ਸੰਗਰੂਰ ਲੋਕ ਸਭਾ ਸੀਟ ਬਣੀ ਵੱਡੇ ਆਗੂਆਂ ਦੇ ਵੱਕਾਰ ਦਾ ਸਵਾਲ
ਮਲੇਰਕੋਟਲਾ, 25 ਮਈ (ਅਬੂ ਜ਼ੈਦ): ਲੋਕ ਸਭਾ ਚੋਣਾਂ 2024 ਦੇ ਛੇਵੇਂ ਗੇੜ ਦੀਆਂ ਵੋਟਾਂ ਅੱਜ ਪੈ ਰਹੀਆਂ ਹਨ । ਹੁਣ ਆਖਰੀ 7ਵੇਂ ਗੇੜ ‘ਚ ਪੰਜਾਬ ਦੀ ਵਾਰੀ ਹੈ । ਪੰਜਾਬ ਅੰਦਰ ਸਿਆਸੀ ਅਖਾੜਾ ਪੂਰਾ ਭੱਖਿਆ ਹੋਇਆ ਹੈ । ਪੰਜਾਬ ਦੀਆਂ 13 ਸੀਟਾਂ ਨੂੰ ਲੈ ਕੇ ਦੇਸ਼ ਦੇ ਪ੍ਰਧਾਨ ਮੰਤਰੀ, ਸੂਬਿਆਂ ਦੇ ਮੁੱਖ ਮੰਤਰੀ ਅਤੇ ਪਾਰਟੀਆਂ ਦੇ ਪ੍ਰਧਾਨ ਆਮ ਲੋਕਾਂ ਵਾਂਗ ਤੁਰੇ ਫਿਰਦੇ ਨੇ । ਦੇਸ਼ ਅੰਦਰ ਬੇਰੋਜਗਾਰੀ ਪੂਰੇ ਚਰਮ ਉੱਤੇ ਹੈ, ਮਹਿੰਗਾਈ ਨੇ ਜਨਤਾ ਦੀ ਕਮਰ ਤੋੜ ਦਿੱਤੀ ਹੈ, ਸਿੱਖਿਆ ਐਨੀ ਮਹਿੰਗੀ ਹੋ ਗਈ ਹੈ ਕਿ ਸਿਰਫ ਅਮੀਰ ਦਾ ਬੱਚਾ ਹੀ ਚੰਗੀ ਸਿੱਖਿਆ ਹਾਸਲ ਕਰ ਸਕਦਾ ਹੈ, ਸਿਹਤ ਸਹੂਲਤਾਂ ਦਾ ਜਨਾਜ਼ਾ ਨਿਕਲਿਆ ਪਿਆ ਹੈ । ਜਰੂਰਤ ਹੈ ਇਹਨਾਂ ਮੁੱਦਿਆਂ ਉੱਤੇ ਗੱਲ ਕਰਨ ਦੀ । ਇਹ ਇਤਿਹਾਸ ਦਾ ਪਹਿਲਾ ਇਲੈਕਸ਼ਨ ਹੈ ਜਿਸ ਵਿੱਚ ਸਿੱਖਿਆ, ਸਿਹਤ ਸਹੂਲਤਾਂ, ਰੋਜਗਾਰ, ਮਹਿੰਗਾਈ, ਵਪਾਰ ਆਦਿ ਨੂੰ ਛੱਡਕੇ ਵੱਡੇ ਆਗੂਆਂ ਵੱਲੋਂ ਮੰਗਲਸੂਤਰ, ਮੱਝਾਂ-ਗਾਵਾਂ, ਪਾਕਿਸਤਾਨ, ਹਿਦੂ-ਮੁਸਲਿਮ ਦੀ ਗੱਲ ਹੋ ਰਹੀ ਹੈ ।ਹਰ ਪਾਰਟੀ ਨੇ ਪੰਜਾਬ ਨੂੰ ਸ਼ਾਮਲਾਟ ਜ਼ਮੀਨ ਸਮਝਿਆ ਹੋਇਆ ਹੈ ਜੋ ਵੋਟਾਂ ਦੇ 10-12 ਦਿਨ ਹਲਕੇ ਵਿੱਚ ਚੱਕਰ ਕੱਟਕੇ ਪੰਜ ਸਾਲ ਰਫੂਚੱਕਰ ਹੋ ਜਾਂਦੇ ਹਨ । ਪਰੰਤੂ ਇਸ ਵਾਰ ਪੰਜਾਬ ਦੀ ਜਨਤਾ ਦਾ ਰਵੱਈਆ ਬਦਲਿਆ ਹੋਇਆ ਹੈ । ਪੰਜਾਬ ਦੀ ਜਨਤਾ ਰਿਵਾਇਤੀ ਪਾਰਟੀਆਂ ਕਾਂਗਰਸ, ਬੀਜੇਪੀ, ਅਕਾਲੀ ਦਲ ਤੋਂ ਖਫਾ ਹੋ ਚੁੱਕੀ ਸੀ ਜਿਸ ਕਾਰਣ ਆਮ ਆਦਮੀ ਪਾਰਟੀ ਦਾ ਮੁੱਢ ਬੱਝਿਆ ਗਿਆ । ਪਰੰਤੂ ਪੰਜਾਬ ‘ਚ ਸਰਕਾਰ ਬਣਨ ਤੋਂ 3 ਮਹੀਨੇ ਬਾਦ ਹੀ ਪਾਰਟੀ ਦੀ ਗਲਤ ਨੀਤੀਆਂ ਅਤੇ ਵਾਅਦਾ ਖਿਲਾਫੀਆਂ ਤੋਂ ਦੁਖੀ ਹੋ ਕੇ ਸੰਗਰੂਰ ਦੀ ਜਨਤਾ ਨੇ ਲੋਕ ਸਭਾ ਦੀ ਇਕਲੌਤੀ ਸੀਟ ਵੀ ਆਮ ਆਦਮੀ ਪਾਰਟੀ ਦੇ ਹੱਥੋਂ ਖੋਹ ਲਈ ਅਤੇ ਸ੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਨੂੰ ਆਪਣਾ ਐਮਪੀ ਚੁਣ ਲਿਆ । ਲੋਕ ਸਭਾ ਹਲਕਾ ਸੰਗਰੂਰ ਦੀ ਸੀਟ ਅੱਜ ਪੂਰੇ ਭਾਰਤ ਵਿੱਚ ਚਰਚਾ ਦਾ ਵਿਸ਼ਾ ਬਣੀ ਹੋਈ ਹੈ । ਸੰਗਰੂਰ ਤੋਂ ਸੰਸਦ ਮੈਂਬਰ ਸਿਮਰਨਜੀਤ ਸਿੰਘ ਮਾਨ, ਸੁਖਪਾਲ ਸਿੰਘ ਖਹਿਰਾ, ਗੁਰਮੀਤ ਸਿੰਘ ਮੀਤ ਹੇਅਰ, ਇਕਬਾਲ ਸਿੰਘ ਝੂੰਦਾਂ, ਅਰਵਿੰਦ ਖੰਨਾ ਸਮੇਤ ਕਰੀਬ ਦੋ ਦਰਜਨ ਉਮੀਦਵਾਰ ਮੈਦਾਨ ਵਿੱਚ ਉਤਰੇ ਹਨ । ਸੰਗਰੂਰ ਦੇ ਲੋਕ ਕੀ ਚਾਹੁੰਦੇ ਹਨ ਇਸ ਸਬੰਧੀ ‘ਅਦਾਰਾ ਅਬੂ ਜ਼ੈਦ ਨਿਊਜ਼’ ਦੀ ਟੀਮ ਨੇ ਜ਼ਮੀਨੀ ਪੱਧਰ ‘ਤੇ ਉਤਰ ਕੇ ਜੋ ਦੇਖਿਆ ਕਿ “ਕੁੰਢੀਆਂ ਦੇ ਸਿੰਘ ਫਸ ਗਏ, ਕੋਈ ਨਿਤਰੂ ਬੜ੍ਹੇਵੇਂ ਖਾਣੀ” ਵਾਲੀ ਕਹਾਵਤ ਸੱਚ ਹੋਈ ਪਈ ਹੈ । ਅਦਾਰੇ ਦੇ ਪੱਤਰਕਾਰ ਨੇ ਲੋਕਾਂ ਤੋਂ ਜਾਣਿਆ ਕਿ ਉਹ ਕਿ ਉਹ ਆਪਣੇ ਉਮੀਦਵਾਰ ਬਾਰੇ ਕੀ ਸੋਚਦੇ ਹਨ? ਉਸਤੋਂ ਕੀ ਚਾਹੁੰਦੇ ਹਨ? ਉਹ ਆਪਣੇ ਪਾਠਕਾਂ ਨਾਲ ਸਾਂਝਾ ਕਰ ਰਹੇ ਹਾਂ ।
ਸਿਮਰਨਜੀਤ ਸਿੰਘ ਮਾਨ
ਸਿਮਰਨਜੀਤ ਸਿੰਘ ਮਾਨ ਸ੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਪ੍ਰਧਾਨ ਅਤੇ ਮੌਜੂਦਾ ਲੋਕ ਸਭਾ ਮੈਂਬਰ ਹਨ । ਇਸ ਤੋਂ ਪਹਿਲਾਂ ਵੀ ਸ. ਮਾਨ ਸੰਗਰੂਰ ਅਤੇ ਤਰਨਤਾਰਨ ਤੋਂ ਲੋਕ ਸਭਾ ਮੈਂਬਰ ਰਹਿ ਚੁੱਕੇ ਹਨ । 1984 ਦੇ ਹਾਲਾਤਾਂ ਨੂੰ ਦੇਖਦਿਆਂ ਆਪਣੇ ਧਰਮ ਨਾਲ ਵਫਾ ਕਰਦਿਆਂ ਸਿਮਰਨਜੀਤ ਸਿੰਘ ਮਾਨ ਨੇ ਭਾਰਤ ਸਰਕਾਰ ਦੇ ਵੱਡੇ ਪੁਲਸ ਦੇ ਅਹੁੱਦੇ ਨੂੰ ਛੱਡ ਦਿੱਤਾ ਸੀ ਜਿਸ ਕਾਰਣ ਉਹਨਾਂ ਨੂੰ ਅਨੇਕਾਂ ਜ਼ੁਲਮ ਵੀ ਸਹਿਣੇ ਪਏ । ਉਦੋਂ ਤੋਂ ਹੀ ਉਹ ਪੰਥਕ ਹਲਕਿਆਂ ਵਿੱਚ ਕੌਮ ਦੇ ਰਹਿਬਰ ਮੰਨੇ ਜਾਂਦੇ ਹਨ । ਸ. ਮਾਨ ਆਪਣੀ ਹਰ ਗੱਲ ਸਪਸ਼ਟ ਸ਼ਬਦਾਂ ਵਿੱਚ ਕਹਿੰਦੇ ਹਨ ਸਿਆਸੀ ਆਗੂਆਂ ਵਾਂਗ ਕੋਈ ਲੁਕ-ਲਪੇਟ ਨਹੀਂ ਰੱਖਦੇ ਭਾਵੇਂ ਕੋਈ ਨਾਰਾਜ਼ ਹੀ ਕਿਉਂ ਨਾ ਹੋ ਜਾਵੇ । ਸਜ਼ਾਵਾਂ ਪੂਰੀਆਂ ਕਰ ਚੁੱਕੇ ਬੰਦੀ ਸਿੰਘਾਂ ਦੀ ਰਿਹਾਈ, ਭਾਈ ਅੰਮ੍ਰਿਤਪਾਲ ਸਿੰਘ ਦੀ ਕੀਤੀ ਨਾਜਾਇਜ਼ ਗ੍ਰਿਫਤਾਰੀ, ਬੇਅਦਬੀਆਂ ਦੇ ਇਨਸਾਫ ਲਈ ਹਮੇਸ਼ਾ ਆਵਾਜ਼ ਬੁਲੰਦ ਕਰਦੇ ਰਹੇ ਹਨ । ਸਿੱਖ ਕੌਮ ਅਤੇ ਘੱਟਗਿਣਤੀਆਂ ਉੱਤੇ ਹੋ ਰਹੇ ਜ਼ੁਲਮ ਦੇ ਖਿਲਾਫ ਹਮੇਸ਼ਾ ਆਪਣੀ ਆਵਾਜ਼ ਦੇਸ਼ ਦੀ ਸੰਸਦ ਅਤੇ ਮੀਡੀਆ ਰਾਹੀਂ ਬੁਲੰਦ ਕਰਦੇ ਰਹੇ ਹਨ, ਭਾਵੇਂ ਬਾਬਰੀ ਮਸਜਿਦ ਢਾਹੁਣ ਅਤੇ ਉਸ ਥਾਂ ‘ਤੇ ਮੰਦਰ ਬਣਾਉਣ ਦਾ ਮਾਮਲਾ ਹੋਵੇ, ਧਾਰਾ 370 ਖਤਮ ਕਰਕੇ ਕਸ਼ਮੀਰੀ ਮੁਸਲਮਾਨਾਂ ਉੱਤੇ ਹੋ ਰਹੇ ਜ਼ੁਲਮਾਂ ਦਾ ਮਾਮਲਾ ਹੋਵੇ, ਮਨੀਪੁਰ ‘ਚ ਔਰਤਾਂ ਉੱਤੇ ਕੀਤੇ ਗੈਰਮਨੁੱਖੀ ਤਸ਼ੱਦਦ, ਯੂਪੀ, ਮੱਧ ਪ੍ਰਦੇਸ਼, ਰਾਜਸਥਾਨ ਸਮੇਤ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿੱਚ ਦਲਿਤਾਂ, ਪੱਛੜਿਆਂ ਉੱਤੇ ਹੋ ਰਹੇ ਜ਼ੁਲਮਾਂ ਦਾ ਮਾਮਲਾ ਹੋਵੇ ਸ. ਮਾਨ ਹਰ ਕਿਸੇ ਦੀ ਆਵਾਜ਼ ਬਣੇ । ਲੋਕ ਸਭਾ ਹਲਕਾ ਸੰਗਰੂਰ ਦੀ ਜ਼ਿਮਨੀ ਚੋਣ 2022 ਵਿੱਚ ਆਮ ਆਦਮੀ ਪਾਰਟੀ ਨੇ 92 ਵਿਧਾਇਕਾਂ ਦੀ ਆਪਣੀ ਪੂਰੀ ਤਾਕਤ ਝੋਕ ਕੇ ਵੀ ਸ. ਮਾਨ ਨੂੰ ਮਾਤ ਨਹੀਂ ਦੇ ਸਕੇ ਸਨ ਅਤੇ ਹਾਰ ਦਾ ਮੂੰਹ ਦੇਖਣਾ ਪਿਆ । ਸ. ਮਾਨ ਨੇ ਕਰੀਬ ਡੇਢ ਸਾਲ ਦੇ ਸਮੇਂ ਵਿੱਚ ਹੀ ਸੰਗਰੂਰ ਹਲਕੇ ਲਈ ਸੰਗਰੂਰ, ਬਰਨਾਲਾ, ਮਲੇਰਕੋਟਲਾ ਅੰਦਰ ਬਿਜਲੀ ਦੀਆਂ ਤਾਰਾਂ ਨੂੰ ਜ਼ਮੀਨਦੋਜ਼ ਕਰਨ ਜਿਹੇ ਕਰੋੜਾਂ ਦੇ ਵੱਡੇ ਪ੍ਰੋਜੈਕਟ ਲੋਕਾਂ ਲਈ ਪਾਸ ਕਰਵਾਏ ਜੋ ਬਹੁਤ ਵੱਡੀ ਪਹਿਲ ਹੈ । ਅੱਜ ਦੇ ਹਾਲਾਤ ਵੀ ਇਹੀ ਬਣੇ ਹੋਏ ਹਨ ਕਿ ਲੱਗਭਗ ਸਾਰੀਆਂ ਹੀ ਸਿਆਸੀ ਪਾਰਟੀਆਂ ਮਿਲਕੇ ਇਹ ਕੋਸ਼ਿਸ਼ ਵਿੱਚ ਹਨ ਕਿ ਕਿਤੇ ਸਿਮਰਨਜੀਤ ਸਿੰਘ ਮਾਨ ਦੋਬਾਰਾ ਨਾ ਜਿੱਤਾ ਜਾਵੇ । ਇਸੇ ਲਈ ਆਮ ਆਦਮੀ ਪਾਰਟੀ ਨੇ ਆਪਣੇ ਕੈਬਿਨਟ ਮੰਤਰੀ ਮੀਤ ਹੇਅਰ ਨੂੰ ਮੈਦਾਨ ਵਿੱਚ ਉਤਾਰ ਦਿੱਤਾ ਤਾਂ ਕਿ ਮੁੱਖ ਮੰਤਰੀ ਭਗਵੰਤ ਮਾਨ ਦਾ ਹਲਕਾ ਧੂਰੀ ਵੀ ਇਸ ਵਿੱਚ ਸ਼ਾਮਲ ਹੋਣ ਕਾਰਣ ਆਪਣੀ ਇੱਜ਼ਤ ਅਤੇ ਕੁਰਸੀ ਬਚਾਈ ਜਾ ਸਕੇ । ਹਲਕੇ ਦੀ ਜ਼ਮੀਨੀ ਹਕੀਕਤ ਇਹ ਹੈ ਕਿ ਲੋਕ ਆਪ ਮੁਹਾਰੇ ਸਿਮਰਨਜੀਤ ਸਿੰਘ ਮਾਨ ਦੇ ਪ੍ਰੋਗਰਾਮਾਂ ਅਤੇ ਰੋਡ ਸ਼ੋਅ ਵਿੱਚ ਸ਼ਾਮਲ ਹੋ ਰਹੇ ਹਨ ਅਤੇ ਉਹਨਾਂ ਨੂੰ ਜਿਤਾਉਣ ਲਈ ਮਿਹਨਤ ਕਰ ਰਹੇ ਹਨ ।
ਗੁਰਮੀਤ ਸਿੰਘ ਮੀਤ ਹੇਅਰ
ਆਮ ਆਦਮੀ ਪਾਰਟੀ ਨੇ ਆਪਣੀ ਸਰਕਾਰ ਦੇ ਕੈਬਿਨਟ ਮੰਤਰੀ ਮੀਤ ਹੇਅਰ ਨੂੰ ਚੋਣ ਮੈਦਾਰ ਵਿੱਚ ਉਤਾਰਿਆ ਹੈ । ਉਹ ਇੱਕ ਚੰਗੇ ਪੜ੍ਹੇਲਿਖੇ ਅਤੇ ਸੂਝਵਾਨ ਆਗੂ ਹਨ ਬਰਨਾਲਾ ਤੋਂ ਦੂਜੀ ਵਾਰ ਵਿਧਾਇਕ ਬਣ ਕੈਬਿਨਟ ਮੰਤਰੀ ਦੇ ਅਹੁੱਦੇ ਤੱਕ ਪਹੁੰਚੇ । ਉਹਨਾਂ ਆਪਣੇ ਵਿਭਾਗ ਵਿੱਚ ਵੀ ਚੰਗੀ ਕਾਰਗੁਜਾਰੀ ਦਿਖਾਈ । ਮੁੱਖ ਮੰਤਰੀ ਭਗਵੰਤ ਮਾਨ ਨੇ ਆਪਣੀ ਵਜ਼ਾਰਤ ਦੇ ਸਭ ਤੋਂ ਕਾਬਿਲ ‘ਸਿਪਾਸਾਲਾਰ’ ਨੂੰ ਆਪਣੀ ਖੁੱਸੀ ਹੋਈ ਸੀਟ ਜਿੱਤਣ ਲਈ ਜੰਗ ‘ਚ ਉਤਾਰਿਆ ਹੈ । ਸਿਆਸੀ ਮਾਹਿਰਾਂ ਦਾ ਕਹਿਣਾ ਹੈ ਕਿ ਸੰਗਰੂਰ ਦੀ ਸੀਟ ਉੱਤੇ ਕਈ ਦਿੱਗਜ਼ਾਂ ਦੀ ਇੱਜ਼ਤ ਦਾਉ ‘ਤੇ ਲੱਗੀ ਹੋਈ ਹੈ । ਜੇਕਰ ‘ਆਪ’ ਸੰਗਰੂਰ ਤੋਂ ਚੋਣ ਹਾਰ ਜਾਂਦੀ ਹੈ ਤਾਂ ਜਿੱਥੇ ਮੀਤ ਹੇਅਰ ਦਾ ਭਵਿੱਖ ਧੁੰਦਲਾ ਹੋ ਜਾਵੇਗਾ ਉੱਥੇ ਹੀ ਮੁੱਖ ਮੰਤਰੀ ਦੀ ਕੁਰਸੀ ਨੂੰ ਵੀ ਝਟਕਾ ਲੱਗ ਸਕਦਾ ਹੈ । ਭਾਵੇਂ ਕਿ ਆਏ ਦਿਨ ਵੱਡੇ ਵਿਰੋਧੀ ਪਾਰਟੀਆਂ ਦੇ ਆਗੂਆਂ ਨੂੰ ਸ਼ਾਮਲ ਕਰਕੇ ਵਾਧਾ ਕੀਤਾ ਜਾ ਰਿਹਾ ਹੈ ਪਰੰਤੂ ਆਮ ਆਦਮੀ ਪਾਰਟੀ ਦੀ ਅੰਦਰੂਨੀ ਫੁੱਟ ਵੀ ਵੋਟਾਂ ਦੌਰਾਨ ਖੁਲਕੇ ਸਾਹਮਣੇ ਆ ਰਹੀ ਹੈ । ਹਰੇਕ ਵਿਧਾਨ ਸਭਾ ਹਲਕੇ ਵਿੱਚ ਕਈ-ਕਈ ਧੜੇ ਬਣ ਚੁੱਕੇ ਹਨ ਜੋ ਵੱਖ-ਵੱਖ ਦਿਸ਼ਾਵਾਂ ਵਿੱਚ ਪ੍ਰਚਾਰ ਕਰ ਰਹੇ ਹਨ । ਇਸ ਤੋਂ ਇਲਾਵਾ ਕਿਸਾਨ ਜੱਥੇਬੰਦੀਆਂ ਦਾ ਵਿਰੋਧ, ਸਿੱਖਾਂ ਦੇ ਧਾਰਮਿਕ ਮਸਲੇ, ਮੁਸਲਿਮ ਵਰਗ ਨੂੰ ਹਾਸ਼ੀਏ ਉੱਤੇ ਧਕੇਲਣਾ, ਬੰਦੀ ਸਿੰਘਾਂ ਦੀ ਰਿਹਾਈ ਦੇ ਮਾਮਲੇ, ਬੇਅਦਬੀਆਂ ਦੇ ਮਾਮਲੇ, ਭਗਵੰਤ ਮਾਨ ਦੇ ਸਟੇਜਾਂ ਤੋਂ ਛੱਡੇ ਮਜ਼ਾਕੀਆ ਬਿਆਨ ਵੀ ਚੋਣ ਪ੍ਰਚਾਰ ਰਾਹੀਂ ਲੋਕ ਲਹਿਰ ਬਣਾਉਣ ਵਿੱਚ ਵੱਡੀ ਰੁਕਾਵਟ ਬਣ ਰਹੇ ਹਨ ।
ਸੁਖਪਾਲ ਸਿੰਘ ਖਹਿਰਾ
ਕਾਂਗਰਸ ਪਾਰਟੀ ਨੇ ਭੁਲੱਥ ਤੋਂ ਵਿਧਾਇਕ ਸ. ਸੁਖਪਾਲ ਸਿੰਘ ਖਹਿਰਾ ਨੂੰ ਸੰਗਰੂਰ ਤੋਂ ਉਮੀਦਵਾਰ ਬਣਾਇਆ ਹੈ । ਸ. ਖਹਿਰਾ ਆਪਣੇ ਬੇਬਾਕ ਬੋਲਣ ਦੇ ਅੰਦਾਜ਼ ਅਤੇ ਸਾਫ ਸੁਥਰੀ ਸਖਸ਼ੀਅਤ ਕਰਕੇ ਜਾਣੇ ਜਾਂਦੇ ਹਨ । ਭਾਈ ਅੰਮ੍ਰਿਤਪਾਲ ਸਿੰਘ ਅਤੇ ਬੰਦੀ ਸਿੰਘਾਂ ਦੀ ਰਿਹਾਈ, ਲੱਖਾ ਸਿਧਾਨਾ ਅਤੇ ਭਾਨੇ ਸਿੱਧੂ ਦੀ ਨਾਜਾਇਜ਼ ਗ੍ਰਿਫਤਾਰੀ ਲਈ ਸਰਕਾਰ ਦੇ ਖਿਲਾਫ ਆਪਣੀ ਆਵਾਜ਼ ਬੁਲੰਦ ਕਰਦੇ ਰਹੇ ਹਨ । ਉਹ ਵਿਰੋਧੀ ਧਿਰ ਦੇ ਆਗੂ ਹੁੰਦਿਆਂ ਸਰਕਾਰ ਨੂੰ ਹਰ ਮੁੱਦੇ ਉੱਤੇ ਘੇਰਦੇ ਰਹੇ ਹਨ । ਜਿਸ ਕਾਰਣ ਉਹਨਾਂ ਨੂੰ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਕਈ ਮਹੀਨੇ ਜੇਲ ਵਿੱਚ ਵੀ ਰੱਖਿਆ ਪਰੰਤੂ ਉਹ ਨਿਡਰ ਹੋ ਕੇ ਸਰਕਾਰ ਦੀਆਂ ਖਾਮੀਆਂ ਦੀ ਆਲੋਚਨਾ ਕਰਦੇ ਰਹੇ । ਪਾਰਟੀ ਦੀ ਅੰਦਰੂਨੀ ਧੜੇਬੰਦੀ ਅਤੇ ਹਲਕਾ ਸੰਗਰੂਰ ਨਾਲ ਜ਼ਿਆਦਾ ਤਾਲਮੇਲ ਨਾ ਹੋਣ ਕਾਰਣ ਪਹਿਲਾਂ-ਪਹਿਲ ਚੋਣ ਮੁਹਿੰਮ ਕਾਫੀ ਮੱਠੀ ਰਹੀ ਪਰੰਤੂ ਅੱਜ ਸੁਖਪਾਲ ਖਹਿਰਾ ਦੀ ਪੁਜ਼ੀਸ਼ਨ ਕਾਫੀ ਮਜ਼ਬੂਤ ਹੁੰਦੀ ਨਜ਼ਰ ਆ ਰਹੀ ਹੈ ।
ਇਕਬਾਲ ਸਿੰਘ ਝੂੰਦਾਂ
ਸ੍ਰੋਮਣੀ ਅਕਾਲੀ ਦਲ ਬਾਦਲ ਵੱਲੋਂ ਪਾਰਟੀ ਦੇ ਸਾਬਕਾ ਵਿਧਾਇਕ ਐਡਵੋਕੇਟ ਇਕਬਾਲ ਸਿੰਘ ਝੂੰਦਾਂ ਨੂੰ ਚੋਣ ਮੈਦਾਨ ਵਿੱਚ ਉਤਾਰਿਆ ਗਿਆ ਹੈ । ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਸੰਗਰੂਰ ਹਲਕੇ ਨੂੰ ਵਿਸ਼ੇਸ਼ ਮਹੱਤਵ ਦਿੰਦਿਆਂ ਇਕਬਾਲ ਸਿੰਘ ਪਾਰਟੀ ਕੱਦਾਵਰ ਨੇਤਾ ਨੂੰ ਟਿਕਟ ਦਿੱਤਾ ਹੈ । ਅਕਾਲੀ ਦਲ ਦੀ ਸਰਕਾਰ ਦੌਰਾਨ ਉਹਨਾਂ ਨੇ ਆਪਣੇ ਵਿਧਾਇਕ ਰਹਿੰਦਿਆਂ ਮਲੇਰਕੋਟਲਾ ਅਤੇ ਅਮਰਗੜ੍ਹ ਹਲਕਿਆਂ ਅੰਦਰ ਖੂਬ ਵਿਕਾਸ ਕਾਰਜ ਕਰਵਾਏ । ਪਾਰਟੀ ਵਰਕਰਾਂ ਵਿੱਚ ਉਹਨਾਂ ਦਾ ਬਹੁਤ ਸਤਿਕਾਰ ਹੈ । ਚੋਣ ਹਲਕੇ ਦੀ ਜ਼ਮੀਨੀ ਰਿਪੋਰਟ ਅਨੁਸਾਰ ਪਾਰਟੀ ਆਪਣੇ ਹੱਕ ਵਿੱਚ ਕੁਝ ਚੰਗਾ ਚੋਣ ਮਾਹੌਲ ਨਹੀਂ ਬਣਾ ਸਕੀ ।
ਅਰਵਿੰਦ ਖੰਨਾ
ਭਾਰਤੀ ਜਨਤਾ ਪਾਰਟੀ ਨੇ ਅਮੀਰ ਕਰੋੜਪਤੀ ਅਰਵਿੰਦ ਖੰਨਾ ਨੂੰ ਸੰਗਰੂਰ ਲੋਕ ਸਭਾ ਹਲਕੇ ਤੋਂ ਚੋਣ ਮੈਦਾਨ ਵਿੱਚ ਉਤਾਰਿਆ ਹੈ । ਕਿਸਾਨ ਜੱਥੇਬੰਦੀਆਂ ਦੇ ਸਖਤ ਵਿਰੋਧ ਕਾਰਣ ਅਰਵਿੰਦ ਖੰਨਾ ਲੋਕਾਂ ਵਿੱਚ ਆਪਣੀ ਗੱਲ ਨਹੀਂ ਰੱਖ ਸਕੇ ਅਤੇ ਨਾ ਹੀ ਕੋਈ ਪਾਰਟੀ ਦਾ ਵੱਡਾ ਆਗੂ ਉਹਨਾਂ ਲਈ ਪ੍ਰਚਾਰ ਕਰਨ ਸੰਗਰੂਰ ਆਇਆ ਹੈ । ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀ ਸਿਰਫ ਪਟਿਆਲਾ, ਜਲੰਧਰ ਅਤੇ ਗੁਰਦਾਸਪੁਰ ਰੈਲੀਆਂ ਕਰਕੇ ਹੀ ਵਾਪਸ ਚਲੇ ਗਏ । ਜਮੀਨੀ ਰਿਪੋਰਟ ਮੁਤਬਿਕ ਪਾਰਟੀ ਦੀ ਪੱਕੀ ਵੋਟ ਤੋਂ ਇਲਾਵਾ ਅਰਵਿੰਦ ਖੰਨਾ ਆਪਣੇ ਹੱਕ ਵਿੱਚ ਚੰਗਾ ਪ੍ਰਚਾਰ ਨਹੀਂ ਕਰ ਸਕੇ ਅਤੇ ਨਾ ਹੀ ਜਨਤਾ ਵਿੱਚ ਉੱਤਰਕੇ ਆਪਣੀ ਪਾਰਟੀ ਦੀਆਂ ਨੀਤੀਆਂ ਬਾਰੇ ਕੋਈ ਪ੍ਰਚਾਰ ਕਰ ਸਕੇ ਹਨ ।



