ਕਿਸਾਨਾਂ ਦੇ 13 ਫਰਵਰੀ ਦੇ ਦਿੱਲੀ ਕੂਚ ਨੇ ਕੇਂਦਰ ਅਤੇ ਸੂਬਾ ਸਰਕਾਰਾਂ ਦੀ ਰਾਤਾਂ ਦੀ ਨੀਂਦ ਹਰਾਮ ਕੀਤੀ

author
0 minutes, 1 second Read

ਚੰਡੀਗੜ੍ਹ ‘ਚ ਭਲਕੇ ਹੋਣ ਵਾਲੀ ਮੀਟਿੰਗ ਕਿਸਾਨਾਂ ਅਤੇ ਕੇਂਦਰ ਲਈ ਬਹੁਤ ਅਹਿਮ

ਮਲੇਰਕੋਟਲਾ, 11 ਫਰਵਰੀ (ਬਿਉਰੋ): ਕਿਸਾਨਾਂ ਦੇ 13 ਫਰਵਰੀ ਦੇ ਦਿੱਲੀ ਕੂਚ ਨੂੰ ਲੈ ਕੇ ਕੇਂਦਰ ਅਤੇ ਸੂਬਾ ਸਰਕਾਰਾਂ ਦੀ ਰਾਤਾਂ ਦੀ ਨੀਂਦ ਹਰਾਮ ਕਰ ਦਿੱਤੀ ਹੈ । ਦਿੱਲੀ ਦੇ ਕਿਸਾਨ ਅੰਦੋਲਨ ਸਮਾਪਤੀ ਮੌਕੇ ਕੇਂਦਰ ਸਰਕਾਰ ਨੇ ਕਿਸਾਨਾਂ ਨਾਲ ਐਮਐਸਪੀ ਦੀ ਗਾਰੰਟੀ, ਲਖੀਮਪੁਰ ਖੀਰੀ ਦੇ ਦੋਸ਼ੀਆਂ ਨੂੰ ਸਜ਼ਾਵਾਂ, ਅੰਦੋਲਨ ਦੌਰਾਨ ਸ਼ਹੀਦ ਹੋਏ ਕਿਸਾਨਾਂ ਨੂੰ ਮੁਆਵਜ਼ਾ ਦੇਣ ਸਮੇਤ ਜੋ ਵਾਅਦੇ ਕੀਤੇ ਸੀ ਉਹ ਸਾਲਾਂ ਦੇ ਇੰਤਜ਼ਾਰ ਤੋਂ ਬਾਦ ਵੀ ਵਫਾ ਨਾ ਹੋਏ । ਇਸ ਲਈ ਕਿਸਾਨਾਂ ਨੇ 13 ਫਰਵਰੀ ਨੂੰ ਫਿਰ ਤੋਂ ਦਿੱਲੀ ਕੂਚ ਦਾ ਐਲਾਨ ਕੀਤਾ ਹੈ ਅਤੇ ਲੰਬੇ ਸਮੇਂ ਤੋਂ ਤਿਆਰੀਆਂ ਕਰ ਰਹੇ ਹਨ । ਭਾਵੇਂਕਿ ਚੰਡੀਗੜ੍ਹ ਵਿਖੇ ਕੇਂਦਰੀ ਮੰਤਰੀਆਂ, ਮੁੱਖ ਮੰਤਰੀ ਪੰਜਾਬ ਅਤੇ ਕਿਸਾਨ ਆਗੂਆਂ ਦਰਮਿਆਨ ਮੀਟਿੰਗ ਹੋਈ ਪਰੰਤੂ ਬੇਸਿੱਟਾ ਰਹੀ ਅਤੇ 12 ਫਰਵਰੀ ਯਾਨੀ ਭਲਕੇ ਫਿਰ ਤੋਂ ਮੀਟਿੰਗ ਰੱਖੀ ਗਈ ਹੈ ਜਿਸ ਲਈ ਕਿਸਾਨ ਪੂਰੀ ਤਿਆਰੀ ਕਰ ਬੈਠੇ ਹਨ ।

ਦੂਜੇ ਪਾਸੇ ਕੇਂਦਰ ਅਤੇ ਹਰਿਆਣਾ ਸਕਰਾਰ ਵੱਲੋਂ ਦਿੱਲੀ ਜਾਣ ਵਾਲੇ ਸਾਰੇ ਰਸਤਿਆਂ ਉੱਤੇ ਬੈਰੀਕੇਡ, ਟਿੱਪਰ, ਕਰੇਨਾਂ, ਬੁਲਡੋਜ਼ਰ ਆਦਿ ਲਗਾਕੇ ਕਿਸਾਨਾਂ ਨੂੰ ਦਿੱਲੀ ਜਾਣ ਤੋਂ ਰੋਕਣ ਲਈ ਅੱਡੀ ਚੋਟੀ ਦਾ ਜ਼ੋਰ ਲਗਾਇਆ ਜਾ ਰਿਹਾ ਹੈ । ਕਿਧਰੇ ਸੀਮਿੰਟ-ਕੰਕਰੀਟ ਦੀਆਂ ਦੀਵਾਰਾਂ ਬਣਾਈਆਂ ਜਾ ਰਹੀਆਂ ਹਨ, ਕਿਧਰੇ ਤਿੱਖੇ ਸਰੀਏ-ਕਿੱਲ ਲਗਾ ਕੇ ਰਸਤੇ ਬੰਦ ਕੀਤੇ ਜਾ ਰਹੇ ਹਨ । ਪੁਲਾਂ ਦੀਆਂ ਸਾਇਡਾਂ ਉੱਤੇ ਕੰਡੇਦਾਰ ਤਾਰਾਂ ਲਗਾਈਆਂ ਜਾ ਰਹੀਆਂ ਹਨ, ਵਾਟਰ ਕੈਨਨ ਤਿਆਰ ਬਰ ਤਿਆਰ ਖੜੀਆਂ ਹਨ । ਪੈਟਰੋਲ ਪੰਪ ਮਾਲਕਾਂ ਨੂੰ ਟਰੈਕਟਰਾਂ ਵਿੱਚ ਤੇਲ ਨਾ ਪਾਉਣ ਦੀਆਂ ਹਦਾਇਤਾਂ ਜਾਰੀ ਕਰ ਦਿੱਤੀਆਂ ਗਈਆਂ ਹਨ । ਹਰਿਆਣਾ ਅਤੇ ਦਿੱਲੀ ਵਿੱਚ ਦਫਾ 144 ਲਗਾ ਦਿੱਤੀ ਗਈ ਹੈ, ਇੰਟਰਨੈਟ ਬੰਦ ਕਰ ਦਿੱਤਾ ਗਿਆ ਹੈ, ਕਿਸੇ ਨੂੰ ਵੀ ਜਾਣ-ਆਉਣ ਲਈ ਪੁੱਛਗਿਛ ਕੀਤੀ ਜਾ ਰਹੀ ਹੈ । ਸਰਕਾਰਾਂ ਦੇ ਅਜਿਹੇ ਵਰਤਾਰੇ ਦੇਖਕੇ ਜਾਪਦਾ ਹੈ ਕਿ ਸਰਕਾਰਾਂ ਭਿਅੰਕਰ ਡਰੀਆਂ ਹੋਈਆਂ ਹਨ ਕਿਉਂਕਿ ਪਿਛਲੇ ਕਿਸਾਨ ਅੰਦੋਲਨ ਨੇ ਦੇਸ਼ ਦੇ ਮੇਨ ਸਰਟੀਮ ਮੀਡੀਆ ਦੇ ਫੁਲ ਸਮਰਥਨ ਹੋਣ ਦੇ ਬਾਵਜੂਦ ਵੀ ਕੇਂਦਰ ਦੀ ਮੋਦੀ ਸਰਕਾਰ ਦੀਆਂ ਜੜ੍ਹਾਂ ਹਿਲਾਕੇ ਰੱਖ ਦਿੱਤੀਆਂ ਸਨ ਅਤੇ ਅਜਿਹੇ ਵਿੱਚ ਕਿਸਾਨਾਂ ਦਾ ਦਿੱਲੀ ਜਾਣਾ ਕੋਈ ਮੁਸ਼ਕਿਲ ਨਹੀਂ ਹੋਵੇਗਾ । ਪੰਜਾਬ ਅਤੇ ਹਰਿਆਣੇ ਦਾ ਸ਼ੰਭੂ ਬਾਰਡਰ ਨੂੰ ਪਾਕਿਸਤਾਨ ਦੇ ਬਾਰਡਰ ਦੀ ਤਰ੍ਹਾਂ ਤਨਾਅ ਪੂਰਨ ਬਣਾ ਦਿੱਤਾ ਗਿਆ ਹੈ । ਪੱਤਰਕਾਰਾਂ ਨੂੰ ਕਵਰੇਜ ਕਰਨ ਤੋਂ ਰੋਕਿਆ ਜਾ ਰਿਹਾ ਹੈ, ਕਿਸੇ ਨੂੰ ਵੀ ਸ਼ੰਭੂ ਤੋਂ ਹਰਿਆਣਾ ਵਿੱਚ ਦਾਖਲ ਨਹੀਂ ਹੋਣ ਦਿੱਤਾ ਜਾ ਰਿਹਾ । ਦੂਜੇ ਪਾਸੇ ਕਿਸਾਨ ਵੀ ਪੂਰੀ ਤਿਆਰੀ ਨਾਲ ਦਿੱਲੀ ਜਾਣ ਲਈ ਉਤਾਵਲੇ ਹਨ । ਕਿਸਾਨਾਂ ਦਾ ਕਹਿਣਾ ਹੈ ਕਿ ਜਦੋਂ ਤੱਕ ਉਹਨਾਂ ਦੀਆਂ ਸਾਰੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਉਦੋਂ ਤੱਕ ਆਰ-ਪਾਰ ਦਾ ਸੰਘਰਸ਼ ਹੋਵੇਗਾ । ਕਿਸਾਨਾਂ ਦੇ ਦਿੱਲੀ ਕੂਚ ਦਾ ਆਖਰੀ ਐਲਾਨ ਕੱਲ ਦੀ ਮੀਟਿੰਗ ਤੋਂ ਬਾਦ ਹੀ ਹੋਵੇਗਾ ।

Similar Posts

Leave a Reply

Your email address will not be published. Required fields are marked *