ਡਾ. ਅਬਦੁੱਲ ਕਲਾਮ ਫਰੰਟ ਵੱਲੋਂ ਹਸਪਤਾਲ ਅੱਗੇ ਲਗਾਇਆ ਧਰਨਾ ਦਾ 12ਵਾਂ ਦਿਨ
ਮਲੇਰਕੋਟਲਾ, 19 ਅਕਤੂਬਰ (ਅਬੂ ਜ਼ੈਦ): ਇਲਾਕੇ ਦੀ ਨਾਮਵਰ ਸਮਾਜਸੇਵੀ ਸੰਸਥਾ ਡਾ. ਅਬਦੁੱਲ ਕਲਾਮ ਵੈਲਫੇਅਰ ਫਰੰਟ ਆਫ ਪੰਜਾਬ ਦੀ ਅਗਵਾਈ ਹੇਠ ਵੱਖ ਵੱਖ ਵੱਖ ਜਥੇਬੰਦੀਆਂ ਵੱਲੋਂ ਸਿਵਲ ਹਸਪਤਾਲ ਮਲੇਰਕੋਟਲਾ ਅੰਦਰ ਡਾਕਟਰਾਂ ਦੀਆਂ ਖਾਲੀ ਪਈਆਂ ਅਸਾਮੀਆਂ ਭਰਨ ਲਈ ਅੱਜ ਬਾਰ੍ਹਵੇਂ ਦਿਨ ਵੀ ਧਰਨਾ ਜਾਰੀ ਰਿਹਾ । ਜਿਸ ਵਿੱਚ ਰੋਜ਼ਾਨਾ ਇਲਾਕੇ ਦੀਆਂ ਸਮਾਜਸੇਵੀ ਜੱਥੇਬੰਦੀਆਂ ਦੇ ਆਗੂ, ਕਿਸਾਨ ਯੂਨੀਅਨ ਸਮੇਤ ਵੱਖ-ਵੱਖ ਸੰਗਠਨਾਂ ਨੇ ਮੈਂਬਰਾਂ ਨੇ ਹਾਜ਼ਰੀ ਲਗਵਾ ਰਹੇ ਹਨ । ਅੱਜ ਧਰਨੇ ਨੂੰ ਸ਼੍ਰੋਮਣੀ ਅਕਾਲੀ ਦਲ (ਫ਼ਤਿਹ) ਦੇ ਕੌਮੀ ਮੀਤ ਪ੍ਰਧਾਨ ਹਰਵੀਰ ਸਿੰਘ ਸ਼ੌਂਟੀ, ਜ਼ਿਲ੍ਹਾ ਪ੍ਰਧਾਨ ਬਲਜਿੰਦਰ ਸਿੰਘ ਲਸੋਈ, ਭਾਜਪਾ ਘੱਟ ਗਿਣਤੀ ਮੋਰਚਾ ਪੰਜਾਬ ਦੇ ਸੂਬਾਈ ਸਕੱਤਰ ਜ਼ਾਹਿਦ ਪੀਰ, ਅਕਾਲੀ ਦਲ (ਅ) ਦੇ ਪਰਮਿੰਦਰ ਸਿੰਘ ਫੌਜੇਵਾਲ ਬਸਪਾ ਦੇ ਜ਼ਿਲ੍ਹਾ ਪ੍ਰਧਾਨ ਸ਼ਮਸ਼ਾਦ ਅਨਸਾਰੀ, ਸੀਟੂ ਦੇ ਜ਼ਿਲ੍ਹਾ ਪ੍ਰਧਾਨ ਮੁਹੰਮਦ ਸੱਤਾਰ ,ਜ਼ਿਲ੍ਹਾ ਕਾਂਗਰਸ ਦੇ ਮੀਡੀਆ ਇੰਚਾਰਜ ਮਹਿਮੂਦ ਰਾਣਾ ਨੇ ਉਚੇਚੇ ਤੌਰ ਤੇ ਆਪਣੀ ਹਾਜ਼ਰੀ ਲਗਵਾਈ । ਇਸ ਮੌਕੇ ਹਾਜ਼ਰੀਨ ਨੂੰ ਸੰਬੋਧਨ ਕਰਦਿਆਂ ਫਰੰਟ ਦੇ ਜਨਰਲ ਸਕੱਤਰ ਮੁਨਸ਼ੀ ਫਾਰੂਕ ਅਹਿਮਦ ਨੇ ‘ਆਪ’ ਦੇ ਸਥਾਨਕ ਵਿਧਾਇਕ ਅਤੇ ਜ਼ਿਲਾ ਯੋਜਨਾ ਬੋਰਡ ਦੇ ਚੇਅਰਮੈਨ ਦੀ ਹਲਕੇ ਦੇ ਬੁਨਿਆਦੀ ਕੰਮਾਂ ਸਬੰਧੀ ਜਵਾਬਦੇਹੀ ਤੈਅ ਕਰਦਿਆਂ ਕਿਹਾ ਕਿ ਉਹ ਦੋਵੇਂ ਜਨਤਾ ਦੇ ਕੰਮ ਕਰਨ ਦੀ ਬਜਾਏ ਇੱਕ ਦੂਜੇ ਨੂੰ ਮਾਮਾ-ਭਾਣਜਾ ਸੰਬੋਧਨ ਕਰਕੇ ਪੂਰੇ ਹਲਕੇ ਨੂੰ ‘ਮਾਮੂ’ ਬਣਾ ਰਹੇ ਹਨ । ਉਹਨਾਂ ਕਿਹਾ ਕਿ ਹਸਪਤਾਲ ਵਿੱਚ ਵੱਖ ਵੱਖ ਰੋਗਾਂ ਦੇ ਮਾਹਿਰ ਡਾਕਟਰਾਂ ਸਮੇਤ ਪੈਰਾ ਮੈਡੀਕਲ ਸਟਾਫ ਦੀਆਂ ਖਾਲੀ ਪਈਆਂ ਅਸਾਮੀਆਂ ਕਾਰਨ ਲੋਕਾਂ ਨੂੰ ਭਾਰੀ ਪ੍ਰੇਸ਼ਾਨੀ ਆ ਰਹੀ ਹੈ । ਮਾਲੇਰਕੋਟਲਾ ਦਾ ਹਸਪਤਾਲ ਇਲਾਜ ਨਾ ਕਰਕੇ ਰੈਫਰ ਹਸਪਤਾਲ ਬਣ ਕੇ ਰਹਿ ਗਿਆ ਹੈ । ਫਰੰਟ ਦੇ ਆਗੂ ਸ਼ਮਸ਼ਾਦ ਝੋਕ ਅਤੇ ਸ਼ਾਹਿਦ ਜ਼ੂਬੈਰੀ ਨੇ ਕਿਹਾ ਕਿ ਜਦੋਂ ਤੱਕ ਫਰੰਟ ਦੀ ਮੰਗ ਪੂਰੀ ਨਹੀਂ ਹੁੰਦੀ ਉਦੋਂ ਤੱਕ ਧਰਨਾ ਜਾਰੀ ਰਹੇਗਾ । ਉਹਨਾਂ ਸ਼ਹਿਰ ਦੀਆਂ ਸਮਾਜ ਸੇਵੀ ਸੰਸਥਾਵਾਂ ਧਰਨੇ ਵਿੱਚ ਲੰਗਰ ਦੀ ਨਿਰੰਤਰ ਸੇਵਾ ਧੰਨਵਾਦ ਕੀਤਾ ।
ਦੂਜੇ ਪਾਸੇ ਐਸ.ਐਮ.ਓ ਡਾ. ਜਗਜੀਤ ਸਿੰਘ ਨੇ ਧਰਨਾਕਾਰੀਆਂ ਨੂੰ ਸਰਕਾਰੀ ਸੇਵਾਵਾਂ ਅਤੇ ਓ.ਪੀ.ਡੀ ਪ੍ਰਭਾਵਿਤ ਹੋਣ ਦੇ ਹਵਾਲੇ ਨਾਲ ਹਸਪਤਾਲ ਦੀ ਹਦੂਦ ’ਚ ਸਪੀਕਰ ਬੰਦ ਕਰਨ ਲਈ ਨੋਟਿਸ ਜਾਰੀ ਕੀਤਾ ਹੈ। ਉਨ੍ਹਾਂ ਕਿਹਾ ਕਿ ਸਪੀਕਰ ਦੀ ਆਵਾਜ਼ ਕਾਰਨ ਮਰੀਜ਼ਾਂ ਦੀ ਸਿਹਤ ਪ੍ਰਭਾਵਿਤ ਹੁੰਦੀ ਹੈ । ਜਿਸ ‘ਤੇ ਪ੍ਰਬੰਧਕਾਂ ਦਾ ਕਹਿਣਾ ਹੈ ਕਿ ਮਹੀਨਿਆਂ ਤੋਂ ਬਿਨਾ ਡਾਕਟਰਾਂ ਤੋਂ ਚੱਲ ਰਹੇ ਹਸਪਤਾਲ ਦੀ ਹਾਲਤ ਅਤੇ ਮਰੀਜ਼ਾਂ ਦੀ ਦੁਰਦਸ਼ਾਂ ਕਿਸੇ ਨੂੰ ਨਹੀਂ ਦਿਖੀ ਪਰੰਤੂ ਅੱਜ ਜਦੋਂ ਲੋਕ ਹਸਪਤਾਲ ਵਿੱਚ ਡਾਕਟਰਾਂ ਦੀ ਘਾਟ ਪੂਰੀ ਕਰਨ ਦੀ ਮੰਗ ਕਰ ਰਹੇ ਹਨ ਤਾਂ ਸਪੀਕਰ ਸਰਕਾਰੇ ਦਰਬਾਰੇ ਸੁਣ ਰਿਹੈ ।



