ਦੇਸ਼ ਭਰ ਵਿੱਚ ਈਦ ਉਲ ਫਿਤਰ ਦਾ ਤਿਉਹਾਰ ਧੂਮਧਾਮ ਨਾਲ ਮਨਾਇਆ ਗਿਆ
ਮਲੇਰਕੋਟਲਾ, 31 ਮਾਰਚ (ਅਬੂ ਜ਼ੈਦ): ਅੱਜ ਈਦ ਉਲ ਫਿਤਰ ਦਾ ਤਿਉਹਾਰ ਬਹੁਤ ਹੀ ਧੂਮਧਾਮ ਅਤੇ ਸ਼ਰਧਾ ਨਾਲ ਮਨਾਇਆ ਗਿਆ । ਦੇਸ਼ ਭਰ ਵਿੱਚ ਕਰੋੜਾਂ ਮੁਸਲਿਮ ਲੋਕਾਂ ਨੇ ਅਮਨ ਸ਼ਾਂਤੀ ਨਾਲ ਈਦ ਦੀ ਨਮਾਜ਼ ਅਦਾ ਕੀਤੀ ਅਤੇ ਆਪਸੀ ਭਾਈਚਾਰਕ ਸਾਂਝ ਦੀ ਵਿਲੱਖਣ ਤਸਵੀਰ ਦੇਖਣ ਨੂੰ ਮਿਲੀ । ਈਦ ਦਾ ਤਿਉਹਾਰ ਸਾਰੇ ਧਰਮਾਂ ਦੇ ਲੋਕਾਂ ਨੇ ਮਿਲਜੁਲਕੇ ਮਨਾਇਆ ਜਿਸ ਨਾਲ ਦੇਸ਼ ਅੰਦਰ ਨਫਤਰ ਫੈਲਾਉਣ ਵਾਲੇ ਲੋਕਾਂ ਦੇ ਮੂੰਹ ‘ਤੇ ਕਰਾਰੀ ਚਪੇੜ ਵੱਜੀ ਜੋ ਆਏ ਦਿਨ ਮੰਦਰ- ਮਸਜਿਦ ਦੀ ਰਾਜਨੀਤੀ ਕਰਕੇ ਆਪਣਾ ਕਾਰੋਬਾਰ ਚਲਾ ਰਹੇ ਹਨ । ਈਦਗਾਹ ਕਿਲਾ ਰਹਿਮਤਗੜ੍ਹ ਵਿਖੇ ਹਜ਼ਾਰਾਂ ਦੀ ਗਿਣਤੀ ‘ਚ ਮੁਸਲਿਮ ਭਾਈਚਾਰੇ ਦੇ ਲੋਕਾਂ ਨੇ ਨਮਾਜ਼ ਅਦਾ ਕੀਤੀ । ਚੌਧਰੀ ਮੁਹੰਮਦ ਅਨਵਾਰ (ਘੋਲੂ) ਪ੍ਰਧਾਨ ਇੰਤਜਾਮੀਆ ਕਮੇਟੀ ਈਦਗਾਹ ਕਿਲਾ ਰਹਿਮਤਗੜ੍ਹ ਨੇ ਹਾਜ਼ਰੀਨ ਨੂੰ ‘ਜੀ ਆਇਆ ਨੂੰ’ ਕਿਹਾ ਅਤੇ ਈਦ ਮੁਬਾਰਕ ਦਿੱਤੀ । ਇਸ ਮੌਕੇ ਪ੍ਰਸਿੱਧ ਸਮਾਜਸੇਵੀ ਪ੍ਰਵੇਜ਼ ਖਾਨ ਐਮਡੀ ਇੰਡੀਅਨ ਮਹਿਕ ਹੋਟਲ ਸੀਰੀਜ਼ ਨੇ ਬਤੌਰ ਮੁੱਖ ਮਹਿਮਾਨ ਸ਼ਿਰਕਤ ਕੀਤੀ । ਉਹਨਾਂ ਆਪਣੇ ਸੰਬੋਧਨ ‘ਚ ਦੇਸ਼ ਵਾਸੀਆਂ ਨੂੰ ਈਦ ਮੁਬਾਰਕ ਦਿੰਦਿਆਂ ਅਮਨ ਸ਼ਾਂਤੀ ਨਾਲ ਰਹਿਣ ਦੀ ਅਪੀਲ ਕੀਤੀ । ਉਹਨਾਂ ਕਿਹਾ ਕਿ ਮਲੇਰਕੋਟਲਾ ਇੱਕ ਅਮਨ ਦਾ ਗੁਲਦਸਤਾ ਹੈ ਜਿਸ ਵਿੱਚ ਹਰ ਧਰਮ, ਜਾਤ, ਨਸਲ, ਖਿੱਤੇ ਦੇ ਲੋਕ ਸਦੀਆਂ ਤੋਂ ਮਿਲਜੁਲਕੇ ਰਹਿ ਰਹੇ ਹਨ । ਅੱਜ ਪ੍ਰਵੇਜ਼ ਖਾਨ ਨਾਲ ਰਮੇਸ਼ ਬੱਤਾ, ਕ੍ਰਿਸ਼ਨ ਕੁਮਾਰ ਜੈਨ ਸਮੇਤ ਸ਼ਹਿਰ ਦੇ ਪਤਵੰਤੇ ਵੀ ਈਦ ਮਿਲਣ ਵਿੱਚ ਸ਼ਾਮਲ ਹੋਏ ਅਤੇ ਮੁਸਲਿਮ ਭਾਈਚਾਰੇ ਨੂੰ ਗਲੇ ਮਿਲਕੇ ਈਦ ਮੁਬਾਰਕਬਾਦ ਦਿੱਤੀ ।
ਇਸ ਮੌਕੇ ਪ੍ਰਵੇਜ਼ ਖਾਨ ਨੇ ਕਿਹਾ ਕਿ ਭਾਵੇਂ ਯੂਰਪੀਅਨ ਦੇਸ਼ ਅਰਮੀਨੀਆ ‘ਚ ਕਾਰੋਬਾਰ ਕਰਦੇ ਹਨ ਪਰੰਤੂ ਉਹ ਹਮੇਸ਼ਾਂ ਆਪਣੇ ਸ਼ਹਿਰ ਲਈ ਚਿੰਤਤ ਰਹਿੰਦੇ ਹਨ । ਮਲੇਰਕੋਟਲਾ ਦੇ ਲੋਕਾਂ ਦੀ ਸਿੱਖਿਆ, ਸਿਹਤ, ਰੋਜ਼ਗਾਰ ਸਮੇਤ ਬੁਨਿਆਦੀ ਸਹੂਲਤਾਂ ਦੀ ਗੱਲ ਕਰਦਿਆਂ ਉਹਨਾਂ ਕਿਹਾ ਕਿ ਸਾਡਾ ਸ਼ਹਿਰ 77 ਸਾਲ ਬਾਅਦ ਵੀ ਬੁਨਿਆਦੀ ਸਹੂਲਤਾਂ ਤੋਂ ਕੋਹਾਂ ਦੂਰ ਹੈ । ਸੀਵਰੇਜ, ਵਾਟਰ ਸਪਲਾਈ, ਨਾਲੀਆਂ-ਗਲੀਆਂ ਦੇ ਫਰਸ਼, ਸਟਰੀਟ ਲਾਈਟ ਵਰਗੀਆਂ ਸਹੂਲ਼ਤਾਂ ਤੋਂ ਬਿਨ੍ਹਾਂ ਲੋਕ ਜ਼ਿੰਦਗੀ ਗੁਜਾਰਨ ਲਈ ਮਜ਼ਬੂਰ ਹਨ । ਉਹਨਾਂ ਕਿਹਾ ਕਿ ਦੇਸ਼ ਅਜ਼ਾਦ ਹੋਣ ਤੋਂ ਲੰਬੇ ਅਰਸੇ ਬਾਅਦ ਵੀ ਕੌਂਸਲਰ, ਵਿਧਾਇਕ ਅਤੇ ਸਰਕਾਰਾਂ ਗਲੀਆਂ ਨਾਲੀਆਂ ਦੇ ਨਾਂਅ ‘ਤੇ ਲੋਕਾਂ ਨੂੰ ਗੁਮਰਾਹ ਕਰਦੀਆਂ ਹਨ । ਉਹਨਾਂ ਅਲਕੌਸਰ ਫੁੱਟਬਾਲ ਅਕੈਡਮੀ ਦੇ ਪ੍ਰਬੰਧਕਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਅਜਿਹੇ ਉਪਰਾਲੇ ਸ਼ਹਿਰ ਦੇ ਹਰ ਇਲਾਕੇ ਵਿੱਚ ਹੋਣੇ ਚਾਹੀਦੇ ਹਨ । ਉਹਨਾਂ ਐਲਾਨ ਕੀਤਾ ਕਿ ਮਲੇਰਕੋਟਲਾ ਦੇ ਬੱਚਿਆਂ ਨੂੰ ਖੇਡਾਂ ਅਤੇ ਸਿੱਖਿਆ ਦੇ ਖੇਤਰ ‘ਚ ਸਮੇਂ ਦਾ ਹਾਣੀ ਬਣਾਉਣ ਲਈ ਜੋ ਵੀ ਯੋਗਦਾਨ ਦੀ ਲੋੜ ਹੋਵੇਗੀ ਮੇਰੇ ਵੱਲੋਂ ਕੀਤਾ ਜਾਵੇਗਾ । ਕਿਸੇ ਵੀ ਬੱਚੇ ਨੂੰ ਗਰੀਬੀ ਕਾਰਣ ਪੜਾਈ ਜਾਂ ਖੇਡ ਅਧਵਾਟੇ ਨਹੀਂ ਛੱਡਣੀ ਪਵੇਗੀ । ਇਸ ਮੌਕੇ ਡਾ. ਸਲਮਾਨ ਕਪੂਰ, ਗੁਲਜ਼ਾਰ ਖਾਨ ਧਾਲੀਵਾਲ, ਬਾਰੂ ਅਨਸਾਰੀ, ਕੋਚ ਮਾਜਿਦ ਅਲੀ ਸਮੇਤ ਪਤਵੰਤਿਆਂ ਨੇ ਵਿਸ਼ੇਸ਼ ਤੌਰ ‘ਤੇ ਸ਼ਿਰਕਤ ਕੀਤੀ ।
ਫੋਟੋ ਕੈਪਸ਼ਨ: ਈਦਗਾਹ ਕਿਲਾ ਰਹਿਮਤਗੜ੍ਹ ਵਿਖੇ ਲੋਕਾਂ ਨੂੰ ਸੰਬੋਧਨ ਕਰਦੇ ਹੋਏ ਸਮਾਜਸੇਵੀ ਪ੍ਰਵੇਜ਼ ਖਾਨ ਅਤੇ ਈਦ ਮਿਲਦੇ ਹੋਏ ।



