‘ਆਪ’ ਸਰਕਾਰ ਲਈ ਟੇਡੀ ਖੀਰ ਬਣਿਆ ਬੋਰਡ ਦੀ ਚੇਅਰਮੈਨੀ ਦਾ ਮਾਮਲਾ
ਮਲੇਰਕੋਟਲਾ, 23 ਜੂਨ (ਬਿਉਰੋ): ਪੰਜਾਬ ਵਕਫ ਬੋਰਡ ਨਿਰੋਲ ਮੁਸਲਮਾਨਾਂ ਦਾ ਅਦਾਰਾ ਹੈ ਜਿਸ ਦੇ ਪ੍ਰਬੰਧ ਅਧੀਨ ਦਰਜਨਾਂ ਸਕੂਲ ਅਤੇ ਹਸਪਤਾਲ ਚਲਦੇ ਹਨ ਜਿੱਥੇ ਸਿੱਖਿਆ ਅਤੇ ਸਿਹਤ ਸਹੂਲਤਾਂ ਦੇਣ ਦੇ ਨਾਲ-ਨਾਲ ਲੋਕਾਂ ਨੂੰ ਰੋਜਗਾਰ ਵੀ ਮਿਲ ਰਿਹਾ ਹੈ । ਵਕਫ ਬੋਰਡ ਵੱਲੋਂ ਹਜ਼ਾਰਾਂ ਜ਼ਰੂਰਤਮੰਦਾਂ ਨੂੰ ਪੈਨਸ਼ਨਾਂ ਰਾਹੀਂ ਮਦਦ ਕੀਤੀ ਜਾਂਦੀ ਹੈ । ਇਸੇ ਲਈ ਕੋਈ ਵੀ ਸਰਕਾਰ ਸੂਬੇ ਵਿੱਚ ਸੱਤਾ ਸੰਭਾਲਦੇ ਹੀ ਸਭ ਤੋਂ ਪਹਿਲਾਂ ਵਕਫ ਬੋਰਡ ਦਾ ਗਠਨ ਆਪਣੇ ਮੁਤਾਬਿਕ ਕਰਦੀ ਹੈ ਤਾਂ ਜੋ ਮੁਸਲਿਮ ਵਰਗ ਦੀਆਂ ਵੋਟਾਂ ਬਟੋਰੀਆਂ ਜਾ ਸਕਣ । ਵਕਫ ਬੋਰਡ ਦੇ ਸਹਿਯੋਗ ਨਾਲ ਹੀ ਵਿਧਾਨ ਸਭਾ ਹਲਕਾ ਮਲੇਰਕੋਟਲਾ ਤੋਂ ਲੰਬੇ ਸਮੇਂ ਤੱਕ ਕਾਂਗਰਸ ਪਾਰਟੀ ਦੀ ਉਮੀਦਵਾਰ ਸੱਤਾ ‘ਤੇ ਕਾਬਜ਼ ਰਹੀ । 2012 ਵਿੱਚ ਅਕਾਲੀ ਦਲ ਨੇ ਕਾਂਗਰਸ ਪਾਰਟੀ ਦੇ ਉਮੀਦਵਾਰ ਨੂੰ ਮਾਤ ਦੇਣ ਲਈ ਚੋਣਾਂ ਤੋਂ ਕੁਝ ਸਮਾਂ ਪਹਿਲਾਂ ਮੁਹੰਮਦ ਇਜ਼ਹਾਰ ਆਲਮ ਨੂੰ ਹਲਕਾ ਇੰਚਾਰਜ ਲਗਾ ਦਿੱਤਾ ਅਤੇ ਵਕਫ ਬੋਰਡ ਦਾ ਚਾਰਜ ਦੇ ਦਿੱਤਾ । ਇਜ਼ਹਾਰ ਆਲਮ ਨੇ ਵਕਫ ਬੋਰਡ ਦੀ ਮਦਦ ਨਾਲ ਕਾਂਗਰਸ ਦੀ ਸੇਫ ਸੀਟ ਜਿੱਤਕੇ ਅਕਾਲੀ ਦਲ ਦੀ ਝੋਲੀ ਪਾਈ ।
ਅਜ਼ਾਦੀ ਤੋਂ ਬਾਦ ਇਹ ਪਹਿਲੀ ਵਾਰ ਹੋਇਆ ਹੈ ਕਿ ਪੰਜਾਬ ਅੰਦਰ ਆਮ ਆਦਮੀ ਪਾਰਟੀ ਦੀ ਮਜ਼ਬੂਤ ਸਰਕਾਰ ਬਨਣ ਤੋਂ 27 ਮਹੀਨੇ ਬਾਦ ਵੀ ਬੋਰਡ ਦਾ ਗਠਨ ਨਹੀਂ ਹੋ ਸਕਿਆ । ਲੋਕ ਸਭਾ ਚੋਣਾਂ 2024 ਦਾ ਚੋਣ ਜ਼ਾਬਤਾ ਲੱਗਣ ਤੋਂ ਕੁਝ ਘੰਟੇ ਪਹਿਲਾਂ ਪੰਜਾਬ ਸਰਕਾਰ ਨੇ ਵਕਫ ਬੋਰਡ ਦੇ ਗਠਨ ਦਾ ਇੱਕ ਤਰੁੱਟੀਪੂਰਨ ਜਿਹਾ ਨੋਟੀਫਿਕੇਸ਼ ਜਾਰੀ ਕਰ ਦਿੱਤਾ ਜਿਸ ਨੂੰ ਅਮਲੀ ਰੂਪ ਦੇਣਾ ਸੰਭਵ ਨਹੀਂ ਸੀ, ਜਿਸ ਕਾਰਣ ਵਕਫ ਬੋਰਡ ਦਾ ਕੰਮ ਬਿਲਕੁਲ ਠੱਪ ਹੋ ਗਿਆ । ਸਰਕਾਰ ਨੇ ਲੋਕ ਸਭਾ ਚੋਣਾਂ ਦਾ ਬਹਾਨਾ ਬਣਾ ਲਿਆ ਕਿ ਬਾਅਦ ਵਿੱਚ ਤਰੁੱਟੀ ਦੂਰ ਕਰਕੇ ਬੋਰਡ ਦਾ ਮੁਕੰਮਲ ਗਠਨ ਕੀਤਾ ਜਾਵੇਗਾ ਪਰੰਤੂ ਦੋ ਹਫਤੇ ਬੀਤ ਜਾਣ ‘ਤੇ ਵੀ ਕੋਈ ਕਾਰਵਾਈ ਨਹੀਂ ਹੋਈ ।
ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਜੂਨ ਦੇ ਆਖਰੀ ਹਫਤੇ ‘ਚ ਬੋਰਡ ਸਬੰਧੀ ਅਹਿਮ ਮੀਟਿੰਗ ਰੱਖੀ ਗਈ ਹੈ ਜਿਸ ਵਿੱਚ ਕਿਆਸ ਅਰਾਈਆਂ ਲਗਾਈਆਂ ਜਾ ਰਹੀਆਂ ਹਨ ਕਿ ਬੋਰਡ ਨੂੰ ਸਾਲਾਂ ਬਾਦ ਚੇਅਰਮੈਨ ਮਿਲ ਜਾਵੇਗਾ ਅਤੇ ਰੁਕੇ ਹੋਏ ਕੰਮ ਆਮ ਵਾਂਗ ਸ਼ੁਰੂ ਹੋ ਜਾਣਗੇ । ਸਰਕਾਰ ਵੱਲੋਂ ਜਾਰੀ ਕੀਤੇ ਨੋਟੀਫਿਕੇਸ਼ਨ ਅਨੁਸਾਰ ਮਲੇਰਕੋਟਲਾ ਤੋਂ ਵਿਧਾਇਕ ਮੁਹੰਮਦ ਜਮੀਲ ਉਰ ਰਹਿਮਾਨ, ਉਦਯੋਗਪਤੀ ਮੁਹੰਮਦ ਉਵੈਸ ਐਮਡੀ ਸਟਾਰ ਇੰਪੈਕਟ, ਐਡਵੋਕੇਟ ਨੌਸ਼ੀਨ ਅਖਤਰ ਮਲੇਰਕੋਟਲਾ, ਸ਼ਫੀਆ ਪਰਵੀਨ, ਸ਼ਹਿਬਾਜ਼ ਰਾਣਾ, ਐਡਵੋਕੇਟ ਅਬਦੁਲ ਕਾਦਿਰ ਲੁਧਿਆਣਾ, ਮੁਹੰਮਦ ਹਾਸ਼ਮ ਅਹਿਮਦਗੜ੍ਹ, ਅਨਵਰ ਖਾਨ ਭਸੌੜ, ਬਹਾਦਰ ਸ਼ਾਹ ਪਟਿਆਲਾ, ਸ਼ੌਕਤ ਅਹਿਮਦ ਪਾਰੇ ਡਿਪਟੀ ਕਮਿਸ਼ਨਰ ਨੂੰ ਮੈਬਰਾਂ ਵਜੋਂ ਸ਼ਾਮਲ ਕੀਤਾ ਹੈ । ਚੇਅਰਮੈਨ ਚੁਨਣ ਲਈ ‘ਇੱਕ ਅਨਾਰ ਸੋ ਬਿਮਾਰ’ ਵਾਲੀ ਸਥਿਤੀ ਬਣੀ ਹੋਈ ਹੈ । ਪਾਰਟੀ ਦੇ ਉੱਚ ਅਹੁੱਦੇਦਾਰ ਮੁਹੰਮਦ ਉਵੈਸ ਨੂੰ ਬੋਰਡ ਦੀ ਜ਼ਿੰਮੇਵਾਰੀ ਸੰਭਾਲਣ ਲਈ ਪਾਰਟੀ ਵਿੱਚ ਲੈ ਕੇ ਆਏ ਪਰੰਤੂ ਮੈਂਬਰਾਂ ਵਿੱਚ ਅਜਿਹੀ ਸਹਿਮਤੀ ਬਣਦੀ ਨਜ਼ਰ ਨਹੀਂ ਆ ਰਹੀ । ਅੱਧਾ ਦਰਜਨ ਮੈਂਬਰ ਚੇਅਰਮੈਨ ਦੇ ਅਹੁੱਦੇ ਲਈ ਤਰਲੋਮੱਛੀ ਹੋ ਰਹੇ ਹਨ । ਇੱਕ ਸੱਜਣ ਨੇ ਨਾਂਅ ਗੁਪਤ ਰੱਖਣ ਦੀ ਸ਼ਰਤ ‘ਤੇ ਅਦਾਰਾ ਅੱਬੂ ਜ਼ੈਦ ਨੂੰ ਦੱਸਿਆ ਕਿ ਭਾਵੇਂ ਮੇਰਾ ਨਾਂਅ ਅਜੇ ਨੋਟੀਫਿਕੇਸ਼ਨ ਵਿੱਚ ਨਹੀਂ ਆਇਆ ਪਰੰਤੂ ਚੇਅਰਮੈਨ ਉਹ ਹੀ ਬਣੇਗਾ । ਮੁਹੰਮਦ ਉਵੈਸ ਦੇ ਚੇਅਰਮੈਨ ਬਨਣ ਦੀਆਂ ਕਿਆਸ ਅਰਾਈਆਂ ਨਾਲ ਸ਼ਹਿਰ ਦੇ ਲੋਕਾਂ ‘ਚ ਖੁਸ਼ੀ ਦੀ ਲਹਿਰ ਦੌੜ ਗਈ ਸੀ ਕਿਉਂਕਿ ਵੱਡਾ ਵਿੱਦਿਅਕ ਅਦਾਰਾ ਖੋਲ੍ਹਕੇ ਸਿੱਖਿਆ ਦੇ ਖੇਤਰ ‘ਚ ਇਲਾਕੇ ਦੀ ਨਿਰ-ਸਵਾਰਥ ਸੇਵਾ ਕਰ ਰਿਹਾ ਹੈ ਅਤੇ ਇਲਾਕੇ ਦੇ ਹਜ਼ਾਰਾਂ ਪਰਿਵਾਰਾਂ ਨੂੰ ਆਪਣੇ ਉਦਯੋਗਾਂ ਵਿੱਚ ਰੋਜਗਾਰ ਦਿੱਤਾ ਹੋਇਆ ਹੈ । ਇਲਾਕੇ ਦੇ ਬੁੱਧੀਜੀਵੀਆਂ ਅਤੇ ਸੁਹਿਰਦ ਲੋਕਾਂ ਦਾ ਕਹਿਣਾ ਹੈ ਕਿ ਜੇਕਰ ਅਜਿਹੇ ਸੱਜਣ ਨੂੰ ਮੁਸਲਮਾਨਾਂ ਦੇ ਅਦਾਰੇ ਪੰਜਾਬ ਵਕਫ ਬੋਰਡ ਦਾ ਚੇਅਰਮੈਨ ਬਣਾ ਦਿੱਤਾ ਜਾਂਦਾ ਹੈ ਤਾਂ ਜਿੱਥੇ ਮੁਸਲਿਮ ਵਰਗ ਨੂੰ ਸਿੱਖਿਆ, ਸਿਹਤ, ਰੋਜ਼ਗਾਰ ਬਿਹਤਰ ਕਰਨ ‘ਚ ਮਦਦ ਮਿਲੇਗੀ ਉੱਥੇ ਹੀ ਆਮ ਆਦਮੀ ਪਾਰਟੀ ‘ਚ ਵੀ ਮੁਸਲਿਮ ਵੋਟਰਾਂ ਦਾ ਵਿਸ਼ਵਾਸ ਵਧੇਗਾ । ਵੈਸੇ ਵੀ ਸੰਗਰੂਰ ਲੋਕ ਸੀਟ ਤੋਂ ਪੰਜਾਬ ਵਕਫ ਬੋਰਡ ਸਮੇਤ ਮੁਸਲਿਮ ਵਰਗ ਨੂੰ ਵੱਖ-ਵੱਖ ਮੌਕਿਆਂ ਉੱਤੇ ਅਣਗੌਲਿਆਂ ਕਰਨ ਦਾ ਨਤੀਜਾ ਦੇਖ ਲਿਆ ਹੈ ਕਿ ਆਮ ਆਦਮੀ ਪਾਰਟੀ ਦਾ ਉਮੀਦਵਾਰ ਸੰਗਰੂਰ ਦੇ 8 ਹਲਕਿਆਂ ਵਿੱਚੋਂ ਜਿੱਤਕੇ ਸਿਰਫ ਮਲੇਰਕੋਟਲਾ ਤੋਂ ਬੁਰੀ ਤਰ੍ਹਾਂ ਹਾਰਿਆ ਹੈ ।
ਪੰਜਾਬ ਵਕਫ ਬੋਰਡ ਦੇ ਚੇਅਰਮੈਨ ਬਣਾਉਣਾ ਸਰਕਾਰ ਲਈ ਟੇਢੀ ਖੀਰ ਬਣਿਆ ਹੋਇਆ ਹੈ, ਚੇਅਰਮੈਨੀ ਦਾ ਮਸਲਾ ਕੌਣ ਬਣੇਗਾ ਕਰੋੜਪਤੀ? ਵਾਂਗ ਪੇਚੀਦਾ ਹੋ ਚੁੱਕਾ ਹੈ । ਅੱਧੀ ਦਰਜਨ ਦੇ ਕਰੀਬ ਮੈਂਬਰ ਆਪਣੀ-ਆਪਣੀ ਪਹੁੰਚ ਦਿੱਲੀ ਤੱਕ ਕਰ ਰਹੇ ਹਨ । ਕਿਸੇ ਦੀ ਰਾਜ ਸਭਾ ਮੈਂਬਰ ਸੰਦੀਪ ਪਾਠਕ ਜੋ ਪੰਜਾਬ ਮਾਮਲਿਆਂ ਦੇ ਇੰਚਾਰਜ ਵੀ ਹਨ, ਨਾਲ ਨੇੜਤਾ ਹੈ, ਕੋਈ ਰਾਘਵ ਚੱਡਾ ਦਾ ਖਾਸ ਹੈ, ਕਿਸੇ ਦੀ ਸਿੱਧੀ ਕੇਜਰੀਵਾਲ ਤੱਕ ਪਹੁੰਚ ਹੈ ਅਤੇ ਕੋਈ ਮੁੱਖ ਮੰਤਰੀ ਭਗਵੰਤ ਮਾਨ ਦਾ ਖਾਸਮ-ਖਾਸ ਹੈ । ਅਜਿਹੇ ਵਿੱਚ ਪਾਰਟੀ ਇਸ ਦੁਬਿਧਾ ਵਿੱਚ ਹੈ ਕਿ ਕਿਤੇ ਚੇਅਰਮੈਨ ਦਾ ਐਲਾਨ ਕਰਦੇ ਹੀ ਦੂਜੇ ਮੈਂਬਰ ਬਿਦਕ ਨਾ ਜਾਣ ਕਿਉਂਕਿ ਪੰਜਾਬ ‘ਚ ਆਗਾਮੀ ਦਿਨਾਂ ‘ਚ ਚੋਣਾਂ ਵੀ ਧੜਾਧੜ ਆ ਰਹੀਆਂ ਹਨ । ਬਾਕੀ ਅਸਲ ਤਸਵੀਰ ਤਾਂ ਚੇਅਰਮੈਨ ਬਨਣ ‘ਤੇ ਹੀ ਸਾਹਮਣੇ ਆਵੇਗੀ ਕਿ ਇਹ ਤਾਜ ਕਿਸ ਦੇ ਸਿਰ ਸੱਜਦਾ ਹੈ, ਇਹ ਪਾਰਟੀ ਹਾਈਕਮਾਨ ਦੀ ਸੂਝਬੂਝ ਦੀ ਪ੍ਰੀਖਿਆ ਦੀ ਘੜੀ ਹੈ ।



