤੋਂ 24 ਸਾਲ ਦੀ ਉਮਰ ਦੀਆਂ ਔਰਤਾਂ ਵਿਚ ਅਨੀਮੀਆ ਦਾ ਪ੍ਰਚਲਨ 58.1 ਫੀਸਦੀ ਰਿਹਾ । 2023 ਗਲੋਬਲ ਹੰਗਰ ਇੰਡੈਕਸ (GHI) ਦਰਸਾਉਂਦਾ ਹੈ ਕਿ, 2015 ਤੱਕ ਕਈ ਸਾਲਾਂ ਦੀ ਤਰੱਕੀ ਤੋਂ ਬਾਅਦ, ਦੁਨੀਆ ਭਰ ਵਿੱਚ ਭੁੱਖਮਰੀ ਦੇ ਵਿਰੁੱਧ ਤਰੱਕੀ ਕਾਫ਼ੀ ਹੱਦ ਤੱਕ ਰੁਕੀ ਹੋਈ ਹੈ ।
ਵਿਸ਼ਵ ਲਈ 2023 GHI ਸਕੋਰ 18.3 ਹੈ, ਜਿਸਨੂੰ ਮੱਧਮ ਮੰਨਿਆ ਜਾਂਦਾ ਹੈ ਅਤੇ ਵਿਸ਼ਵ ਦੇ 2015 GHI ਸਕੋਰ 19.1 ਤੋਂ ਇੱਕ ਪੁਆਇੰਟ ਘੱਟ ਹੈ । ਇਸ ਤੋਂ ਇਲਾਵਾ, 2017 ਤੋਂ ਕੁਪੋਸ਼ਣ ਦਾ ਪ੍ਰਸਾਰ, GHI ਸਕੋਰਾਂ ਦੀ ਗਣਨਾ ਵਿੱਚ ਵਰਤੇ ਜਾਣ ਵਾਲੇ ਸੂਚਕਾਂ ਵਿੱਚੋਂ ਇੱਕ, ਵੱਧ ਰਿਹਾ ਹੈ, ਅਤੇ ਕੁਪੋਸ਼ਣ ਵਾਲੇ ਲੋਕਾਂ ਦੀ ਗਿਣਤੀ 572 ਮਿਲੀਅਨ ਤੋਂ ਵੱਧ ਕੇ ਲਗਭਗ 735 ਮਿਲੀਅਨ ਹੋ ਗਈ ਹੈ, ਸੂਚਕਾਂਕ ਨੇ ਕਿਹਾ।



