ਸਿਵਲ ਹਸਪਤਾਲ ਮਲੇਰਕੋਟਲਾ ਸਾਹਮਣੇ 9 ਅਕਤੂਬਰ ਤੋਂ ਅਣ ਮਿੱਥੇ ਸਮੇਂ ਲਈ ਰੋਸ ਧਰਨੇ ਦਾ ਐਲਾਨ
ਮਲੇਰਕੋਟਲਾ: 02 ਅਕਤੂਬਰ (ਅਬੂ ਜ਼ੈਦ): ਇਲਾਕੇ ਦੀ ਨਾਮਵਰ ਸਮਾਜ ਸੇਵੀ ਸੰਸਥਾ ਡਾ. ਅਬਦੁਲ ਕਲਾਮ ਵੈਲਫੇਅਰ ਫਰੰਟ ਆਫ ਪੰਜਾਬ ਨੇ ਸ਼ਹਿਰ ਦੇ ਅਹਿਮ ਮੁੱਦਿਆਂ ਨੂੰ ਲੈ ਕੇ ਪ੍ਰੈਸ ਕਾਨਫਰੰਸ ਕੀਤੀ । ਜਿਸ ਵਿੱਚ 09 ਅਕਤੂਬਰ ਤੋਂ ਮੁੱਖ ਮੰਤਰੀ ਭਗਵੰਤ ਮਾਨ ਦੀ ਸੂਬਾ ਸਰਕਾਰ ਅਤੇ ਸਥਾਨਕ ਵਿਧਾਇਕ ਖਿਲਾਫ ਸਿਵਲ ਹਸਪਤਾਲ ਮਲੇਰਕੋਟਲਾ ਅੱਗੇ ਅਣਮਿੱਥੇ ਸਮੇਂ ਲਈ ਰੋਸ ਧਰਨੇ ਦਾ ਐਲਾਨ ਕੀਤਾ ਹੈ ਜਦੋਂ ਤੱਕ ਹਸਪਤਾਲ ਅੰਦਰ ਡਾਕਟਰਾਂ ਦੀਆਂ ਸਾਰੀਆਂ ਖਾਲੀ ਅਸਾਮੀਆਂ ਭਰੀਆਂ ਨਹੀਂ ਜਾਦੀਆਂ । ਫਰੰਟ ਦੇ ਪ੍ਰਧਾਨ ਸਮਸ਼ਾਦ ਝੋਕ, ਜਨਰਲ ਸਕੱਤਰ ਮੁਨਸ਼ੀ ਫਾਰੂਕ ਅਹਿਮਦ, ਪ੍ਰੈਸ ਸਕੱਤਰ ਸ਼ਾਹਿਦ ਜ਼ੁਬੈਰੀ ਅਤੇ ਮੁਹੰਮਦ ਫੈਸਲ ਸਮੇਤ ਫਰੰਟ ਦੇ ਅਹੁਦੇਦਾਰਾਂ ਨੇ ਕਿਹਾ ਕਿ ਪੰਜਾਬ ਦਾ ਇਕੋ ਇਕ ਮੁਸਲਿਮ ਬਹੁ ਗਿਣਤੀ ਵਾਲਾ ਖੇਤਰ ਹੋਣ ਦੇ ਬਾਵਜੂਦ ਸਿਵਲ ਹਸਪਤਾਲ ਮਲੇਰਕੋਟਲਾ ਸਮੇਤ ਜਿਲ੍ਹੇ ਦੇ ਕਿਸੇ ਵੀ ਸਰਕਾਰੀ ਹਸਪਤਾਲ ਵਿਚ ਇਕ ਵੀ ਮਹਿਲਾ ਰੋਗਾਂ (ਗਾਇਨੀ) ਦੀ ਮਹਿਲਾ ਡਾਕਟਰ ਨਾ ਹੋਣ ਕਰਕੇ ਜਿਲ੍ਹੇ ਦੀਆਂ ਔਰਤਾਂ ਨੂੰ ਨਿੱਜੀ ਹਸਪਤਾਲਾਂ ਦੀ ਸ਼ਰੇਆਮ ਲੁੱਟ ਦਾ ਸ਼ਿਕਾਰ ਹੋਣਾ ਪੈਂਦਾ ਹੈ । ਫਰੰਟ ਦੇ ਜਨਰਲ ਸਕੱਤਰ ਮੁਨਸ਼ੀ ਫਾਰੂਕ ਨੇ ਹਲਕਾ ਵਿਧਾਇਕ ਉਪਰ ਦੋਸ਼ ਲਗਾਇਆ ਕਿ ਪਿਛਲੇ ਦਿਨੀਂ ਬਿਮਾਰ ਹੋਏ ਵਿਧਾਇਕ ਨੂੰ ਆਪਣੇ ਇਲਾਜ ਲਈ ਸਿਵਲ ਹਸਪਤਾਲ ਦੀ ਬਜਾਏ ਸਥਾਨਕ ਹਲੀਮਾ ਹਸਪਤਾਲ ਵਿਖੇ ਦਾਖਲ ਹੋਣਾ ਪਿਆ ਹੈ । ਉਨ੍ਹਾਂ ਦੱਸਿਆ ਕਿ ਇਸ ਵੇਲੇ ਮਲੇਰਕੋਟਲਾ ਸ਼ਹਿਰ ਸਮੇਤ ਇਲਾਕੇ ਭਰ ਨੂੰ ਡੇਂਗੂ ਦੀ ਬਿਮਾਰੀ ਨੇ ਆਪਣੀ ਲਪੇਟ ਵਿੱਚ ਲਿਆ ਹੋਇਆ ਹੈ ਅਤੇ ਸ਼ਹਿਰ ਦੇ ਸਾਰੇ ਪ੍ਰਾਈਵੇਟ ਹਸਪਤਾਲਾਂ ਸਮੇਤ ਲੁਧਿਆਣੇ ਅਤੇ ਪਟਿਆਲੇ ਦੇ ਹਸਪਤਾਲ ਮਲੇਰਕੋਟਲਾ ਦੇ ਡੇਂਗੂ ਮਰੀਜਾਂ ਨਾਲ ਭਰੇ ਪਏ ਹਨ । ਉਨ੍ਹਾਂ ਹੈਰਾਨੀ ਪ੍ਰਗਟ ਕੀਤੀ ਕਿ ਸਿਵਲ ਹਸਪਤਾਲ ਮਲੇਰਕੋਟਲਾ ਦੇ ਵਾਰਡ ਡੇਂਗੂ ਵਿੱਚ ਸੰਨਾਟਾ ਛਾਇਆ ਹੋਇਆ ਹੈ । ਫਰੰਟ ਦੇ ਆਗੂ ਮੁਹੰਮਦ ਫੈਸਲ ਨੇ ਕਿਹਾ ਕਿ ਧੂਰੀ ਅਤੇ ਸੰਗਰੂਰ ਦੇ ਹਸਪਤਾਲਾਂ ਅੰਦਰ ਗਾਇਨੀ ਦੀਆਂ ਕਈ ਕਈ ਡਾਕਟਰ ਤਾਇਨਾਤ ਹਨ ਪ੍ਰੰਤੂ ਮੁਸਲਿਮ ਬਹੁ ਗਿਣਤੀ ਵਾਲੇ ਮਲੇਰਕੋਟਲਾ ਦੀਆਂ ਔਰਤਾਂ ਖਾਸ ਕਰਕੇ ਮੁਸਲਿਮ ਔਰਤਾਂ ਲਈ ਇਕ ਵੀ ਮਹਿਲਾ ਡਾਕਟਰ ਨਹੀਂ ਹੈ । ਉਨ੍ਹਾਂ ਸ਼ਹਿਰ ਅੰਦਰ ਪੀਣ ਵਾਲੇ ਗੰਦੇ ਪਾਣੀ ਦੀ ਹੋ ਰਹੀ ਸਪਲਾਈ ਖਿਲਾਫ ਵੀ ਆਮ ਲੋਕਾਂ ਨੂੰ ਆਵਾਜ਼ ਚੁੱਕਣ ਦੀ ਅਪੀਲ ਕੀਤੀ । ਇਸ ਮੌਕੇ ਫਰੰਟ ਦੇ ਪ੍ਰਧਾਨ ਸਮਸ਼ਾਦ ਝੋਕ ਨੇ ਸਪੱਸ਼ਟ ਕੀਤਾ ਕਿ 9 ਅਕਤੂਬਰ ਤੋਂ ਹਸਪਤਾਲ ਸਾਹਮਣੇ ਸੁਰੂ ਹੋਣ ਵਾਲਾ ਰੋਸ ਧਰਨਾ ਉਦੋਂ ਤੱਕ ਜਾਰੀ ਰੱਖਿਆ ਜਾਵੇਗਾ ਜਦੋਂ ਤੱਕ ਡਾਕਟਰਾਂ ਦੀਆਂ ਸਾਰੀਆਂ ਖਾਲੀ ਪੋਸਟਾਂ ਭਰ ਨਹੀਂ ਦਿਤੀਆਂ ਜਾਂਦੀਆਂ।
ਬਹੁਜਨ ਸਮਾਜ ਪਾਰਟੀ ਦੇ ਆਗੂਆਂ ਦਾ ਮਰਨ ਵਰਤ ਅਤੇ ਵਿਧਾਇਕ ਗੱਜਣਮਾਜਰਾ ਦੀਆਂ ਚਿੱਠੀਆਂ ਵੀ ਨਹੀਂ ਦਿਖਾ ਸਕੀਆਂ ਕੋਈ ਅਸਰ:
ਜ਼ਿਕਰਯੋਗ ਹੈ ਕਿ ਸਿਵਲ ਹਸਪਤਾਲ ਮਲੇਰਕੋਟਲਾ ਅੰਦਰ ਡਾਕਟਰਾਂ ਦੀਆਂ ਖਾਲੀ ਪੋਸਟਾਂ ਭਰਨ ਦੀ ਮੰਗ ਨੂੰ ਲੈ ਕੇ ਬਹੁਜਨ ਸਮਾਜ ਪਾਰਟੀ ਦੇ ਆਗੂਆਂ ਵੱਲੋਂ ਪਿਛਲੇ ਵਰ੍ਹੇ 18 ਤੋਂ 20 ਜੁਲਾਈ ਤੱਕ ਮਰਨ ਵਰਤ ਰੱਖ ਕੇ ਦਿੱਤਾ ਧਰਨਾ ਅਤੇ ਹਲਕਾ ਅਮਰਗੜ੍ਹ ਦੇ ਵਿਧਾਇਕ ਜਸਵੰਤ ਸਿੰਘ ਗੱਜਣਮਾਜਰਾ ਵੱਲੋਂ ਸਿਹਤ ਮੰਤਰੀ ਦੇ ਨਾਂ ਲਿਖਿਆ ਪੱਤਰ ਵੀ ਮੁੱਖ ਮੰਤਰੀ ਭਗਵੰਤ ਮਾਨ ਦੀ ਸਰਕਾਰ ਉਪਰ ਕੋਈ ਅਸਰ ਨਹੀਂ ਵਿਖਾ ਸਕਿਆ । ਵਿਧਾਇਕ ਗੱਜਣਮਾਜਰਾ ਵੱਲੋਂ ਡਾਕਟਰਾਂ ਦੀਆਂ ਪੋਸਟਾਂ ਭਰਨ ਲਈ 7 ਅਪ੍ਰੈਲ 2022 ਨੂੰ ਸਿਹਤ ਮੰਤਰੀ ਦੇ ਨਾਂ ਪੱਤਰ ਲਿਖ ਕੇ ਸਿਵਲ ਹਸਪਤਾਲ ਮਲੇਰਕੋਟਲਾ ਸਮੇਤ ਅਹਿਮਦਗੜ੍ਹ ਅਤੇ ਅਮਰਗੜ੍ਹ ਹਸਪਤਾਲਾਂ ਵਿਚ ਡਾਕਟਰਾਂ, ਪੈਰਾ ਮੈਡੀਕਲ ਸਟਾਫ ਅਤੇ ਹੋਰ ਅਮਲੇ ਦੀਆਂ ਖਾਲੀ ਆਸਾਮੀਆਂ ਭਰਨ ਦੀ ਮੰਗ ਕੀਤੀ ਗਈ ਸੀ।



