ਮਲੇਰਕੋਟਲਾ, 22 ਅਕਤੂਬਰ (ਅਬੂ ਜ਼ੈਦ): ਦਿੱਲੀ ਦਾ ਸਿੱਖਿਆ ਮਾਡਲ, ਮੁਹੱਲਾ ਕਲੀਨਿਕ ਅਤੇ ਡੋਰ ਸਟੈਪ ਡਿਲਵਰੀ ਦਾ ਲੌਲੀਪਾਪ ਦਿਖਾ ਕੇ ਪੰਜਾਬ ਅੰਦਰ ਸੱਤਾ ਉੱਤੇ ਕਾਬਜ਼ ਹੋਈ ਆਮ ਆਦਮੀ ਪਾਰਟੀ ਦੀ ਨੀਯਤ ਅਤੇ ਨੀਤੀ ਜਨਤਾ ਸਾਹਮਣੇ ਜ਼ਾਹਰ ਹੋਣ ਲੱਗੀ ਹੈ । ਸ਼ੋਸ਼ਲ ਮੀਡੀਆ ‘ਤੇ “ਪੱਚੀ-ਪੱਚੀ ਪੰਜਾਹ, ‘ਆਪ’ ਸਰਕਾਰ ਵਿੱਚ ਤਹਿਸੀਲ ‘ਚ ਤਹਿਸੀਲਦਾਰ, ਹਸਪਤਾਲ ‘ਚ ਡਾਕਟਰ ਅਤੇ ਸਕੂਲਾਂ ‘ਚ ਅਧਿਆਪਕ ਲੱਭਕੇ ਦਿਖਾ” ਦੀ ਕਹਾਵਤ ਨਾਲ ਸਰਕਾਰ ਅਤੇ ਪ੍ਰਸ਼ਾਸਨ ਨੂੰ ਟਰੋਲ ਕੀਤਾ ਜਾ ਰਿਹਾ ਹੈ । ਦੋ ਲੱਖ ਦੀ ਅਬਾਦੀ ਵਾਲੇ ਮਲੇਰਕੋਟਲਾ ਦੀ ਹਾਲਤ ਅੱਜ ਉਸ ਵੇਲੇ ਕੱਖੋਂ ਹੌਲੀ ਨਜ਼ਰ ਆਈ ਜਦੋਂ ਜ਼ਿਲਾ ਹੋਣ ਦੇ ਬਾਵਜੂਦ ਇੱਕ ਵੀ ਤਹਿਸੀਲਦਾਰ ਤੈਨਾਤ ਨਹੀਂ ਹੈ । ਪਿਛਲੇ ਕਰੀਬ ਤਿੰਨ ਮਹੀਨੇ ਤੋਂ ਤਹਿਸੀਲ ਦਾ ਕੰਮ ਬਿਨਾ ਤਹਿਸੀਲਦਾਰਾਂ ਤੋਂ ਹੀ ਚੱਲ ਰਿਹਾ ਹੈ । ਅਹਿਮਦਗੜ੍ਹ ਤੋਂ ਤਬਾਦਲਾ ਕਰਕੇ ਮਲੇਰਕੋਟਲਾ ਵਿਖੇ ਤੈਨਾਤ ਕੀਤੇ ਨਾਇਬ ਤਹਿਸੀਲਦਾਰ ਨੂੰ ਮਲੇਰਕੋਟਲਾ ਦੇ ਦੋਵਾਂ ਤਹਿਸੀਲਦਾਰਾਂ ਦਾ ਚਾਰਜ ਦਿੱਤਾ ਗਿਆ ਅਤੇ ਅਹਿਮਦਗੜ੍ਹ ਦਾ ਵਾਧੂ ਚਾਰਜ ਵੀ ਰਿਹਾ । ਉਹ ਜਦੋਂ ਤੋਂ ਆਏ ਉਸ ਸਮੇਂ ਤੋਂ ਹੀ ਆਪਣੀ ਸੇਵਾ ਮੁਕਤੀ ਯਾਨੀ 30 ਅਕਤੂਬਰ ਤੱਕ ਛੁੱਟੀ ਲੈਣ ਲਈ ਭੱਜ ਦੌੜ ‘ਚ ਲੱਗੇ ਰਹੇ ਅਤੇ ਛੁੱਟੀ ਲੈ ਕੇ ਚਲੇ ਗਏ ।ਹੁਣ ਮਲੇਰਕੋਟਲਾ ਦੋਵਾਂ ਤਹਿਸੀਲਦਾਰਾਂ ਤੋਂ ਸੱਖਣਾ ਹੈ ਅਤੇ ਤਹਿਸੀਲ ਅਹਿਮਦਗੜ੍ਹ ਦੇ ਤਹਿਸੀਲਦਾਰ ਨੂੰ ਜ਼ਿਲ੍ਹਾ ਮਲੇਰਕੋਟਲਾ ਦਾ ਵਾਧੂ ਚਾਰਜ ਦਿੱਤਾ ਗਿਆ ਹੈ । ਰੋਜ਼ਮੱਰਾ ਦੇ ਕੰਮਾਂ ਲਈ ਲੋਕ ਦਫਤਰਾਂ ਦੇ ਧੱਕੇ ਖਾ ਰਹੇ ਹਨ, ਬੱਚੇ ਆਪਣੇ ਸਕੂਲਾਂ ਦੇ ਦਸਤਾਵੇਜ਼ ਲੈ ਕੇ ਘੁੰਮ ਰਹੇ ਨੇ । ਪਿਛਲੇ ਡੇਢ ਸਾਲ ਤੋਂ ਰਜਿਸਟਰੀਆਂ ਕਰਵਾਉਣ ਵਾਲੇ ਲੋਕ ਐਨ.ਓ.ਸੀ. ਦੀ ਸਮੱਸਿਆ ਨਾਲ ਜੂਝ ਰਹੇ ਸਨ ਹੁਣ ਤਹਿਸੀਲਦਾਰ ਨਾ ਹੋਣ ਕਾਰਣ ਜੋ ਇੱਕਾ ਦੁੱਕਾ ਰਜਿਸਟਰੀਆਂ ਹੋ ਰਹੀਆਂ ਸਨ ਉਹ ਵੀ ਬੰਦ ਹੋਣ ਕਾਰਣ ਸਰਕਾਰ ਦਾ ਸਿਆਪਾ ਕਰ ਰਹੇ ਹਨ । ਹੈਰਾਨੀ ਵਾਲੀ ਗੱਲ ਇਹ ਹੈ ਕਿ ਸਥਾਨਕ ਵਿਧਾਇਕ, ਐਸ.ਡੀ.ਐਮ. ਅਤੇ ਡਿਪਟੀ ਕਮਿਸ਼ਨਰ ਨੂੰ ਸਾਰੀ ਸਥਿਤੀ ਦੀ ਜਾਣਕਾਰੀ ਹੋਣ ਦੇ ਬਾਵਜੂਦ ਵੀ ਉਹ ਮਲੇਰਕੋਟਲਾ ਦੀ ਜਨਤਾ ਦਾ ਤਮਾਸ਼ਾ ਦੇਖ ਰਹੇ ਹਨ ਅਤੇ ਇੰਤਜ਼ਾਰ ਕਰ ਰਹੇ ਹਨ ਕਿ ਕਦੋਂ ਲੋਕ ਦੇ ਸਬਰ ਦਾ ਪੈਮਾਨਾ ਛਲਕ ਜਾਵੇ ਅਤੇ ਉਹ ਧਰਨੇ ਮੁਜ਼ਾਹਰੇ ਕਰਨ ਲੱਗਣ ।
ਇਸ ਤੋਂ ਇਲਾਵਾ ਹਸਪਤਾਲ ਵਿੱਚ ਡਾਕਟਰਾਂ, ਨਰਸਾਂ ਅਤੇ ਪੈਰਾ ਮੈਡੀਕਲ ਸਟਾਫ ਦੀ ਘਾਟ ਨੂੰ ਪੂਰਾ ਕਰਨ ਲਈ ਪਿਛਲੇ ਦੋ ਹਫਤੇ ਤੋਂ ਡਾ. ਅਬਦੁਲ ਕਲਾਮ ਵੈਲ਼ਫੇਅਰ ਫਰੰਟ ਆਫ ਪੰਜਾਬ ਵੱਲੋਂ ਪੱਕਾ ਧਰਨਾ ਲਗਾਇਆ ਹੋਇਆ ਹੈ ਪਰੰਤੂ ਸਥਾਨਕ ਵਿਧਾਇਕ, ਪ੍ਰਸ਼ਾਸਨ ਅਤੇ ਪੰਜਾਬ ਸਰਕਾਰ ਦੇ ਕੰਨ ਤੇ ਜੂੰਅ ਨਹੀਂ ਸਰਕੀ। ਮਲੇਰਕੋਟਲਾ ਦੇ ਦੋਵਾਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲਾਂ (ਮੁੰਡੇ ਅਤੇ ਕੁੜੀਆਂ) ਵਿੱਚ ਸਾਇੰਸ ਅਤੇ ਉਰਦੂ ਦੇ ਅਧਿਆਪਕਾਂ ਦੀ ਘਾਟ ਸਬੰਧੀ ਪੰਜਾਬ ਸਰਕਾਰ ਦੇ ਹੁਣ ਤੱਕ ਦੇ ਤਿੰਨੋਂ ਸਿੱਖਿਆ ਮੰਤਰੀਆਂ, ਮੁੱਖ ਮੰਤਰੀ, ਵਿਧਾਇਕ ਮਲੇਰਕੋਟਲਾ ਅਤੇ ਅਮਰਗੜ੍ਹ ਨੂੰ ਸ਼ਹਿਰ ਦੇ ਪਤਵੰਤੇ ਸੱਜਣਾਂ ਵੱਲੋਂ ਤਿੰਨ ਵਾਰ ਮੰਗ ਪੱਤਰ ਦਿੱਤੇ ਗਏ ਪਰੰਤੂ ਕਿਸੇ ਪਾਸੇ ਤੋਂ ਕੋਈ ਸਾਕਾਰਤਮਕ ਹੁੰਗਾਰਾ ਨਾ ਮਿਲਿਆ ।