ਚੰਡੀਗੜ੍ਹ/ਮਲੇਰਕੋਟਲਾ, 16 ਜੁਲਾਈ (ਬਿਉਰੋ): ਕਿਸਾਨ ਅੰਦੋਲਨ ਲਈ ਰੋਜ਼ਾਨਾ ਨਵੀਂ ਖੁਸ਼ਖਬਰੀ ਆ ਰਹੀ ਹੈ । ਪਿਛਲੇ ਹਫਤੇ ਪੰਜਾਬ ਐਂਡ ਹਰਿਆਣਾ ਹਾਈਕੋਰਟ ਨੇ ਹਰਿਆਣਾ ਸਰਕਾਰ ਨੂੰ ਫਟਕਾਰ ਲਗਾਈ ਕਿ ਦਿੱਲੀ ਜਾਣ ਦੇ ਰਸਤੇ ਇੱਕ ਹਫਤੇ ਅੰਦਰ ਖੋਲ੍ਹੇ ਜਾਣ ਜੋ ਮੁੱਦਤ ਅੱਜ ਯਾਨੀ 16 ਜੁਲਾਈ ਨੂੰ ਪੂਰੀ ਹੋ ਰਹੀ ਹੈ । ਅੱਜ ਹੀ ਦੇਸ਼ ਅਤੇ ਦੁਨੀਆ ਵਿੱਚ ਕਿਸਾਨ ਅੰਦੋਲਨ ਦਾ ਯੂਥ ਆਈਕਨ ਬਣੇ ਨੌਜਵਾਨ ਨਵਦੀਪ ਸਿੰਘ ਜਲਵੇੜਾ ਦੀ ਜਮਾਨਤ ਦੀ ਖਬਰ ਆ ਗਈ ਜਿਸ ਨਾਲ ਨੌਜਵਾਨਾਂ ਵਿੱਚ ਖੁਸ਼ੀ ਦੀ ਲਹਿਰ ਦੌੜ ਗਈ । ਕਿਸਾਨਾਂ ਦਿੱਲੀ ਵਿੱਚ 13 ਮਹੀਨੇ ਤੱਕ ਚੱਲੇ ਕਿਸਾਨ ਅੰਦਲੋਨ ਦੌਰਾਨ “ਕੈਨਨ ਬੁਆਏ” ਦੇ ਨਾਂਅ ਨਾਲ ਮਸ਼ਹੂਰ ਹੋਏ ਹਰਿਆਣਾ ਦੇ ਨੌਜਵਾਨ ਨਵਦੀਪ ਸਿੰਘ ਜਲਵੇੜਾ ਨੂੰ ਅੱਜ ਪੰਜਾਬ ਐਂਡ ਹਰਿਆਣਾ ਹਾਈਕੋਰਟ ਨੇ ਵੱਡੀ ਰਾਹਤ ਦਿੰਦਿਆਂ ਜਮਾਨਤ ਦੇ ਦਿੱਤੀ ਹੈ । ਨਵਦੀਪ ਸਿੰਘ ਦੇ ਖਿਲਾਫ ਅੰਬਾਲਾ ਵਿੱਚ 13 ਫਰਵਰੀ ਨੂੰ ਕਿਸਾਨ ਅੰਦੋਲਨ 2.0 ਦੇ ‘ਦਿੱਲੀ ਕੂਚ’ ਦੌਰਾਨ ਪਰਚਾ ਦਰਜ ਕੀਤਾ ਸੀ ਅਤੇ ਮਾਰਚ ਵਿੱਚ ਉਸਨੂੰ ਮੁਹਾਲੀ ਤੋਂ ਗ੍ਰਿਫਤਾਰ ਕਰ ਲਿਆ ਸੀ । ਨਵਦੀਪ ਸਿੰਘ ਉਦੋਂ ਤੋਂ ਲਗਾਤਾਰ ਜੇਲ੍ਹ ਵਿੱਚ ਹੈ । 15 ਜੂਨ ਨੂੰ ਅੰਬਾਲਾ ਦੀ ਅਦਾਲਤ ਨੇ ਉਸਦੀ ਜਮਾਨਤ ਦੀ ਅਰਜੀ ਖਾਰਜ ਕਰ ਦਿੱਤੀ ਸੀ ਜਿਸਤੋਂ ਬਾਦ ਨਵਦੀਪ ਸਿੰਘ ਨੇ ਹਾਈਕੋਰਟ ਵਿੱਚ ਅਰਜੀ ਲਗਾਕੇ ਪੱਕੀ ਜਮਾਨਤ ਦੀ ਮੰਗ ਕੀਤੀ ਸੀ । ਅੱਜ ਮਾਣਯੋਗ ਪੰਜਾਬ ਐਂਡ ਹਰਿਆਣਾ ਹਾਈਕੋਰਟ ਉਸਦੀ ਅਰਜੀ ‘ਤੇ ਸੁਣਵਾਈ ਕਰਦਿਆਂ ਪੱਕੀ ਜਮਾਨਤ ਦੇ ਦਿੱਤੀ ਹੈ । ਦੂਜੇ ਪਾਸੇ ਨਵਦੀਪ ਸਿੰਘ ਜਲਵੇੜਾ ਦੀ ਗ੍ਰਿਫਤਾਰੀ ਦੇ ਖਿਲਾਫ ਕਿਸਾਨ ਯੂਨੀਅਨਾਂ ਵੱਲੋਂ ਕੱਲ ਯਾਨੀ 17 ਜੁਲਾਈ ਨੂੰ ਐਸਐਸਪੀ ਦਫਤਰ ਦਾ ਘਿਰਾਓ ਕਰਨ ਦੀ ਕਾਲ ਦਿੱਤੀ ਹੋਈ ਜਿਸ ਵਿੱਚ ਵੱਡੀ ਗਿਣਤੀ ‘ਚ ਲੋਕਾਂ ਦੇ ਪੁੱਜਣ ਦੀ ਆਸ ਹੈ ।



