ਪਿਛਲੀਆਂ ਘਟਨਾਵਾਂ ਵਾਂਗ ਪਹਿਲਗਾਮ ਘਟਨਾ ਵੀ ਵੋਟ ਰਾਜਨੀਤੀ ਨਾਲ ਸਬੰਧਿਤ ਹੋਣ ਦੇ ਸ਼ੰਕਾ
ਮਲੇਰਕੋਟਲਾ, 27 ਅਪ੍ਰੈਲ (ਬਿਉਰੋ): ਜੰਮੂ ਕਸ਼ਮੀਰ ਦੇ ਪਹਿਲਗਾਮ ‘ਚ ਅੱਤਵਾਦੀਆਂ ਵੱਲੋਂ ਮਾਰੇ ਗਏ ਲੋਕਾਂ ਦੇ ਹੱਕ ‘ਚ ਪੂਰਾ ਵਿਸ਼ਵ ਹਮਦਰਦੀ ਜਤਾ ਰਿਹਾ ਹੈ ਅਤੇ ਅੱਤਵਾਦ ਦੇ ਖਾਤਮੇ ਲਈ ਇੱਕਜੁਟ ਦਿਖਾਈ ਦੇ ਰਿਹਾ ਹੈ । ਕਸ਼ਮੀਰ ਸਮੇਤ ਭਾਰਤ ਦੇ ਵੱਖ-ਵੱਖ ਸ਼ਹਿਰਾਂ ਅਤੇ ਵਿਦੇਸ਼ਾਂ ਵਿੱਚ ਵੀ ਇਸ ਘਟਨਾ ਦੀ ਨਿੰਦਾ ਕਰਨ ਲਈ ਕੈਂਡਲ ਮਾਰਚ ਹੋ ਰਹੇ ਹਨ । ਇਸੇ ਲੜੀ ਤਹਿਤ ਨੰਬਰਦਾਰ ਮੁਹੰਮਦ ਰਮਜਾਨ ਸਾਬਕਾ ਵਾਇਸ ਪ੍ਰਧਾਨ ਨਗਰ ਕੌਂਸਲ ਮਲੇਰਕੋਟਲਾ, ਚੌਧਰੀ ਲਿਆਕਤ ਅਲੀ ਬਨਭੌਰਾ ਅਤੇ ਸਮਾਜਸੇਵੀ ਮੁਹੰਮਦ ਜਮੀਲ ਐਡਵੋਕੇਟ ਨੇ ਸਾਡੇ ਪੱਤਰਕਾਰ ਨਾਲ ਗੱਲਬਾਤ ਦੌਰਾਨ ਜਿੱਥੇ ਇਸ ਗੈਰਇਨਸਾਨੀ ਘਟਨਾ ਦੀ ਸਖਤ ਸ਼ਬਦਾਂ ‘ਚ ਨਿੰਦਾ ਕੀਤੀ ਉੱਥੇ ਹੀ ਪਹਿਲਗਾਮ ਘਟਨਾ ਵਿੱਚ ਨਿਰਦੋਸ਼ ਲੋਕਾਂ ਦੇ ਮਾਰੇ ਜਾਣ ਤੇ ਦੁੱਖ ਦਾ ਇਜ਼ਹਾਰ ਕਰਦਿਆਂ ਕੁਰਆਨ ਮਜੀਦ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ “ਕਿਸੇ ਬੇਕਸੂਰ ਦਾ ਕਤਲ ਕਰਨਾ, ਸਮੁੱਚੀ ਇਨਸਾਨੀਅਤ ਦਾ ਕਤਲ ਹੈ” । ਇਸ ਦੁਖਾਂਤ ਪਿੱਛੇ ਰਾਜਨੀਤਕ ਕਾਰਨ ਹੋਣ ਦੇ ਸ਼ੰਕੇ ਵੀ ਜ਼ਾਹਰ ਕੀਤੇ ਜਾ ਰਹੇ ਹਨ । ਆਗਾਮੀ ਬਿਹਾਰ ਵਿਧਾਨ ਸਭਾ ਚੋਣਾਂ ਦੇ ਦੌਰਾਨ ਧਰਮ ਅਧਾਰਿਤ ਵੋਟਾਂ ਲੈਣ ਲਈ ਇਸ ਘਟਨਾ ਨੂੰ ਅੰਜਾਮ ਦਿਤਾ ਗਿਆ ਹੈ ਉਹ ਵੀ ਉਸ ਸਮੇਂ ਜਦ ਅਮਰੀਕਾ ਦੇ ਉਪਰਾਸ਼ਟਰਪਤੀ ਜੇ ਡੀ ਵੈਨਸ ਭਾਰਤ ਦੌਰੇ ਤੇ ਸਨ ।
ਉਹਨਾਂ ਪਿਛਲੀਆਂ ਘਟਨਾਵਾਂ ਦਾ ਜ਼ਿਕਰ ਕਰਦੇ ਹੋਏ ਕਿਹਾ ਕਿ ਮਾਰਚ 2000 ‘ਚ ਭਾਜਪਾ ਸਰਕਾਰ ਸਮੇਂ ਅਮਰੀਕਾ ਦੇ ਰਾਸ਼ਟਰਪਤੀ ਬਿਲ ਕਲਿੰਟਨ ਦੀ ਭਾਰਤ ਫੇਰੀ ਦੌਰਾਨ ਅੰਨਤਨਾਗ ਜ਼ਿਲ੍ਹੇ ਦੇ ਛੱਤੀ ਸਿੰਘਪੁਰਾ ਵਿੱਚ ਪੈਂਤੀ ਨਿਰਦੋਸ਼ ਸਿੱਖਾਂ ਦਾ ਕਤਲ ਹੋਇਆ ਸੀ ਜਿਸਦੇ ਦੋਸ਼ੀਆਂ ਦਾ ਅੱਜ ਤੱਕ ਕੋਈ ਅਤਾ-ਪਤਾ ਨਹੀਂ ਹੈ । ਲੋਕ ਸਭਾ ਦੀ ਅਪ੍ਰੈਲ 2019 ਦੀ ਚੋਣ ਤੋਂ ਪਹਿਲਾਂ, ਫਰਵਰੀ 2019 ਵਿੱਚ ਅੱਤਵਾਦੀਆਂ ਵੱਲੋਂ ਪੁਲਵਾਮਾ ‘ਚ ਕੀਤੇ ਹਮਲੇ ਦੌਰਾਨ 40 ਸੀ.ਆਰ.ਪੀ.ਐਫ ਦੇ ਜਵਾਨ ਮਾਰੇ ਗਏ ਸਨ ਪਰੰਤੂ ਅੱਜ ਤੱਕ ਕੋਈ ਜਾਂਚ ਨਹੀਂ ਹੋਈ ਨਾ ਹੀ ਇਹ ਪਤਾ ਚੱਲਿਆ ਕਿ ਵੱਡੀ ਮਾਤਰਾ ‘ਚ ਆਰਡੀਐਕਸ ਕਿੱਥੋਂ ਅਤੇ ਕਿਵੇਂ ਆਇਆ ਸੀ? ਉਹਨਾਂ ਕਿਹਾ ਕਿ ਪਹਿਲਗਾਮ ਵਿੱਚ ਮਾਰੇ ਗਏ ਨਿਰਦੋਸ਼ਾਂ ਨੂੰ ਗੋਦੀ ਮੀਡੀਆ ਅਤੇ ਭਾਜਪਾ ਵਲੋਂ ਧਰਮ ਦੇ ਅਧਾਰ ਤੇ ਹਿੰਦੂਆਂ ਦੀ ਨਸਲਕੁਸ਼ੀ ਪ੍ਰਚਾਰਿਆ ਜਾ ਰਿਹਾ ਹੈ ਜਦਕਿ ਨਵੰਬਰ 84 ਵਿੱਚ ਧਰਮ ਦੀ ਪਹਿਚਾਣ ਕਰਕੇ ਸਿੱਖਾਂ ਨੂੰ ਜਿਉਂਦੇ ਟਾਇਰ ਪਾ ਕੇ ਸਾੜੇ ਜਾਣ ਨੂੰ ਭਾਰਤ ਦੀ ਭਾਜਪਾ ਤੇ ਕਾਂਗਰਸ ਸਰਕਾਰਾਂ ਨੇ ਕਦੇ ਵੀ ਸਿੱਖ ਨਸਲਕੁਸ਼ੀ ਨਹੀਂ ਕਿਹਾ ਅਤੇ ਨਾ ਹੀ ਇਨਸਾਫ਼ ਦਿੱਤਾ । ਭਾਰਤੀ ਮੀਡੀਆ ਵਿੱਚ ਅੇਨੀ ਹਿੰਮਤ ਨਹੀਂ ਹੈ ਕਿ ਸਰਕਾਰ ਤੋਂ ਸਵਾਲ ਪੁੱਛੇ ।
ਕਸ਼ਮੀਰੀ ਮੁਸਲਮਾਨਾਂ ਨੇ ਇਸ ਔਖੀ ਘੜੀ ‘ਚ ਆਪਸੀ ਭਾਈਚਾਰਕ ਸਾਂਝ ਦਾ ਸਬੂਤ ਦਿੰਦਿਆਂ ਘੁੰਮਣ ਆਏ ਲੋਕਾਂ ਨੂੰ ਬਿਨ੍ਹਾਂ ਕਿਸੇ ਭੇਦਭਾਵ ਤੋਂ ਆਪਣੇ ਘਰਾਂ ਵਿੱਚ ਰੱਖਿਆ, ਖਾਣਾ ਖਿਲਾਇਆ, ਇਲਾਜ ਕਰਵਾਇਆ । ਇਕ ਕਸ਼ਮੀਰੀ ਨੇ ਹਮਲਾਵਰਾਂ ਨਾਲ ਝੜਪਦੇ ਹੋਏ ਆਪਣੀ ਜਾਨ ਦੇ ਕੇ ਕਸ਼ਮੀਰ ਵਿੱਚ ਮਨੁੱਖਤਾ ਜਿਉਂਦੀ ਰਹਿਣ ਦਾ ਸਬੂਤ ਦਿੱਤਾ ਹੈ ।ਕਸ਼ਮੀਰੀਆਂ ਨੇ ਸੈਲਾਨੀਆਂ ਨਾਲ ਹਮਦਰਦੀ ਪ੍ਰਗਟ ਕਰਦੇ ਹੋਏ ਮਜ਼੍ਹਬ ਦੀ ਥਾਂ ਇਨਸਾਨੀਅਤ ਨੂੰ ਪਹਿਲ ਦਿੱਤੀ ਪਰ ਅਫ਼ਸੋਸ ਦੇਸ਼ ਦੇ ਮੀਡੀਆ ਨੇ ਇਹ ਸਭ ਕੁਝ ਨਹੀਂ ਦਿਖਾਇਆ । ਧਾਰਮਿਕ ਕੱਟੜਵਾਦ ਆਪਸੀ ਸਦਭਾਵਨਾ ਨੂੰ ਖਤਮ ਕਰ ਰਿਹਾ ਹੈ। ਇਸਦੇ ਬਦਲੇ ਧਾਰਮਿਕ ਸਹਿਣਸ਼ੀਲਤਾ ਨੂੰ ਪ੍ਰਫੁੱਲਤ ਕਰਨ ਦੀ ਲੋੜ ਹੈ। ਕਿਸੇ ਵੀ ਵਿਅਕਤੀ ਨੂੰ ਕਾਨੂੰਨ ਤੋੜਣ ਦੀ ਇਜ਼ਾਜਤ ਨਹੀਂ ਹੋਣੀ ਚਾਹੀਦੀ । ਦੇਸ਼ ਅੰਦਰ ਮੁਸਲਿਮ, ਸਿੱਖ, ਦਲਿਤ, ਐਸਸੀ/ਐਸਟੀ, ਆਦਿਵਾਸੀ ਸਮੇਤ ਹਰੇਕ ਵਰਗ ਨੂੰ ਸਮਾਨ ਸੁਰੱਖਿਆ ਅਤੇ ਸਨਮਾਨ ਮਿਲਣਾ ਚਾਹੀਦਾ ਹੈ ਤਾਂ ਹੀ ਲਾਮਬੰਦ ਹੋ ਕੇ ਦੇਸ਼ਵਾਸੀ ਅੱਤਵਾਦ ਨੂੰ ਜੜੋਂ ਖਤਮ ਕਰ ਸਕਣਗੇ ।
ਉਹਨਾਂ ਕੇਂਦਰ ਸਰਕਾਰ ਨੂੰ ਸਵਾਲ ਕੀਤਾ ਕਿ ਲੱਖਾਂ ਦੀ ਫੌਜ ਮੌਜੂਦ ਹੋਣ ਦੇ ਬਾਵਜੂਦ ਵੀ ਸਭ ਤੋਂ ਵੱਧ ਵਿਜ਼ਿਟਰ ਆਉਣ ਵਾਲੇ ਸਥਾਨ ਉੱਤੇ ਇੱਕ ਵੀ ਸੁਰੱਖਿਆ ਅਧਿਕਾਰੀ ਨਹੀਂ ਸੀ ਕਿਉਂ? ਅੱਤਵਾਦੀਆਂ ਦੇ ਜਵਾਬ ਵਿੱਚ ਇੱਕ ਵੀ ਗੋਲੀ ਨਹੀਂ ਚੱਲੀ ਕਿਉਂ? ਜ਼ਖਮੀਆਂ ਨੂੰ ਘੰਟਿਆਂ ਤੱਕ ਡਾਕਟਰੀ ਸਹਾਇਤਾ ਨਹੀਂ ਪਹੁੰਚੀ ਕਿਉਂ? ਹਮਲੇ ਤੋਂ ਫੌਰਨ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਬਿਹਾਰ ਚੋਣ ਪ੍ਰਚਾਰ ਲਈ ਕਿਉਂ ਗਏ?



