ਸਮਾਜਿਕ ਸਮਾਨਤਾ ਨੂੰ ਅਮਲ ਵਿੱਚ ਲਿਆਉਣ ਨਾਲ ਹੀ ਸਾਡਾ ਦੇਸ਼ ਤਰੱਕੀ ਕਰ ਸਕਦੈ–ਕੌਂਸਲਰ ਮੁਹੰਮਦ ਹਬੀਬ
ਮਲੇਰਕੋਟਲਾ, 31 ਜਨਵਰੀ (ਬਿਉਰੋ): ਅੱਜ ਦੇਸ਼ ਭਰ ਵਿੱਚ ਗੁਰੂ ਰਵਿਦਾਸ ਦੀ 649ਵੀਂ ਜਯੰਤੀ ਬਹੁਤ ਹੀ ਸ਼ਰਧਾ ਨਾਲ ਮਨਾਈ ਗਈ । ਮਾਘ ਪੂਰਨਿਮਾ ਦੇ ਮੌਕੇ ‘ਤੇ ਮਨਾਇਆ ਜਾਣ ਵਾਲਾ, ਇਹ ਤਿਉਹਾਰ 15ਵੀਂ ਸਦੀ ਦੇ ਅਧਿਆਤਮਿਕ ਸੰਤ ਗੁਰੂ ਰਵਿਦਾਸ ਦੇ ਜੀਵਨ, ਸਿੱਖਿਆਵਾਂ ਅਤੇ ਸਮਾਜਿਕ ਸੁਧਾਰ ਵਿਚਾਰਾਂ ਦੀ ਯਾਦ ਦਿਵਾਉਂਦਾ ਹੈ । ਉੱਤਰ ਪ੍ਰਦੇਸ਼ ਦੇ ਵਾਰਾਣਸੀ ‘ਚ ਜਨਮੇ ਗੁਰੂ ਰਵਿਦਾਸ 15ਵੀਂ ਸਦੀ ਦੇ ਇੱਕ ਸੰਤ, ਕਵੀ ਅਤੇ ਸਮਾਜ ਸੁਧਾਰਕ ਸਨ ਜਿਨ੍ਹਾਂ ਦੀਆਂ ਸਿੱਖਿਆਵਾਂ ਸਮਾਨਤਾ, ਦਇਆ ਅਤੇ ਪਰਮਾਤਮਾ ਪ੍ਰਤੀ ਸ਼ਰਧਾ ‘ਤੇ ਕੇਂਦ੍ਰਿਤ ਸਨ। ਉਨ੍ਹਾਂ ਨੇ ਸਮਾਜਿਕ ਵਿਤਕਰੇ ਦਾ ਵਿਰੋਧ ਕੀਤਾ ਅਤੇ ਪ੍ਰਚਾਰ ਕੀਤਾ ਕਿ ਜਾਤ, ਦੌਲਤ ਜਾਂ ਰੁਤਬੇ ਦੇ ਆਧਾਰ ‘ਤੇ ਕੋਈ ਭੇਦਭਾਵ ਨਹੀਂ ਹੋਣਾ ਚਾਹੀਦਾ। ਉਨ੍ਹਾਂ ਦਾ ਅਧਿਆਤਮਿਕ ਦਰਸ਼ਨ ਅਧਿਆਤਮਿਕ ਸ਼ੁੱਧਤਾ, ਸੱਚੀ ਸ਼ਰਧਾ ਅਤੇ ਨਿਰਸਵਾਰਥ ਸੇਵਾ ‘ਤੇ ਅਧਾਰਤ ਸੀ। ਉਨ੍ਹਾਂ ਦੀਆਂ ਬਹੁਤ ਸਾਰੀਆਂ ਬਾਣੀਆਂ ਗੁਰੂ ਗ੍ਰੰਥ ਸਾਹਿਬ ਵਿੱਚ ਸ਼ਾਮਲ ਹਨ, ਜੋ ਭਗਤੀ ਲਹਿਰ ‘ਤੇ ਉਨ੍ਹਾਂ ਦੇ ਡੂੰਘੇ ਪ੍ਰਭਾਵ ਨੂੰ ਦਰਸਾਉਂਦੀਆਂ ਹਨ।
ਇਸੇ ਲੜੀ ਤਹਿਤ ਹਰ ਸਾਲ ਦੀ ਤਰ੍ਹਾਂ ਕਿਲਾ ਰਹਿਮਤਗੜ੍ਹ ਤੋਂ ਇੱਕ ਵਿਸ਼ਾਲ ਸ਼ੋਭਾ ਯਾਤਰਾ ਹਰ ਸਾਲ ਬਹੁਤ ਹੀ ਸ਼ਾਨੋ-ਸ਼ੌਕਤ ਨਾਲ ਕੱਢੀ ਗਈ ਜਿਸ ਵਿੱਚ ਇੱਕ ਵਿਲੱਖਣ ਤਸਵੀਰ ਦੇਖਣ ਨੂੰ ਮਿਲੀ । ਸ਼ੋਭਾ ਯਾਤਰਾ ਦੇ ਸਵਾਗਤ ਲਈ ਕੌਂਸਲਰ ਮੁਹੰਮਦ ਹਬੀਬ ਦੀ ਸਰਪ੍ਰਸਤੀ ‘ਚ ਮੁਸਲਿਮ ਭਾਈਚਾਰੇ ਦੇ ਸੈਂਕੜੇ ਨੌਜਵਾਨਾਂ ਨੇ ਚਾਵਲਾਂ ਦੇ ਲੰਗਰ ਲਗਾਏ । ਇਸ ਮੌਕੇ ਕੌਸਲਰ ਹਬੀਬ ਨੇ ਪੰਜ ਪਿਆਰਿਆਂ ਨੂੰ ਸਿਰੋਪਾਓ ਪਾ ਕੇ ਸਨਮਾਨਿਤ ਕੀਤਾ । ਸਰਬ ਧਰਮ ਦੇ ਲੋਕਾਂ ਨੇ ਮਿਲਜੁਲ ਕੇ ਚਾਵਲਾਂ ਦੇ ਲੰਗਰ ਖਾਧੇ ਅਤੇ ਗੁਰੁ ਰਵਿਦਾਸ ਦੇ ਸਮਾਜਿਕ ਸਮਾਨਤਾ ਦੇ ਉਪਦੇਸ਼ ਨੂੰ ਯਾਦ ਕਰਦਿਆਂ ਆਪਸੀ ਭਾਈਚਾਰਕ ਸਾਂਝ ਦਾ ਸੰਦੇਸ ਦਿੱਤਾ ।
ਇਸ ਮੌਕੇ ਸਾਡੇ ਪੱਤਰਕਾਰ ਨਾਲ ਗੱਲਬਾਤ ਕਰਦਿਆਂ ਕੌਂਸਲਰ ਮੁਹੰਮਦ ਹਬੀਬ ਨੇ ਕਿਹਾ ਕਿ ਸਮਾਜਿਕ ਸਮਾਨਤਾ ਨੂੰ ਅਮਲ ਵਿੱਚ ਲਿਆਉਣ ਨਾਲ ਹੀ ਸਾਡਾ ਦੇਸ਼ ਤਰੱਕੀ ਕਰ ਸਕਦਾ ਹੈ । ਰੱਬ ਦੀ ਨਜ਼ਰ ਵਿੱਚ ਸਾਰੇ ਇਨਸਾਨ ਬਰਾਬਰ ਹਨ, ਜਾਤ, ਧਰਮ, ਰੰਗ, ਨਸਲ, ਅਮੀਰ, ਗਰੀਬ ਦੇ ਭੇਦਭਾਵ ਇਨਸਾਨੀ ਮਨ ਦੀ ਉਪਜ਼ ਹਨ । ਉਹਨਾਂ ਕਿਹਾ ਕਿ ਸਾਨੂੰ ਹਰ ਧਰਮ ਦੇ ਤਿੱਥ-ਤਿਉਹਾਰਾਂ ਦਾ ਆਦਰ ਸਨਮਾਨ ਕਰਨਾ ਚਾਹੀਦਾ ਹੈ ।


