ਮਲੇਰਕੋਟਲਾ ਦੇ ਮੁਸਲਿਮ ਭਾਈਚਾਰੇ ਵੱਲੋਂ ਹਜ਼ਾਰਾਂ ਦੀ ਗਿਣਤੀ ‘ਚ ਰੋਸ ਪ੍ਰਦਰਸ਼ਨ ਕਰਕੇ ਕੀਤੀ ਸਖਤ ਕਾਨੂੰਨੀ ਕਾਰਵਾਈ ਮੰਗ
ਮਲੇਰਕੋਟਲਾ, 03 ਜੁਲਾਈ (ਬਿਉਰੋ): ਪੰਜਾਬ ਦੇ ਇਕਲੌਤੇ ਮੁਸਲਿਮ ਬਹੁਲ ਸ਼ਹਿਰ ਮਲੇਰਕੋਟਲਾ ਦੇ ਸਮੂਹ ਮੁਸਲਿਮ ਭਾਈਚਾਰੇ ਵੱਲੋਂ ਭਾਜਪਾ ਘੱਟ ਗਿਣਤੀ ਮੋਰਚਾ ਦੀ ਆਗੂ ਨਾਜ਼ੀਆ ਇਲਾਹੀ ਖਾਨ ਵਿਰੁੱਧ ਰੋਸ ਪ੍ਰਦਰਸ਼ਨ ਕੀਤਾ ਗਿਆ । ਹਜ਼ਾਰਾਂ ਦੀ ਗਿਣਤੀ ‘ਚ ਸਥਾਨਕ ਡਿਪਟੀ ਕਮਿਸ਼ਨਰ ਦਫਤਰ ਦੇ ਸਾਹਮਣੇ ਇਕੱਠੇ ਹੋ ਕੇ ਇੱਕ ਪੋਡਕਾਸਟ ਦੌਰਾਨ ਨਾਜ਼ੀਆ ਇਲਾਹੀ ਵੱਲੋਂ ਇਸਲਾਮ ਦੇ ਪੈਗੰਬਰ ਹਜਰਤ ਮੁਹੰਮਦ ਮੁਸਤਫ਼ਾ (ਸੱਲੱਲਾਹੁ ਅਲੈਹਿ ਵਸੱਲਮ) ਅਤੇ ਉਨ੍ਹਾਂ ਦੀ ਪਤਨੀ ਹਜਰਤ ਆਇਸ਼ਾ ਸਿੱਦੀਕਾ (ਰਜ਼ੀਅੱਲਾਹੁ ਅਨਹਾ) ਦੀ ਸ਼ਾਨ ਵਿੱਚ ਕੀਤੀਆਂ ਗਈਆਂ ਬਹੁਤ ਹੀ ਇਤਰਾਜ਼ਯੋਗ, ਅਪਮਾਨਜਨਕ ਅਤੇ ਭੜਕਾਊ ਟਿੱਪਣੀਆਂ ਦੇ ਖਿਲਾਫ਼ ਇਕ ਜ਼ਬਰਦਸਤ ਰੋਸ ਮੁਜਾਹਰਾ ਕਰਕੇ ਗਹਿਰੇ ਦੁੱਖ ਅਤੇ ਰੋਸ ਦਾ ਪ੍ਰਗਟਾਵਾ ਕੀਤਾ ਗਿਆ ਹੈ। ਇਸ ਸੰਵੇਦਨਸ਼ੀਲ ਮਾਮਲੇ ਦੇ ਸਬੰਧ ਵਿੱਚ ਭਾਈਚਾਰੇ ਦੇ ਨੁਮਾਇੰਦਿਆਂ ਵੱਲੋਂ ਭਾਰਤ ਦੇ ਮਾਣਯੋਗ ਰਾਸ਼ਟਰਪਤੀ ਅਤੇ ਡਿਪਟੀ ਕਮਿਸ਼ਨਰ ਮਲੇਰਕੋਟਲਾ ਨੂੰ ਮੰਗ ਪੱਤਰ ਭੇਜ ਕੇ ਤੁਰੰਤ ਕਾਰਵਾਈ ਦੀ ਮੰਗ ਕੀਤੀ ਗਈ ਹੈ।
ਮੁਸਲਿਮ ਭਾਈਚਾਰੇ ਦੇ ਨੁਮਾਇੰਦਿਆਂ ਨੇ ਦੱਸਿਆ ਕਿ ਪੱਛਮੀ ਬੰਗਾਲ ਦੀ ਰਹਿਣ ਵਾਲੀ ਉਕਤ ਆਗੂ ਦੀਆਂ ਟਿੱਪਣੀਆਂ ਵਾਲੀ ਵੀਡੀਓ ਸੋਸ਼ਲ ਮੀਡੀਆ ‘ਤੇ ਵਿਆਪਕ ਤੌਰ ‘ਤੇ ਵਾਇਰਲ ਹੋ ਚੁੱਕੀ ਹੈ, ਜਿਸ ਨਾਲ ਦੇਸ਼ ਅਤੇ ਵਿਦੇਸ਼ ਵਿੱਚ ਵੱਸਦੇ ਕਰੋੜਾਂ ਮੁਸਲਮਾਨਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਗੰਭੀਰ ਠੇਸ ਪਹੁੰਚੀ ਹੈ। ਉਨ੍ਹਾਂ ਕਿਹਾ ਕਿ ਇਹ ਮਾਮਲਾ ਕੇਵਲ ਧਾਰਮਿਕ ਭਾਵਨਾਵਾਂ ਤੱਕ ਹੀ ਸੀਮਤ ਨਹੀਂ ਹੈ, ਸਗੋਂ ਇਸ ਨਾਲ ਸਮਾਜਿਕ ਸਦਭਾਵਨਾ, ਭਾਈਚਾਰਕ ਸਾਂਝ ਅਤੇ ਜਨਤਕ ਸ਼ਾਂਤੀ ਨੂੰ ਵੀ ਵੱਡਾ ਖਤਰਾ ਪੈਦਾ ਹੋਇਆ ਹੈ।
ਭਾਰਤ ਦਾ ਸੰਵਿਧਾਨ ਹਰੇਕ ਨਾਗਰਿਕ ਨੂੰ ਧਾਰਮਿਕ ਆਜ਼ਾਦੀ ਦਿੰਦਾ ਹੈ, ਪਰ ਨਾਲ ਹੀ ਇਹ ਫਰਜ਼ ਵੀ ਤੈਅ ਕਰਦਾ ਹੈ ਕਿ ਕਿਸੇ ਵੀ ਧਰਮ, ਉਸਦੀਆਂ ਪੂਜਨੀਕ ਸ਼ਖਸੀਅਤਾਂ ਜਾਂ ਧਾਰਮਿਕ ਵਿਸ਼ਵਾਸਾਂ ਦਾ ਅਪਮਾਨ ਨਾ ਕੀਤਾ ਜਾਵੇ। ਪ੍ਰੈੱਸ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਗਿਆ ਕਿ ਨਾਜ਼ੀਆ ਇਲਾਹੀ ਖਾਨ ਵਿਰੁੱਧ ਮਹਾਰਾਸ਼ਟਰ ਰਾਜ ਦੇ ਵੱਖ-ਵੱਖ ਪੁਲਿਸ ਥਾਣਿਆਂ ਵਿੱਚ ਕਈ ਮੁਕੱਦਮੇ ਦਰਜ ਕੀਤੇ ਜਾ ਚੁੱਕੇ ਹਨ।
ਇਸ ਤੋਂ ਇਲਾਵਾ ਉਕਤ ਆਗੂ ਪਹਿਲਾਂ ਵੀ ਮਸਜਿਦਾਂ, ਮੁਹੱਰਮ ਦੇ ਜਲੂਸਾਂ ਅਤੇ ਮੁਸਲਿਮ ਭਾਈਚਾਰੇ ਸਬੰਧੀ ਵਿਵਾਦਤ ਬਿਆਨ ਦੇ ਕੇ ਸਮਾਜਿਕ ਸਾਂਝ ਨੂੰ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕਰਦੀ ਰਹੀ ਹੈ। ਮੁਸਲਿਮ ਭਾਈਚਾਰੇ ਨੇ ਮੰਗ ਕੀਤੀ ਕਿ ਨਾਜ਼ੀਆ ਇਲਾਹੀ ਖਾਨ ਨੂੰ ਦਰਜ ਕੀਤੇ ਮੁਕੱਦਮਿਆਂ ਦੇ ਮੱਦੇਨਜ਼ਰ ਜਲਦ ਤੋਂ ਜਲਦ ਗ੍ਰਿਫਤਾਰ ਕੀਤਾ ਜਾਵੇ। ਇਸ ਪੂਰੇ ਮਾਮਲੇ ਦੀ ਉੱਚ ਪੱਧਰੀ, ਨਿਰਪੱਖ ਅਤੇ ਸਮੇਂ ਸਿਰ ਜਾਂਚ ਯਕੀਨੀ ਬਣਾਈ ਜਾਵੇ, ਤਾਂ ਜੋ ਭਵਿੱਖ ਵਿੱਚ ਕੋਈ ਵੀ ਵਿਅਕਤੀ ਕਿਸੇ ਵੀ ਧਰਮ ਜਾਂ ਮਹਾਨ ਸ਼ਖਸੀਅਤਾਂ ਦਾ ਅਪਮਾਨ ਨਾ ਕਰ ਸਕੇ। ਭਾਈਚਾਰੇ ਨੇ ਮੰਗ ਕੀਤੀ ਕਿ ਨਾਜ਼ੀਆ ਇਲਾਹੀ ਖਾਨ ਦੇ ਖਿਲਾਫ ਮਲੇਰਕੋਟਲਾ ਵਿਖੇ ਵੀ ਮੁਕੱਦਮਾ ਦਰਜ ਕਰਕੇ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ। ਉਕਤ ਵਿਰੋਧ ਪ੍ਰਦਰਸ਼ਨ ਨੂੰ ਮੌਲਾਨਾ ਮੁਫ਼ਤੀ ਇਰਤਕਾ ਉੱਲ ਹਸਨ ਕੰਧਾਲਵੀ (ਮੁਫ਼ਤੀ ਏ ਆਜ਼ਮ ਪੰਜਾਬ), ਮੁਫ਼ਤੀ ਦਿਲਸ਼ਾਦ, ਮੁਫ਼ਤੀ ਅਬਦੁਲ ਮਲਿਕ ਅਤੇ ਮੌਲਾਨਾ ਮੁਹੰਮਦ ਆਜ਼ਮ ਨੇ ਵਿਸ਼ੇਸ਼ ਤੌਰ ‘ਤੇ ਸੰਬੋਧਨ ਕੀਤਾ।


