ਸੂਬੇ ਦੀ ਕਾਨੂੰਨ ਵਿਵਸਥਾ ਅਤੇ ਸਿੱਖਿਆ ਖੇਤਰ ਦਾ ਜਨਾਜ਼ਾ ਨਿਕਲਣ ਤੋਂ ਬਾਅਦ ਮੰਤਰੀ ਮੰਡਲ ‘ਚ ਵੱਡੇ ਬਦਲ ਦੀ ਲੋੜ
ਮਲੇਰਕੋਟਲਾ, 20 ਅਪ੍ਰੈਲ (ਬਿਉਰੋ): ਪੰਜਾਬ ਅੰਦਰ ਵੱਡੇ ਦਾਅਵੇ ਅਤੇ ਵਾਅਦੇ ਕਰਕੇ ਆਈ ਆਮ ਆਦਮੀ ਪਾਰਟੀ ਦੀ ਸਰਕਾਰ ਅੱਜ ਆਪਣੇ ਹੀ ਕਥਨਾਂ ਸਾਹਮਣੇ ‘ਬੌਨੀ ਨਜ਼ਰ ਆ ਰਹੀ ਹੈ, ਜੇਕਰ ਇਹ ਕਹਿ ਲਿਆ ਜਾਵੇ ਕਿ ਅੱਜਕਲ ਪੰਜਾਬ ਸਰਕਾਰ ਦੇਸ਼-ਦੁਨੀਆ ਵਿੱਚ ਮਜ਼ਾਕ ਬਣਕੇ ਰਹਿ ਗਈ ਹੈ ਤਾਂ ਕੋਈ ਅਤਿਕਥਨੀ ਨਹੀਂ ਹੋਵੇਗੀ । ਇਸ ਸਬੰਧੀ ਆਮ ਆਦਮੀ ਪਾਰਟੀ ਦੇ ਮੁੱਢਲੇ ਮੈਂਬਰਾਂ ਅਤੇ ਬੁੱਧੀਜੀਵੀਆਂ ਦੀ ਬੈਠਕ ਹੋਈ ਜਿਸ ਵਿੱਚ ਇਹ ਨਿਰਣਾ ਲਿਆ ਗਿਆ ਕਿ ਪਾਰਟੀ ਸੁਪਰੀਮੋ ਅਰਵਿੰਦ ਕੇਜਰੀਵਾਲ ਨੂੰ ਇੱਕ ਮੰਗ ਪੱਤਰ ਭੇਜਿਆ ਜਾਵੇਗਾ ਅਤੇ ਸਮਾਂ ਲੈ ਕੇ ਵਫਦ ਉਹਨਾਂ ਨਾਲ ਮੀਟਿੰਗ ਕਰਕੇ ਪੰਜਾਬ ਦੀ ਮੌਜੂਦਾ ਹਾਲਤ, ਜਨਤਾ ਵਿੱਚ ਪਾਰਟੀ ਪ੍ਰਤੀ ਰੋਸ ਸਬੰਧੀ ਜਾਣੂ ਕਰਵਾਇਆ ਜਾਵੇਗਾ ਅਤੇ ਪੰਜਾਬ ਅੰਦਰ ਅਮਨ ਕਾਨੂੰਨ ਦੀ ਸਥਿਤੀ ਸੁਧਾਰਨ ਲਈ ਉੱਚ ਕਿਰਦਾਰ ਵਾਲੇ ਅੰਮ੍ਰਿਤਸਰ ਤੋਂ ਵਿਧਾਇਕ ਕੁੰਵਰ ਵਿਜੇ ਪ੍ਰਤਾਪ ਸਿੰਘ ਨੂੰ ਗ੍ਰਹਿ ਮੰਤਰੀ ਅਤੇ ਸਿੱਖਿਆ ਦੇ ਖੇਤਰ ‘ਚ ਆਏ ਨਿਘਾਰ ਨੂੰ ਪੂਰਨ ਲਈ ਮਲੇਰਕੋਟਲਾ ਤੋਂ ਵਿਧਾਇਕ ਡਾ. ਮੁਹੰਮਦ ਜਮੀਲ ਉਰ ਰਹਿਮਾਨ ਨੂੰ ਸਿੱਖਿਆ ਮੰਤਰੀ ਲਗਾਇਆ ਜਾਵੇ, ਉਹ ਇੱਕ ਬਹੁਤ ਹੀ ਅਨੁਭਵੀ ਅਤੇ ਪੰਜਾਬ ਦੇ ਸਾਰੇ ਵਿਧਾਇਕਾਂ ਤੋਂ ਵੱਧ ਪੜ੍ਹੇਲਿਖੇ ਹਨ । ਉਹਨਾਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜੀਵਨ ‘ਤੇ ਪੀਐਚਡੀ ਕੀਤੀ ਹੈ । ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਸਾਡੇ ਪੱਤਰਕਾਰ ਨਾਲ ਗੱਲਬਾਤ ਕਰਦਿਆਂ ਮੁਹੰਮਦ ਜਮੀਲ ਐਡਵੋਕੇਟ ਨੇ ਕੀਤਾ । ਵੈਸੇ ਵੀ ਸਰਕਾਰ ਦੇ ਤਿੰਨ ਸਾਲ ਗੁਜਰ ਜਾਣ ‘ਤੇ ਵੀ ਮੁਸਲਿਮ ਭਾਈਚਾਰੇ ਦੇ ਇਕਲੌਤੇ ਵਿਧਾਇਕ ਨੂੰ ਮੰਤਰੀ ਮੰਡਲ ਵਿੱਚ ਸ਼ਾਮਲ ਨਾ ਕਰਨ ਕਰਕੇ ਭਾਈਚਾਰੇ ਦਾ ਰੋਸ ਪਾਇਆ ਜਾ ਰਿਹਾ ਹੈ ਕਿਉਂਕਿ ਇਸ ਤੋਂ ਪਹਿਲੀਆਂ ਵੱਖ-ਵੱਖ ਪਾਰਟੀਆਂ ਦੀਆਂ ਸਰਕਾਰਾਂ ਇਕਲੌਤੇ ਮੁਸਲਿਮ ਵਿਧਾਇਕ ਨੂੰ ਕੈਬਿਨਟ ਵਿੱਚ ਸ਼ਾਮਲ ਕਰਦੀਆਂ ਰਹੀਆਂ ਹਨ । ਜੇਕਰ ਆਮ ਆਦਮੀ ਪਾਰਟੀ ਇਸੇ ਤਰ੍ਹਾਂ ਮਨਮਾਨੀਆਂ ਕਰਦੀ ਰਹੀ ਤਾਂ 2027 ਦੀਆਂ ਰਾਹਾਂ ਮੁਸ਼ਕਿਲ ਹੋ ਜਾਣਗੀਆਂ ।
ਉਹਨਾਂ ਕਿਹਾ ਕਿ ਸੂਬੇ ਅੰਦਰ ਨਸ਼ੇ ਨੂੰ ਠੱਲ ਪਾਉਣ, ਅਮਨ ਕਾਨੂੰਨ ਦੀ ਸਥਿਤੀ ‘ਚ ਸੁਧਾਰ ਲਿਆਉਣ ਲਈ ਕੁੰਵਰ ਵਿਜੇ ਪ੍ਰਤਾਪ ਸਿੰਘ ਵਰਗੇ ਅਨੁਭਵੀ ਸੱਜਣ ਦੀ ਲੋੜ ਹੈ ਜੋ ਆਪਣੇ ਜੀਵਨ ਦੇ ਤਜ਼ਰਬੇ ਅਤੇ ਨਿੱਡਰ ਸੁਭਾਅ ਕਾਰਨ ਜਾਣੇ ਜਾਂਦੇ ਹਨ, ਉਹਨਾਂ ਦੀ ਉੱਚ ਸਖਸ਼ੀਅਤ ਦੀ ਤਸਵੀਰ ਦਿਖਾਕੇ ਹੀ 2022 ‘ਚ ਆਮ ਆਦਮੀ ਪਾਰਟੀ ਨੇ ਵੱਡੀ ਜਿੱਤ ਹਾਸਲ ਕੀਤੀ ਸੀ । ਭਾਵੇਂ ਕਿ ਪਾਰਟੀ ਨੇ ਵਿਧਾਇਕ ਕੁੰਵਰ ਵਿਜੇ ਪ੍ਰਤਾਪ ਸਿੰਘ ਨੂੰ ਸੱਚ ਬੋਲਣ ਅਤੇ ਬੇਅਦਬੀਆਂ ਦੇ ਇਨਸਾਫ ਲਈ ਸਰਕਾਰ ਨੂੰ ਜਗਾਉਣ ਕਾਰਣ ਹਾਸ਼ੀਏ ‘ਤੇ ਧਕੇਲ ਦਿੱਤਾ ਗਿਆ ਹੈ । ਪਰੰਤੂ ਅੱਜ ਪਾਰਟੀ ਨੂੰ ਸੂਬੇ ਦੀ ਕਾਨੂੰਨ ਵਿਵਸਥਾ ਕੰਟਰੋਲ ਕਰਨ ਲਈ ਉਹਨਾਂ ਦੀ ਲੋੜ ਹੈ, ਇਸ ਤੋਂ ਪਹਿਲਾਂ ਦੂਰਅੰਦੇਸ਼ ਪਾਰਟੀਆਂ ਨੇ ਵਿਰੋਧੀ ਧਿਰ ਵਿੱਚੋਂ ਵੀ ਕਾਬਲ ਲੋਕਾਂ ਨੂੰ ਮੰਤਰੀ ਬਣਾਇਆ ਹੈ ਇਹ ਤਾਂ ਫਿਰ ਵੀ ‘ਆਪ’ ਦੇ ਹੀ ਵਿਧਾਇਕ ਹਨ ।
ਵਰਨਣਯੋਗ ਹੈ ਕਿ ਪੰਜਾਬ ਦੀ ‘ਆਪ’ ਸਰਕਾਰ ਸਿਹਤ ਅਤੇ ਸਿੱਖਿਆ ਦੇ ਖੇਤਰ ‘ਚ ਵੱਡੇ ਸੁਧਾਰਾਂ ਦੀ ਦੁਹਾਈ ਦਿੰਦੀ ਰਹੀ ਪਰੰਤੂ ਤਿੰਨ ਸਾਲ ਬੀਤ ਜਾਣ ‘ਤੇ ਸੂਬੇ ਹਾਲਾਤ ਬਦ ਤੋਂ ਬਦਤਰ ਹੁੰਦੇ ਚਲੇ ਜਾ ਰਹੇ ਹਨ । ਸਕੂਲਾਂ ਵਿੱਚ ਅਧਿਆਪਕਾਂ, ਪ੍ਰਿੰਸੀਪਲਾਂ ਦੀ ਘਾਟ ਜਿਉਂ ਦੀ ਤਿਉਂ ਹੈ, ਸੂਬੇ ਦੇ ਅੱਧੇ ਤੋਂ ਵੱਧ ਸਕੂਲ ਬਿਨ੍ਹਾਂ ਪ੍ਰਿੰਸੀਪਲਾਂ ਤੋਂ ਚੱਲ ਰਹੇ ਹਨ । ਅਧਿਆਪਕਾਂ ਤੋਂ ਪੜਾਉਣ ਤੋਂ ਇਲਾਵਾ ਬਾਕੀ ਸਾਰੇ ਕੰਮ ਕਰਵਾਏ ਜਾ ਰਹੇ ਨੇ ਜਿਸ ਕਾਰਣ ਸਿੱਖਿਆ ਦਾ ਪੱਧਰ ਦਿਨੋਂ-ਦਿਨ ਡਿੱਗਦਾ ਜਾ ਰਿਹਾ ਹੈ, ਸਕੂਲਾਂ ‘ਚ ਮਾਮੂਲੀ ਮੁਰੰਮਤਾਂ ਦੇ ਉਦਘਾਟਨਾਂ ਦਾ ਪ੍ਰਚਾਰ ਕਰਕੇ ਸਿੱਖਿਆ ਕ੍ਰਾਂਤੀ ਨਾਂਅ ਦਾ ਪ੍ਰੋਜੈਕਟ ਵੀ ਮੂਧੇ ਮੂੰਹ ਡਿਗਾ ਹੈ । ਭਾਵੇਂ ਕਿ ਤਿੰਨ ਸਾਲਾਂ ਵਿੱਚ ਸੂਬਾ ਸਰਕਾਰ ਤਿੰਨ ਸਿੱਖਿਆ ਮੰਤਰੀ ਬਦਲ ਚੁੱਕੇ ਹਨ ਪਰੰਤੂ ਅਨੁਭਵ ਤੋਂ ਕੋਰੇ ਹੋਣ ਕਾਰਣ ਸਿੱਖਿਆ ਦੇ ਖੇਤਰ ਵਿੱਚ ਕੋਈ ਸੁਧਾਰ ਨਹੀਂ ਕਰ ਸਕੇ । ਦੂਜਾ ਸਿਹਤ ਸਹੂਲਤਾਂ ਦੀ ਦੁਹਾਈ ਸਰਕਾਰ ਵੱਲੋਂ ਲਗਾਤਰ ਦਿੱਤੀ ਜਾ ਰਹੀ ਸੀ ਜੋ ਸਿਰਫ ਲੱਫਾਜ਼ੀ ਹੀ ਨਿਕਲੀ । ਹਸਪਤਾਲਾਂ ‘ਚ ਡਾਕਟਰਾਂ ਅਤੇ ਸਟਾਫ ਦੀ ਘਾਟ, ਦਵਾਈਆਂ ਦੀ ਘਾਟ ਪਹਿਲਾਂ ਵਾਲੀਆਂ ਸਰਕਾਰਾਂ ਦੀ ਤਰ੍ਹਾਂ ਹੀ ਹੈ । ਤੀਸਰਾ ਨਸ਼ੇ ਦੇ ਖਿਲਾਫ ਪੰਜਾਬ ਸਰਕਾਰ ਲਗਾਤਾਰ ਦਾਅਵੇ ਕਰਦੀ ਆ ਰਹੀ ਹੈ ਕਿ ਅਸੀਂ ਨਸ਼ਾ ਮੁਕਤ ਪੰਜਾਬ ਕਰ ਦੇਣਾ ਹੈ ਪਰੰਤੂ ਪਿਛਲੇ ਤਿੰਨ ਸਾਲਾਂ ‘ਚ ਨਸ਼ੇ ਉੱਤੇ ਕਾਬੂ ਪਾਉਣ ‘ਚ ਸਰਕਾਰ ਬਿਲਕੁਲ ਨਾਕਾਮ ਸਾਬਤ ਹੋਈ ਹੈ । ਸੂਬੇ ਅੰਦਰ ਦਿਨ-ਦਿਹਾੜੇ ਹੋ ਰਹੇ ਕਤਲ, ਗ੍ਰਨੇਡ ਹਮਲੇ, ਚੋਰੀ ਦੀਆਂ ਵਾਰਦਾਤਾਂ, ਨਸ਼ੇ ਨਾਲ ਮਰ ਰਹੇ ਨੌਜਵਾਨਾਂ ਜਿਹੇ ਮਾਮਲਿਆਂ ਕਾਰਣ ਸੂਬੇ ਦੀ ਕਾਨੂੰਨ ਵਿਵਸਥਾ ਬਿਲਕੁਲ ਵਿਗੜ ਚੁੱਕੀ ਹੈ ।



