ਸਿਵਲ ਹਸਪਤਾਲ ਧਰਨੇ ਦਾ 20ਵਾਂ ਦਿਨ, ਵੱਖ-ਵੱਖ ਸਿਆਸੀ ਅਤੇ ਸਮਾਜੀ ਸੰਗਠਨਾਂ ਦਾ ਸਮਰਥਨ ਮਿਲਿਆ
ਮਲੇਰਕੋਟਲਾ, 28 ਅਕਤੂਬਰ (ਅਬੂ ਜ਼ੈਦ): ਧਰਨੇ-ਮੁਜਾਹਰੇ ਤੋਂ ਸ਼ੁਰੂ ਹੋਈ ਦੇਸ਼ ਦੇ ਲੋਕਾਂ ਲਈ ਉਮੀਦ ਦੀ ਕਿਰਣ ਬਣਕੇ ਹੋਂਦ ਵਿੱਚ ਆਈ “ਆਮ ਆਦਮੀ ਪਾਰਟੀ” ਦਾ ਦਾਇਰਾ ਦਿਨੋਂ-ਦਿਨ ਵੱਧ ਰਿਹਾ ਹੈ । ਬਹੁਤ ਘੱਟ ਸਮੇਂ ਵਿੱਚ ਰਾਸ਼ਟਰੀ ਰਾਜਨੀਤਿਕ ਦਲ ਬਨਣ ਦਾ ਵੀ ਮਾਣ ਹਾਸਲ ਕਰ ਲਿਆ ਹੈ । ਪਹਿਲਾਂ ਦਿੱਲੀ ਅਤੇ ਹੁਣ ਪੰਜਾਬ ਵਿੱਚ ਸੱਤਾ ਉੱਤੇ ਕਾਬਜ਼ ਹੋਈ । ਪਰੰਤੂ ਸੱਤਾ ਉੱਤੇ ਕਾਬਜ਼ ਹੁੰਦੇ ਹੀ ਪਾਰਟੀ ਆਗੂਆਂ ਦੀ ਕੁੱਤੀ ਅਸਮਾਨੀ ਭੌਂਕਣ ਲੱਗੀ । ਅੱਜ ਪੰਜਾਬ ਦਾ ਕੋਈ ਵੀ ਵਰਗ ਅਜਿਹਾ ਨਹੀਂ ਹੈ ਜੋ ਧਰਨੇ ਨਾ ਲਗਾ ਰਿਹਾ ਹੋਵੇ । ਪੰਜਾਬ ਦੀ ਜਨਤਾ ਦੀ ਆਵਾਜ਼ ਸੁਨਣ ਵਾਲਾ ਅੱਜ ਕੋਈ ਨਹੀਂ ਹੈ । ਪਿਛਲੇ ਹਫਤੇ ਸਿੱਖਿਆ ਮੰਤਰੀ ਦੇ ਇਲਾਕੇ ‘ਚ ਸਹਾਇਕ ਪ੍ਰੋਫੈਸਰਾਂ (1158) ਦਾ ਧਰਨਾ ਜਿਸ ਵਿੱਚ ਬੀਬਾ ਬਲਵਿੰਦਰ ਕੌਰ ਨੇ ਖੁਦਕਸ਼ੀ ਕਰ ਲਈ ਅਤੇ ਸਿਆਸੀ ਗਲਿਆਰਿਆਂ ਵਿੱਚ ਹਲਚਲ ਪੈਦਾ ਕਰ ਦਿੱਤੀ । ਕਿਧਰੇ ਜ਼ੀਰਾ ਫੈਕਟਰੀ ਦਾ ਧਰਨਾ, ਬਰਗਾੜੀ ਮੋਰਚਾ, ਮੋਹਾਲੀ ਦਾ ਕੌਮੀ ਇਨਸਾਫ ਮੋਰਚੇ ਦਾ ਧਰਨਾ ਜੋ 7 ਜਨਵਰੀ ਤੋਂ ਲਗਾਤਾਰ ਜਾਰੀ ਹੈ । ਮੋਹਾਲੀ ਵਿਖੇ ਰਿਜ਼ਰਵੇਸ਼ਨ ਚੋਰ ਫੜੋ ਪੱਕਾ ਮੋਰਚਾ ਸੰਗਰੂਰ ‘ਚ ਘਾਬਦਾ ਦਾ ਧਰਨਾ ਆਦਿ-ਆਦਿ ।
ਇਸੇ ਤਰ੍ਹਾਂ ਮਲੇਰਕੋਟਲਾ ਦੇ ਸਿਵਲ ਹਸਪਤਾਲ ਵਿੱਚ ਪਿਛਲੇ ਵੀਹ ਦਿਨਾਂ ਤੋਂ ਡਾਕਟਰਾਂ, ਸਟਾਫ ਨਰਸਾਂ, ਸਸਤੀ ਦਵਾਈਆਂ ਦੀ ਬੰਦ ਪਈ ਜਨ ਅਸੋਧੀ ਦੁਕਾਨ, ਬੰਦ ਪਈ ਲੇਬਲ ਟੋ ਸਕੇਨ ਤੇ ਹੋਰ ਹਸਪਤਾਲ ਵਿੱਚ ਆ ਰਹੀਆਂ ਮੁਸ਼ਕਲਾਂ ਨੂੰ ਲੈਕੇ ਸਮਾਜ ਸੇਵੀ ਸੰਸਥਾ ਡਾਕਟਰ ਅਬਦੁਲ ਕਲਾਮ ਵੈਲਫੇਅਰ ਫਰੰਟ ਆਫ ਪੰਜਾਬ ਵਲੋਂ ਜੋ ਧਰਨਾ ਲਗਾਤਾਰ ਚੱਲ ਰਿਹਾ ਹੈ ਉਹ ਅੱਜ ਛੁੱਟੀ ਵਾਲੇ ਦਿਨ ਵੀ ਜਾਰੀ ਰਿਹਾ । ਧਰਨੇ ਵਿੱਚ ਭਾਰਤੀ ਜਨਤਾ ਪਾਰਟੀ ਦੇ ਲੋਕ ਸਭਾ ਇੰਚਾਰਜ ਮੋਹਿਤ ਗੋਇਲ, ਹਲਕਾ ਧੂਰੀ ਦੇ ਇੰਚਾਰਜ ਸਨੀ ਝਾਅ, ਹਲਕਾ ਮਾਲੇਰਕੋਟਲਾ ਦੇ ਇੰਚਾਰਜ ਦਲੀਪ ਸਿੰਘ ਤੇ ਕਾਂਗਰਸ ਦੇ ਜਿਲ੍ਹਾ ਸਕੱਤਰ ਕਮਲ਼ ਅਹੁਜਾ ਨੇ ਹਾਜ਼ਰੀ ਲਗਵਾਈ । ਇਸ ਮੌਕੇ ਸੰਬੋਧਨ ਕਰਦਿਆਂ ਮੋਹਿਤ ਗੋਇਲ ਨੇ ਕਿਹਾ ਕਿ ਗਰੀਬ ਮਰੀਜ਼ਾਂ ਨੂੰ ਸਿਵਲ ਹਸਪਤਾਲ ਵਿਚ ਸਿਹਤ ਸਹੂਲਤਾਂ ਹੀ ਨਹੀਂ ਮਿਲਦੀਆਂ ਤਾਂ ਉਹ ਆਪਣਾ ਇਲਾਜ ਪ੍ਰਾਈਵੇਟ ਹਸਪਤਾਲਾਂ ਵਿੱਚ ਮਜ਼ਬੂਰੀਵਸ਼ ਕਰਜ਼ਾ ਚੁੱਕ ਕੇ ਮਹਿੰਗਾ ਕਰਵਾਏਗਾ ਤੇ ਉਹ ਸਾਰੀ ਉਮਰ ਕਰਜ਼ਾ ਮੋੜਦਾ ਹੀ ਮਰ ਜਾਂਦਾ ਹੈ । ਕਹਿਣ ਨੂੰ ਤਾਂ ਇਹ ਸਰਕਾਰ ਆਮ ਆਦਮੀ ਦੀ ਸਰਕਾਰ ਕਹਿੰਦੀ ਹੈ ਪਰ ਆਮ ਆਦਮੀ ਲਈ ਹਸਪਤਾਲਾਂ ਵਿਚ ਡਾਕਟਰਾਂ ਦਾ ਪ੍ਰਬੰਧ ਕਰਨ ਵਿਚ ਅਸਫਲ ਹੈ । ਮੋਹਿਤ ਗੋਇਲ ਨੇ ਮੁੱਖ ਮੰਤਰੀ ਨੂੰ ਕਿਹਾ ਇਕ ਨਵੰਬਰ ਦੀ ਡਿਬੇਟ ਵਿੱਚ ਜੋ ਖਰਚ ਕੀਤਾ ਜਾ ਰਿਹਾ ਹੈ ਉਹ ਤੁਸੀਂ ਸਿਹਤ ਸੇਵਾਵਾਂ ਤੇ ਖ਼ਰਚ ਕਰੋ ਤਾਂ ਜੋ ਗਰੀਬ ਵਰਗ ਸਸਤਾ ਇਲਾਜ ਮਿਲ ਸਕੇ । ਇਹ ਜਨਤਾ ਹੈ ਜਿਸ ਤੁਹਾਨੂੰ ਪਲਕਾਂ ਉੱਤੇ ਬਿਠਾਇਆ ਹੈ, ਪਰ ਇਹ ਜਨਤਾ 2024 ਦੀਆਂ ਲੋਕ ਸਭਾ ਚੁਣਾਂ ਵਿੱਚ ਤੁਹਾਨੂੰ ਧੂਲ ਵੀ ਚਟਾ ਸਕਦੀ ਹੈ । ਉਹਨਾਂ ਹੈਰਾਨੀ ਜ਼ਾਹਿਰ ਕਰਦਿਆਂ ਕਿਹਾ ਕਿ ਜਿਹੜੀ ਸਰਕਾਰ ਜਨ ਅਸੋਧੀ ਦਵਾਈਆਂ ਦੀ ਦੁਕਾਨ ਨਹੀਂ ਚਲਾ ਸਕਦੀ ਉਸ ਤੋਂ ਹੋਰ ਕਿ ਆਸ ਰੱਖਦੇ ਹੋ । ਕਮਲ ਅਹੁਜਾ ਨੇ ਸੰਬੋਧਨ ਕਰਦਿਆਂ ਕਿਹਾ ਕਿ ਮੈਂ ਹੁਣ ਹੀ ਇਕ ਮਰੀਜ਼ ਜਿਸ ਦੀ ਲੱਤ ਤੇ ਸੱਟ ਲੱਗੀ ਸੀ ਨੂੰ ਲੈਕੇ ਆਇਆ ਤਾਂ ਐਮਰਜੈਂਸੀ ਡਾਕਟਰ ਨੇ ਕਿਹਾ ਕਿ ਡਾਕਟਰ ਦੋ ਦਿਨ ਬਾਅਦ ਆਉਣਗੇ ਇਸ ਨੂੰ ਉਹੀਂ ਚੈਕ ਕਰਨਗੇ , ਕੀ ਹੁਣ ਮਰੀਜ਼ ਦੋ ਦਿਨ ਡਾਕਟਰ ਦਾ ਇੰਤਜ਼ਾਰ ਕਰੇ? ਇਹ ਹਾਲ ਸਰਕਾਰੀ ਹਸਪਤਾਲ ਦਾ ਹੈ । ਇਸ ਲਈ ਸਰਕਾਰ ਨੂੰ ਇਹਨਾਂ ਗੱਲਾਂ ਵੱਲ ਧਿਆਨ ਦੇ ਕੇ ਡਾਕਟਰਾਂ, ਸਟਾਫ ਨਰਸਾਂ ਦੀ ਕਮੀ ਨੂੰ ਤੁਰੰਤ ਪੂਰੀ ਕਰਨੀ ਚਾਹੀਦੀ ਹੈ । ਇਸ ਮੌਕੇ ਕਲੱਬ ਦੇ ਪ੍ਰਧਾਨ ਸ਼ਮਸ਼ਾਦ ਝੋਕ,ਜਨਰਲ ਸਕੱਤਰ ਮੁਨਸ਼ੀ ਫ਼ਾਰੂਕ, ਪ੍ਰੈਸ ਸਕੱਤਰ ਸ਼ਾਹਿਦ ਜੂਬੇਰੀ, ਕਾਮਰੇਡ ਅਬਦੁਲ ਸਤਾਰ, ਮੁਹੰਮਦ ਫੈਸਲ ਰਾਣਾ, ਮੁਹੰਮਦ ਯਾਸੀਨ ਘੁਗੀ, ਮਹਿਮੂਦ ਰਾਣਾ, ਮੁਹੰਮਦ ਯੀਸਾਨ, ਮੁਹੰਮਦ ਅਸਲਮ ਮੁਹੰਮਦ ਨਜੀਰ ਤੂਤੀ ਪਹਿਲਵਾਨ ਆਦਿ ਹਾਜ਼ਰ ਸਨ ।



