ਵਿਨੇਸ਼ ਫੋਗਾਟ ਨੇ ਵਾਪਸ ਕੀਤੇ ਅਰਜੁਨ ਤੇ ਖੇਲ ਰਤਨ ਪੁਰਸਕਾਰ, ਸੜਕ ‘ਤੇ ਰੱਖੇ; ਬਾਅਦ ਵਿੱਚ ਦਿੱਲੀ ਪੁਲਿਸ ਨੇ ਚੁੱਕੇ
ਨਵੀਂ ਦਿੱਲੀ/ਮਲੇਰਕੋਟਲਾ, 31 ਦਸੰਬਰ (ਬਿਉਰੋ): ਮਹਿਲਾ ਪਹਿਲਵਾਨਾਂ ਨਾਲ ਹੋਏ ਦੁਰਵਿਹਾਰ ਅਤੇ ਯੋਨ ਸ਼ੋਸ਼ਨ ਕਾਰਣ ਦਿੱਲੀ ਦੇ ਜੰਤਰ ਮੰਤਰ ਵਿਖੇ ਧਰਨਾ ਦੇ ਚੁੱਕੀਆਂ ਦੇਸ਼ ਦੀਆਂ ਬਹਾਦਰ ਧੀਆਂ ਦੇ ਸਬਰ ਦਾ ਪੈਮਾਨਾ ਆਖਰ ਛਲਕ ਗਿਆ । ਪਿਛਲੇ ਹਫਤੇ ਤੋਂ ਕੁਸ਼ਤੀ ਸੰਘ ਦੇ ਚੇਅਰਮੈਨ ਬ੍ਰਿਜਭੂਸ਼ਨ ਦੇ ਕਰੀਬੀ ਨੂੰ ਚੁਨਣ ਦੇ ਵਿਰੋਧ ਵਿੱਚ ਸਾਕਸ਼ੀ ਮਲਿਕ ਨੇ ਕੁਸ਼ਤੀ ਤੋਂ ਸੰਨਿਆਸ ਲੈ ਲਿਆ ਸੀ । ਕੌਮਾਂਤਰੀ ਪਹਿਲਵਾਨ ਬਜਰੰਗ ਪੂਨੀਆ ਨੇ ਆਪਣਾ ਪਦਮਸ੍ਰੀ ਐਵਾਰਡ ਪ੍ਰਧਾਨ ਮੰਤਰੀ ਰਿਹਾਇਸ਼ ਦੇ ਬਾਹਰ ਛੱਡ ਦਿੱਤਾ । ਏਸ਼ੀਆਈ ਖੇਡਾਂ ਅਤੇ ਰਾਸ਼ਟਰਮੰਡਲ ਖੇਡਾਂ ਦੀ ਸੋਨ ਤਮਗਾ ਜੇਤੂ ਵਿਨੇਸ਼ ਫੋਗਾਟ ਨੇ ਸ਼ਨੀਵਾਰ ਨੂੰ ਨਵੀਂ ਦਿੱਲੀ ਵਿੱਚ ਕਰਤਵਯ ਮਾਰਗ ਦੇ ਫੁੱਟਪਾਥ ‘ਤੇ ਆਪਣੇ ਅਰਜੁਨ ਅਤੇ ਖੇਡ ਰਤਨ ਪੁਰਸਕਾਰਾਂ ਨੂੰ ਛੱਡ ਦਿੱਤਾ । ਇਹ ਉਸ ਦੇ ਕੁਝ ਦਿਨ ਬਾਅਦ ਆਇਆ ਹੈ ਜਦੋਂ ਉਸਨੇ ਪ੍ਰਧਾਨ ਮੰਤਰੀ ਮੋਦੀ ਨੂੰ ਇੱਕ ਪੱਤਰ ਲਿਖਿਆ ਸੀ, ਜਿਸ ਵਿੱਚ ਦੇਸ਼ ਵਿੱਚ ਮਹਿਲਾ ਪਹਿਲਵਾਨਾਂ ਨਾਲ ਹੁੰਦੇ ਸਲੂਕ ਦੇ ਵਿਰੋਧ ਵਜੋਂ ਆਪਣੇ ਪੁਰਸਕਾਰ ਵਾਪਸ ਕਰਨ ਦਾ ਵਾਅਦਾ ਕੀਤਾ ਗਿਆ ਸੀ। ਉਨ੍ਹਾਂ ਲਿਖਿਆ- ਦੇਸ਼ ਲਈ ਸ਼ਰਮ ਦਾ ਦਿਨ। ਪਹਿਲਵਾਨ ਬਜਰੰਗ ਪੂਨੀਆ ਤੋਂ ਬਾਅਦ ਹੁਣ ਦੇਸ਼ ਲਈ ਤਮਗਾ ਜਿੱਤਣ ਵਾਲੀ ਵਿਨੇਸ਼ ਫੋਗਾਟ ਨੇ ਆਪਣਾ ਖੇਲ ਰਤਨ ਅਤੇ ਅਰਜੁਨ ਐਵਾਰਡ ਪ੍ਰਧਾਨ ਮੰਤਰੀ ਦਫਤਰ ਦੇ ਬਾਹਰ ਰੱਖਿਆ ਹੈ। ਪੀਐਮ ਮੋਦੀ ਅਤੇ ਉਨ੍ਹਾਂ ਦੀ ਸਰਕਾਰ ਨੇ ਉਨ੍ਹਾਂ ‘ਤੇ ਇਸ ਹੱਦ ਤੱਕ ਤਸ਼ੱਦਦ ਕੀਤਾ ਕਿ ਅੱਜ ਉਹ ਇਹ ਕਦਮ ਚੁੱਕਣ ਲਈ ਮਜਬੂਰ ਹਨ । ਜਿਵੇਂ-ਜਿਵੇਂ 2024 ਦੀਆਂ ਚੋਣਾਂ ਕਰੀਬ ਆ ਰਹੀਆਂ ਹਨ ਮੋਦੀ ਸਰਕਾਰ ਲਈ ਨਵੀਆਂ ਮੁਸ਼ਕਿਲਾਂ ਖੜੀਆਂ ਹੋ ਰਹੀਆਂ ਹਨ ।



