ਈਦ ਉਲ ਅਜ਼ਹਾ ਦੀ ਹਕੀਕਤ ਇਹ ਹੈ ਕਿ ਜੋ ਵਿਅਕਤੀ ਅੱਲਾਹ ਦੇ ਹੁਕਮ ਤੇ ਆਪਣੇ ਸਾਰੇ ਜਜ਼ਬਾਤਾਂ ਨੂੰ ਕੁਰਬਾਨ ਕਰਨ ਲਈ ਤਿਆਰ ਹੋ ਜਾਂਦਾ ਹੈ ਤਾਂ ਅੱਲਾਹ ਉਸ ਦੇ ਬਦਲੇ ‘ਚ ਦੁਨੀਆ ਦੀਆਂ ਤਕਲੀਫਾਂ ਤੋਂ ਛੁੱਟਕਾਰਾ ਅਤੇ ਆਖਰਤ ਵਿੱਚ ਉਸ ਦਾ ਬਹੁਤ ਹੀ ਬਿਹਤਰ ਬਦਲਾ ਦਿੰਦੇ ਹਨ । ਸੋ ਅੱਲਾਹ ਨੂੰ ਤੁਹਾਡਾ ਅਮਲ ਐਨਾ ਪਸੰਦ ਆਇਆ ਕਿ ਕਿਆਮਤ ਤੱਕ ਆਪ ਦੀ ਯਾਦ ਨੂੰ ਉੱਮਤ ਵਿੱਚ ਬਰਕਰਾਰ ਰੱਖਣ ਲਈ ਲਈ ਆਪਣੀ ਮਹਿਬੂਬ ਇਬਾਦਤ ਕਰਾਰ ਦੇ ਕੇ ਆਪਣੇ ਬੰਦਿਆਂ ‘ਤੇ ਕੁਰਬਾਨੀ ਲਾਜ਼ਮੀ ਕਰ ਦਿੱਤੀ । ਕੁਰਬਾਨੀ ਦੀ ਹਕੀਕਤ ਦੇ ਬਾਰੇ ਕੁਰਆਨ ਪਾਕ ਵਿੱਚ ਆਉਂਦਾ ਹੈ ਕਿ ‘ਅੱਲਾਹ ਨੂੰ ਕੁਰਬਾਨੀ ਦਾ ਗੋਸ਼ਤ ਅਤੇ ਖੂਨ ਨਹੀਂ ਪਹੁੰਚਦਾ, ਅੱਲਾਹ ਪਾਕ ਪਾਸ ਤੁਹਾਡਾ ਤਕਵਾ ਪਹੁੰਚਦਾ ਹੈ । ਦਰਅਸਲ ਅੱਲਾਹ ਪਾਕ ਦੇ ਨਜ਼ਦੀਕ ਆਗਿਆਕਾਰੀ ਮਨ ਦੀ ਕਦਰ ਹੈ । ਚੌਪਾਏ (ਚਾਰ ਪੈਰਾਂ ਵਾਲੇ) ਜਾਨਵਰ ਦੀ ਕੁਰਬਾਨੀ ਤਾਂ ਦਿਲ ਦੀ ਅੰਦਰੂਨੀ ਕੈਫੀਅਤ ਦੀ ਇੱਕ ਜ਼ਾਹਰੀ ਪਹਿਚਾਣ ਹੈ । ਇਹ ਪਾਲੇ ਹੋਏ ਜਾਨਵਰਾਂ ਦੀ ਕੁਰਬਾਨੀ ਤਾਂ ਨਫਸ ਦੀ ਕੁਰਬਾਨੀ ਦਾ ਅਹਿਸਾਸ ਦਿਲਵਾਉਂਦੀ ਹੈ ਕਿ ਇਹ ਕੁਰਬਾਨੀ ਆਪਣੀ ਜਾਨ ਦਾ ਬਦਲ ਹੈ ।
ਦੁਨਿਆਵੀ ਦਸਤੂਰ ਵਾਂਗ ਫ਼ਿਤਰੀ ਅਸੂਲ ਵੀ ਹੈ ਕਿ ਮੁਹੱਬਤ ਅਤੇ ਇਸ਼ਕ ਕਰਨ ਵਾਲੇ ਨੂੰ ਅਜ਼ਮਾਇਆ ਤੇ ਪਰਖਿਆ ਜਾਵੇ । ਜਿਹੜਾ ਜਿੰਨਾ ਨਜ਼ਦੀਕੀ ਹੁੰਦਾ ਹੈ, ਉਸ ਦਾ ਉਨ੍ਹਾਂ ਹੀ ਸਖ਼ਤ ਇਮਤਿਹਾਨ ਵੀ ਲਿਆ ਜਾਂਦਾ ਹੈ । ਫਿਰ ਰੱਬ ਦਾ ਦਸਤੂਰ ਵੀ ਹੈ ਕਿ ਜਿਹੜਾ ਆਦਮੀ ਉਸ ਦੇ ਕਰੀਬ ਅਤੇ ਉਸਦਾ ਮਹਿਬੂਬ ਹੈ ਤਾਂ ਅੱਲਾਹ ਪਾਕ ਦਾ ਸਲੂਕ ਇਸ ਦੇ ਨਾਲ ਉਹ ਨਹੀਂ ਹੁੰਦਾ ਜਿਹੜਾ ਆਮ ਵਿਅਕਤੀ ਨਾਲ ਹੁੰਦਾ ਹੈ ਬਲਕਿ ਉਸ ਨੂੰ ਪਰਖ ਅਤੇ ਇਮਤਿਹਾਨ ਦੀਆਂ ਸਖ਼ਤ ਮੰਜ਼ਿਲਾਂ ਚੋਂ ਗ਼ੁਜ਼ਰਨਾ ਪੈਂਦਾ ਹੈ । ਹਜ਼ਰਤ ਮੁਹੰਮਦ (ਸਲ.) ਦਾ ਇਰਸ਼ਾਦ ਹੈ ਕਿ ਸਾਰੇ ਨਬੀਆਂ ਨੂੰ ਆਪਣੇ-ਆਪਣੇ ਮਰਤਬੇ ਦੇ ਅਨੁਸਾਰ ਇਮਤਿਹਾਨ ਦੀਆਂ ਤਕਲੀਫ਼ਾਂ ਬਰਦਾਸ਼ਤ ਕਰਨੀਆਂ ਪਈਆਂ ।
ਇਸੇ ਤਰਾਂ੍ਹ ਦੀ ਇੱਕ ਮਿਸਾਲ ਹਜ਼ਰਤ ਇਬਰਾਹੀਮ (ਅਲੈ.) ਦੀ ਹੈ । ਜਿਨਾਂ੍ਹ ਨੇ ਇਨਸਾਨੀ ਜ਼ਿੰਦਗੀ ਨੂੰ ਤੌਹੀਦ (ਖ਼ੁਦਾ ਪ੍ਰਸਤੀ) ਦਾ ਪੈਗ਼ਾਮ ਦੇ ਕੇ ਸਮੁੱਚੀ ਇਨਸਾਨੀਅਤ ਵਿੱਚ ਭਾਈਚਾਰਗੀ ਦੀ ਬੁਨਿਆਦ ਰੱਖੀ । ਆਪ ਨੇ ਜਿਸ ਕੌਮ ਵਿੱਚ ਜਨਮ ਲਿਆ, ਉਸ ਕੌਮ ਵਿੱਚ ਖ਼ੁਦਾ ਪ੍ਰਸਤੀ ਦੀ ਥਾਂ ਸੂਰਜ, ਚੰਦਰਮਾ ਅਤੇ ਸਿਤਾਰਿਆਂ ਆਦਿ ਦੀ ਪੂਜਾ ਹੁੰਦੀ ਸੀ । ਚੰਦ ਅਤੇ ਸਿਤਾਰਿਆਂ ਦੀ ਪੂਜਾ ਉਸ ਸਮੇਂ ਇੱਕ ਮਜ਼ਹਬੀ ਅਕੀਦਾ ਹੀ ਨਹੀਂ ਸੀ ਬਲਕਿ ਉਸ ਸਮੇਂ ਦੀ ਸਿਆਸਤ ਦੀ ਬੁਨਿਆਦ ਵੀ ਸੀ । ਹਜ਼ਰਤ ਇਬਰਾਹੀਮ (ਅਲੈ.) ਨੇ ਇਸ ਅਕੀਦੇ ਵਿੱਚ ਆਪਣੇ ਲਈ ਕੋਈ ਖਿੱਚ ਨਾ ਦੇਖਦੇ ਹੋਏ ਦੁਨਿਆਵੀ ਨਿਜ਼ਾਮ ਬਾਰੇ ਸੋਚਣਾ ਸ਼ੁਰੂ ਕਰ ਦਿੱਤਾ । ਚੰਦ ਚਮਕਦਾ ਹੈ ਫ਼ਿਰ ਮੱਧਮ ਹੋ ਜਾਂਦਾ ਹੈ । ਸਿਤਾਰੇ ਨਿਕਲਦੇ ਹਨ, ਡੁੁੱਬ ਜਾਂਦੇ ਹਨ, ਸੂਰਜ ਰੌਸ਼ਨ ਹੁੰਦਾ ਹੈ । ਫ਼ਿਰ ਰਾਤ ਦੇ ਹਨੇਰਿਆਂ ਵਿੱਚ ਛੁੱਪ ਜਾਂਦਾ ਹੈ । ਇਹ ਚਮਕਣ ਅਤੇ ਡੁੱਬਣ ਵਾਲੀਆਂ ਚੀਜ਼ਾਂ ਖ਼ੁਦਾ ਨਹੀਂ ਹੋ ਸਕਦੀਆਂ। ਖ਼ੁਦਾ ਤਾਂ ਉਹ ਹੈ ਜਿਹੜਾ ਇਨਾਂ੍ਹ ਚੀਜ਼ਾਂ ਨੂੰ ਪੈਦਾ ਕਰਨ ਵਾਲਾ ਹੈ । ਇਸ ਸਹੀ ਫ਼ਿਕਰ ਅਤੇ ਸੱਚੇ ਅਕੀਦੇ ਦੇ ਐਲਾਨ ਦੇ ਬਦਲੇ ਵਿੱਚ ਆਪ ਨੂੰ ਕੀਮਤ ਚੁਕਾਉਣੀ ਪਈ ਕਿ ਆਪ ਘਰ ਤੋਂ ਬੇਘਰ ਹੋ ਗਏ। ਸਮਾਜ ਵਿੱਚ ਆਪ ਦੀ ਹੈਸੀਅਤ ਇੱਕ ਅਜਨਬੀ ਇਨਸਾਨ ਦੀ ਤਰਾਂ੍ਹ ਹੋ ਗਈ । ਕੌਮ ਨੇ ਹਰ ਤਰਾਂ੍ਹ ਸਤਾਉਣ ਅਤੇ ਤਕਲੀਫ਼ ਦੇਣ ‘ਤੇ ਲੱਕ ਬੰਨ ਲਿਆ । ਇੱਥੋਂ ਤੱਕ ਕਿ ਬਾਦਸ਼ਾਹੇ ਵਕਤ ‘ਨਮਰੂਦ’ ਨੇ ਅੱਗ ਦੇ ਬਲਦੇ ਭਾਂਬੜ ਵਿੱਚ ਸੁੱਟਣ ਦਾ ਫ਼ੈਸਲਾ ਕਰ ਦਿੱਤਾ। ਇੱਥੋਂ ਤੱਕ ਕਿ ਬਲਦੇ ਭਾਂਬੜ ਵਿੱਚ ਸੁੱਟ ਦਿੱਤੇ ਗਏ । ਕਿਸੇ ਸ਼ਾਇਰ ਨੇ ਇਸੇ ਮੌਕੇ ਤੇ ਕਿਹਾ :
ਆਜ ਭੀ ਹੋ ਜੋ ਇਬਰਾਹੀਮ ਕਾ ਈਮਾਂ ਪੈਦਾ
ਆਗ ਕਰ ਸਕਤੀ ਹੈ ਅੰਦਾਜ਼ੇ ਗੁਲਿਸਤਾਂ ਪੈਦਾ
ਲੇਕਿਨ ਅੱਲਾਹ ਤਾਅਲਾ ਨੇ ਹਜ਼ਰਤ ਇਬਰਾਹੀਮ ਨੂੰ ਇੱਜ਼ਤ ਦਿੱਤੀ । ਅੱਗ ਆਪ ਦੇ ਲਈ ਠੰਢੀ, ਸਲਾਮਤੀ ਵਾਲੀ ਤੇ ਗੁਲੋ-ਗੁਲਜ਼ਾਰ ਬਣ ਗਈ । ਖ਼ੁਦਾ ਦੀ ਇਸ ਕੁਦਰਤ ਤੋਂ ਸਬਕ ਹਾਸਿਲ ਕਰਨ ਦੀ ਥਾਂ ਆਪ ਦੀ ਕੌਮ ਹੋਰ ਵੀ ਭੜਕ ਉੱਠੀ ਤੇ ਪੂਰੀ ਦੁਸ਼ਮਣੀ ਤੇ ਉੱਤਰ ਆਈ ।
ਜਦੋਂ ਆਪ ਆਪਣੇ ਵਤਨ ਵਾਲਿਆਂ ਤੋਂ ਬਿਲਕੁਲ ਮਾਯੂਸ ਹੋ ਗਏ ਤਾਂ ਖ਼ਾਲੀ ਹੱਥ ਇਰਾਕ ਤੋਂ ਨਿਕਲ ਕੇ ਪਤਨੀ ਦੇ ਨਾਲ ਮੱਕਾ ਮੁਕੱਰਮਾ ਪਹੁੰਚ ਗਏ । ਹੁਣ ਇਬਰਾਹੀਮ (ਅਲੈ.) ਬੁੱਢੇ ਹੋ ਚੁੱਕੇ ਸਨ । ਪ੍ਰਦੇਸ ਵਿੱਚ ਆ ਕੇ ਇਨਸਾਨ ਨੂੰ ਹੋਰ ਵੀ ਜ਼ਿਆਦਾ ਮਦੱਦ ਤੇ ਸਹਾਰੇ ਦੀ ਲੋੜ ਪੈਂਦੀ ਹੈ । ਇਸ ਲਈ ਖ਼ੁਦਾ ਦੇ ਦਰਬਾਰ ਵਿੱਚ ਦੁਆ (ਪ੍ਰਾਰਥਨਾ) ਕੀਤੀ ਕਿ ਹੇ ਖ਼ੁਦਾ ਇੱਕ ਨੇਕ ਲੜਕਾ ਅਤਾ ਕਰ । ਇਹ ਦੁਆ ਕਬੂਲ ਹੋ ਗਈ । 86 ਸਾਲ ਦੀ ਉਮਰ ਵਿੱਚ ਹਜ਼ਰਤ ਹਾਜਰਾ ਦੀ ਕੁੱਖੋਂ ਇਕ ਲੜਕੇ ਨੇ ਜਨਮ ਲਿਆ । ਜਿਸ ਦਾ ਨਾਂ ਇਸਮਾਈਲ ਰੱਖਿਆ ਗਿਆ, ਇਕਲੌਤਾ ਪੁੱਤਰ ਬੁੱਢੇ ਬਿਰਧ ਪਿਤਾ ਦੀਆਂ ਖ਼ਾਹਿਸ਼ਾਂ ਦਾ ਇਹ ਆਲਮ ਕਿ ਕਦੋਂ ਤੁਰਨ-ਫਿਰਨ ਦੇ ਲਾਇਕ ਹੋਇਆ । ਪ੍ਰਵਰਿਸ਼ ਦੀ ਮੁਸ਼ੱਕਤ ਬਰਦਾਸ਼ਤ ਕਰਨ ਤੋਂ ਬਾਅਦ ਹੁਣ ਸਮਾਂ ਆਇਆ ਕਿ ਸੱਜੀ ਬਾਂਹ ਬਣ ਕੇ ਬਾਪ ਦਾ ਸਹਾਰਾ ਬਣਦਾ ਲੇਕਿਨ ਹਜ਼ਰਤ ਇਬਰਾਹੀਮ (ਅਲੈ.) ਨੂੰ ਹੋਰ ਵੀ ਸਖ਼ਤ ਅਜ਼ਮਾਇਸ਼ ਦਾ ਸਾਹਮਣਾ ਕਰਨਾ ਪਿਆ। ਅੱਲਾਹ ਦਾ ਹੁਕਮ ਮਿਲਦਾ ਹੈ ਕਿ ਹੇ ਇਬਰਾਹੀਮ! ਆਪਣੇ ਲਾਡਲੇ ਨੂੰ ਮੇਰੀ ਰਾਹ ਵਿੱਚ ਕੁਰਬਾਨ ਕਰ ਦੇ । ਇਸ ਸਮੇਂ ਹਜ਼ਰਤ ਇਸਮਾਈਲ (ਅਲੈ.) ਤੇਰ੍ਹਾਂ ਸਾਲ ਦੇ ਸਨ । ਕੁਰਬਾਨੀ ਉਹ ਵੀ ਬੇਟੇ ਦੀ, ਬਾਪ ਦੇ ਹੱਥੋਂ । ਬੇਟੇ ਨੂੰ ਬਾਪ ਨੇ ਖ਼ੁਦਾ ਦਾ ਹੁਕਮ ਸੁਣਾਇਆ । ਆਗਿਆਕਾਰ ਪੁੱਤਰ ਨੇ ਜਵਾਬ ਦਿੱਤਾ ਕਿ ਅੱਬਾ ਜਾਨ! ਉਹ ਕਰ ਗੁਜ਼ਰੋ ਜਿਸਦਾ ਤੁਹਾਨੂੰ ਹੁਕਮ ਮਿਲਿਆ ਹੈ । ਬਾਪ ਨੇ ਜਿਵੇਂ ਹੀ ਖ਼ੁਦਾ ਦੇ ਹੁਕਮ ਨੂੰ ਪੂਰਾ ਕਰਨ ਵਿੱਚ ਬੇਟੇ ਦੀ ਕੁਰਬਾਨੀ ਲਈ ਜ਼ਮੀਨ ਤੇ ਲਿਟਾਇਆ, ਉਸੇ ਸਮੇਂ ਖ਼ੁਦਾ ਦੀ ਤਰਫ਼ ਤੋਂ ਆਵਾਜ਼ ਆਈ,
‘ਹੇ ਇਬਰਾਹੀਮ ! ਬਸ ਤੁਸੀਂ ਸਾਡਾ ਹੁਕਮ ਪੂਰਾ ਕਰ ਦਿੱਤਾ । ਵਫ਼ਾਦਾਰੀ ਦਾ ਆਖ਼ਰੀ ਸਬੂਤ ਪੇਸ਼ ਕਰ ਦਿੱਤਾ । ਇਸ ਤੋਂ ਬਾਅਦ ਫ਼ਰਿਸ਼ਤੇ ਨੇ ਅੱਲਾਹ ਦੀ ਤਰਫ਼ ਤੋਂ ਆਏ ਜਾਨਵਰ ਦੀ ਕੁਰਬਾਨੀ ਪੇਸ਼ ਕੀਤੀ । ਇਹ ‘ਜ਼ਿਲਹਿੱਜਾ’ਦੀ ਦਸਵੀਂ ਤਾਰੀਖ ਦਾ ਵਾਕਿਆ ਹੈ । ਇਸੇ ਦਿਨ ਈਦ-ਉਲ-ਜ਼ੁਹਾ ਮਨਾਈ ਜਾਂਦੀ ਹੈ, ਜੋ ਕੁਰਬਾਨੀ ਅਤੇ ਤਿਆਗ ਦਾ ਪ੍ਰਤੀਕ ਹੈ।
ਹਕੀਕਤ ਹੈ ਕਿ ਜਿਹੜਾ ਵਿਅਕਤੀ ਖ਼ੁਦਾ ਦੇ ਹੁਕਮ ‘ਤੇ ਆਪਣੇ ਸਾਰੇ ਜਜ਼ਬਾਤਾਂ ਨੂੰ ਕੁਰਬਾਨ ਕਰਨ ਲਈ ਤਿਆਰ ਹੋ ਜਾਂਦਾ ਹੈ ਤਾਂ ਅੱਲਾਹ ਤਾਅਲਾ ਇਸ ਦੇ ਬਦਲੇ ਦੁਨੀਆ ਦੀਆਂ ਤਕਲੀਫ਼ਾਂ ਤੋਂ ਛੁਟਕਾਰਾ ਅਤੇ ਆਖ਼ਰਤ ਵਿੱਚ ਇਸ ਦਾ ਬਹੁਤ ਹੀ ਵਧੀਆ ਬਦਲਾ ਦਿੰਦੇ ਹਨ।
ਸੋ ਅੱਲਾਹ ਨੂੰ ਆਪ ਦਾ ਅਮਲ ਇੰਨਾ ਪਸੰਦ ਆਇਆ ਕਿ ਕਿਆਮਤ ਤਕ ਆਪ ਦੀ ਯਾਦ ਨੂੰ ਉੱਮਤ ਵਿੱਚ ਬਰਕਰਾਰ ਰੱਖਣ ਲਈ ਆਪਣੀ ਮਹਿਬੂਬ ਇਬਾਦਤ ਕਰਾਰ ਦੇ ਕੇ ਆਪਣੇ ਬੰਦਿਆਂ ‘ਤੇ ਕੁਰਬਾਨੀ ਲਾਜ਼ਮੀ ਕਰ ਦਿੱਤੀ ।
ਕੁਰਬਾਨੀ ਉਸ ਦੀ ਹੈ ਜਿਸ ਨੇ ਰੋਜ਼ਾਨਾ ਦੀ ਜ਼ਿੰਦਗੀ ਵਿੱਚ ਆਪਣੇ ਨਫ਼ਸ ਦੇ ਖ਼ਿਲਾਫ਼, ਝੂਠ ਅਤੇ ਫ਼ਰੇਬ ਦੇ ਖ਼ਿਲਾਫ਼, ਸ਼ਿਰਕ ਅਤੇ ਗੁਮਰਾਹੀ ਦੇ ਖ਼ਿਲਾਫ਼. ਰਿਸ਼ਵਤ ਅਤੇ ਚੋਰ ਬਾਜ਼ਾਰੀ ਦੇ ਖ਼ਿਲਾਫ਼, ਜ਼ੁਲਮ ਅਤੇ ਫ਼ਸਾਦ ਦੇ ਖ਼ਿਲਾਫ਼ ਆਪਣੇ ਆਪ ਨੂੰ ਕੁਰਬਾਨ ਕਰ ਕੇ ਰੱਖ ਦਿੱਤਾ ਹੋਵੇ ਜਿਵੇਂ ਕਿ ਹਜ਼ਰਤ ਇਬਰਾਹੀਮ (ਅਲੈ.) ਦੇ ਇਸ ਪੂਰੇ ਕਿੱਸੇ ਤੋਂ ਸਾਨੂੰ ਸਬਕ ਮਿਲਦਾ ਹੈ ਕਿ ਹੱਕ, ਸੱਚ ਅਤੇ ਸਹੀ ਗੱਲ ਕਹਿਣ ‘ਤੇ ਇਨਸਾਨ ਨੂੰ ਤਰਾਂ੍ਹ-ਤਰਾਂ੍ਹ ਦੀਆਂ ਅਜ਼ਮਾਇਸ਼ਾਂ ਦਾ ਸਾਹਮਣਾ ਕਰਨਾ ਪੈਂਦਾ ਹੈ । ਅਜਿਹੇ ਮੌਕੇ ‘ਤੇ ਸਬਰ ਤੇ ਸੰਤੋਖ ਦਾ ਪੱਲੂ (ਦਾਮਨ) ਪਕੜੇ ਰਹਿਣਾ ਹੀ ਚੰਗੇ ਇਨਸਾਨ ਦੀ ਪਹਿਚਾਣ ਅਤੇ ਕਾਮਯਾਬੀ ਦੀ ਨਿਸ਼ਾਨੀ ਹੈ। ਕੁਰਬਾਨੀ ਕੋਈ ਰਸਮ-ਰਵਾਜ ਨਹੀਂ ਬਲਕਿ ਈਮਾਨ ਦੀ ਤਾਜ਼ਗੀ ਦਾ ਨਾਂ ਹੈ । ਅਸਲ ਵਿੱਚ ਕੁਰਬਾਨੀ ਦਾ ਇਹੋ ਇਕ ਰਸਤਾ ਹੈ ਜਿਸ ਤੇ ਚੱਲ ਕੇ ਅੱਲਾਹ ਦੇ ਨੇਕ ਬੰਦਿਆਂ ਨੇ ਪੂਰੀ ਇਨਸਾਨੀਅਤ ਦੀ ਕਿਸਮਤ ਬਦਲ ਦਿੱਤੀ । ਖ਼ੁਦਾ ਦੀ ਰਜ਼ਾ ਹਾਸਿਲ ਕਰਨ ਲਈ ਅੱਜ ਵੀ ਅਜਿਹੇ ਰਸਤੇ ਹਨ ਜਿਨਾਂ੍ਹ ਤੇ ਚੱਲ ਕੇ ਇਨਸਾਨ ਅੱਲਾਹ ਦੀ ਮਦੱਦ ਹਾਸਿਲ ਕਰ ਸਕਦਾ ਹੈ।
ਪੇਸ਼ਕਸ਼:
ਕਾਰੀ ਅਨਵਾਰ ਅਹਿਮਦ ਰਹਿਮਾਨੀ
ਸੰਚਾਲਕ ਮਦਰਸਾ ਤਹਿਫੀਜ਼ ਉਲ ਕੁਰਆਨ
ਜਮਾਲਪੁਰਾ ਮਲੇਰਕੋਟਲਾ
ਸੰਪਰਕ: 99884-88308



