7 ਨਵੰਬਰ ਨੂੰ ਕੌਮੀ ਇਨਸਾਫ ਮੋਰਚੇ ਵਿੱਚ ਰੱਖੇ ਇਕੱਠ ਵਿੱਚ ਸ਼ਾਮਲ ਹੋਣ ਦੀ ਅਪੀਲ
ਐਸ.ਏ.ਐਸ. ਨਗਰ/ਮਲੇਰਕੋਟਲਾ, 03 ਨਵੰਬਰ (ਬਿਉਰੋ): ਕੇਂਦਰ ਵਿੱਚ ਰਾਮ ਮੰਦਰ ਦੇ ਮੁੱਦੇ ਨੂੰ ਲੈ ਕੇ ਕਈ ਚੋਣਾਂ ਲੜੀਆਂ ਜਾ ਚੁੱਕੀਆਂ ਹਨ । ਇਸੇ ਤਰ੍ਹਾਂ ਪੰਜਾਬ ਵਿੱਚ ਸ੍ਰੀ ਗੁਰੁ ਗ੍ਰੰਥ ਸਾਹਿਬ ਦੀਆਂ ਬੇਅਦਬੀਆਂ ਹੋਈਆਂ ਬੇਅਦਬੀਆਂ ਦੇ ਇਨਸਾਫ ਦਿਲਵਾਉਣ ਨੂੰ ਲੈ ਕੇ ਚੋਣਾਂ ਲੜੀਆਂ ਜਾ ਰਹੀਆਂ ਹਨ । ਸਰਕਾਰਾਂ ਬਦਲਦੀਆਂ ਰਹੀਆਂ ਪਰੰਤੂ ਕਿਸੇ ਵੀ ਸਰਕਾਰ ਨੇ ਇਸ ਗੰਭੀਰ ਮੁੱਦੇ ਉੱਤੇ ਕੋਈ ਧਿਆਨ ਨਹੀਂ ਦਿੱਤਾ । 2022 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਆਮ ਆਦਮੀ ਪਾਰਟੀ ਨੇ ਬੇਅਦਬੀਆਂ ਨੂੰ ਰੋਕਣ ਲਈ ਸਖਤ ਕਾਨੂੰਨ ਲਿਆਉਣ, ਕੋਟਕਪੂਰਾ ਅਤੇ ਬਹਿਬਲ ਕਲਾਂ ਗੋਲੀ ਕਾਂਡ ਦਾ ਇਨਸਾਫ ਦਿਲਵਾਉਣ ਦੇ ਬਹੁਤ ਦਮਗਜ਼ੇ ਮਾਰੇ ਸਨ ਪਰੰਤੂ ਸੱਤਾ ਵਿੱਚ ਆਉਦੇ ਹੀ ਸਭ ਦਾਅਵੇ ਬੀਤੇ ਸਮੇਂ ਦੀ ਗੱਲ ਹੋ ਕੇ ਰਹਿ ਗਏ ।
‘ਆਪ’ ਸਰਕਾਰ ਦੀ ਕਈ ਮਹੀਨਿਆਂ ਦੀ ਕਾਰਗੁਜ਼ਾਰੀ ਦੇਖਣ ਤੋਂ ਬਾਦ ਸਿੱਖ ਪੰਥ ਦੇ ਸੁਹਿਰਦ ਲੋਕਾਂ ਨੇ ਚੰਡੀਗੜ੍ਹ-ਮੋਹਾਲੀ ਦੀਆਂ ਬਰੂਹਾਂ ਉੱਤੇ 7 ਜਨਵਰੀ 2023 ਤੋਂ ਕੌਮੀ ਇਨਸਾਫ ਮੋਰਚੇ ਦੀ ਅਗਵਾਈ ਵਿੱਚ ਪੱਕਾ ਧਰਨਾ ਲਗਾਇਆ ਹੋਇਆ ਹੈ। ਜਿਸ ਰਾਹੀਂ ਸਜ਼ਾਵਾਂ ਪੂਰੀਆਂ ਕਰ ਚੁੱਕੇ ਬੰਦੀ ਸਿੰਘਾਂ ਦੀ ਰਿਹਾਈ, ਬੇਅਦਬੀਆਂ ਦਾ ਇਨਸਾਫ, ਸ੍ਰੀ ਗੁਰੁ ਗ੍ਰੰਥ ਸਾਹਿਬ ਦੇ ਲਾਪਤਾ ਸਰੂਪਾਂ ਦਾ ਇਨਸਾਫ ਲੈਣ ਲਈ ਕੇਂਦਰ ਅਤੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਜਾ ਰਹੀ ਹੈ । ਭਾਵੇਂ ਕਿ ਮੋਰਚਾ ਲੱਗਣ ਤੋਂ ਬਾਦ ਤਿੰਨ ਬੰਦੀ ਸਿੰਘਾਂ ਦੀ ਪੱਕੀ ਜ਼ਮਾਨਤ ਹੋ ਚੁੱਕੀ ਹੈ ਅਤੇ ਦੋ ਸਿੰਘਾਂ ਨੂੰ ਪੈਰੋਲ ਮਿਲੀ ਹੈ ਪਰੰਤੂ ਅਧਿਕਤਮ ਸਜ਼ਾ ਕੱਟਣ ਤੋਂ ਬਾਦ ਵੀ ਬੰਦੀ ਸਿੰਘਾਂ ਨੂੰ ਦਹਾਕੇ ਬੀਤ ਗਏ ਜੇਲ੍ਹਾਂ ਵਿੱਚ ਬੈਠੇ ਹੋਏ ਸਰਕਾਰ ਅਤੇ ਅਦਾਲਤਾਂ ਮੂਕ ਦਰਸ਼ਕ ਬਣ ਦੇਖ ਰਹੀਆਂ ਹਨ ।
“ਤੂਫਾਨੋਂ ਸੇ ਆਂਖ ਮਿਲਾਓ, ਸੈਲਾਬੋਂ ਪੇ ਵਾਰ ਕਰੋ,
ਮੱਲਾਹੋਂ ਕਾ ਚੱਕਰ ਛੋੜੋ, ਖੁਦ ਤੈਰ ਕੇ ਦਰਿਆ ਪਾਰ ਕਰੋ”
ਸਰਕਾਰਾਂ ਦੇ ਸਿੱਖ ਕੌਮ ਪ੍ਰਤੀ ਮਤਰੇਈ ਮਾਂ ਵਾਲੇ ਰਵੱਈਏ ਤੋਂ ਤੰਗ ਹੋ ਕੇ ਬਾਬਾ ਰਾਜਾ ਰਾਜ ਸਿੰਘ ਖਾਲਸਾ ਨੇ “ਦਲ ਪੰਥ ਅਰਬਾਂ ਖਰਬਾਂ” ਚੈਨਲ ਰਾਹੀਂ ਨਿਹੰਗ ਸਿੰਘ ਜੱਥੇਬੰਦੀਆਂ, ਸਿੱਖ ਸੰਗਤ ਅਤੇ ਪੰਜਾਬ ਦੇ ਸੁਹਿਰਦ ਲੋਕਾਂ ਨੂੰ ਸੱਦਾ ਦਿਤਾ ਹੈ ਕਿ 7 ਨਵੰਬਰ ਨੂੰ ਕੌਮੀ ਇਨਸਾਫ ਮੋਰਚੇ ਵਿੱਚ ਰੱਖੇ ਗਏ ਇਕੱਠ ਵਿੱਚ ਸ਼ਾਮਲ ਹੋਣ । ਉਹਨਾਂ ਕਿਹਾ ਕਿ ਆਏ ਦਿਨ ਬੇਅਦਬੀਆਂ ਦੇ ਮਾਮਲੇ ਸਾਹਮਣੇ ਆ ਰਹੇ ਹਨ ਜਿਸ ਸਬੰਧੀ ਕੋਈ ਵੀ ਜੱਥੇਬੰਦੀ ਪ੍ਰੋਗਰਾਮ ਦੇਣ ਲਈ ਤਿਆਰ ਨਹੀਂ ਹੈ ਸੋ ਸਾਨੂੰ ਹਰੇਕ ਨੂੰ ਆਪਣੀ ਜ਼ਿੰਮੇਵਾਰ ਸਮਝਕੇ ਇਸ ਮਾਮਲੇ ‘ਚ ਅੱਗੇ ਵਧਣਾ ਹੋਵੇਗਾ । ਲੰਬੇ ਸਮੇਂ ਤੋਂ ਅਸੀਂ ਕਮੇਟੀਆਂ, ਜੱਥੇਬੰਦੀਆਂ ਦੇ ਸਹਾਰੇ ਗੁਰੁ ਸਾਹਿਬ ਦਾ ਅਨਾਦਰ ਹੁੰਦਾ ਦੇਖਦੇ ਆ ਰਹੇ ਹਾਂ । ਬਾਬਾ ਰਾਜ ਸਿੰਘ ਖਾਲਸਾ ਨੇ ਅਪੀਲ ਕੀਤੀ ਕਿ ਵੱਧ ਤੋਂ ਵੱਧ ਸੰਗਤ ਇਸ ਇਕੱਠ ਵਿੱਚ ਸ਼ਾਮਲ ਹੋਵੇ ਤਾਂ ਜੋ ਬੇਅਦਬੀਆਂ ਨੂੰ ਰੋਕਣ ਲਈ ਕੋਈ ਰਣਨੀਤੀ ਬਣਾਈ ਜਾ ਸਕੇ ਕਿ ਕਿਵੇਂ ਬੇਅਦਬੀਆਂ ਰੋਕੀਆਂ ਜਾ ਸਕੇ ।



