ਭਾਨੇ ਸਿੱਧੂ ਦੇ ਹੱਕ ਆਇਆ ਲੋਕਾਂ ਦਾ ਜਨਸੈਲਾਬ, ਪਿੰਡ ਕੋਟਦੂਨੇ ‘ਚ ਬੌਨੀ ਦਿਸੀ ‘ਆਪ’ ਸਰਕਾਰ

author
0 minutes, 2 seconds Read

ਕੋਟ ਦੂਨਾ/ਮਲੇਰਕੋਟਲਾ, 29 ਜਨਵਰੀ (ਬਿਉਰੋ): ਪਿਛਲੇ ਇੱਕ ਹਫਤੇ ਤੋਂ ਪੰਜਾਬ ਅੰਦਰ “ਭਾਨੇ ਸਿੱਧੂ” ਦਾ ਮਾਮਲਾ ਬਹੁਤ ਭਖਿਆ ਹੋਇਆ ਹੈ । ਯੂਥ ਆਈਕਨ ਬਣ ਚੁੱਕੇ ਸਮਾਜਸੇਵੀ ਭਾਨਾ ਸਿੱਧੂ ਦੀ ਪ੍ਰਸਿੱਧੀ ਦਿਨੋਂ-ਦਿਨ ਵੱਧਦੀ ਜਾ ਰਹੀ ਸੀ ਕਿਉਂਕਿ ਇਮੀਗ੍ਰੇਸ਼ਨ ਏਜੰਟ ਮਾਫੀਆ ਭਾਨੇ ਸਿੱਧੂ ਦੇ ਨਾਂਅ ਤੋਂ ਖੌਫ ਖਾਣ ਲੱਗਾ ਸੀ । ਉਸ ਨੇ ਆਪਣੇ ਦਬਦਬੇ ਅਤੇ ਸ਼ੋਸ਼ਲ ਮੀਡੀਆ ਉੱਤੇ ਉਸ ਨਾਲ ਜੁੜੀ ਲੋਕ ਲਹਿਰ ਨਾਲ ਕਈ ਏਜੰਟਾਂ ਤੋਂ ਪੰਜਾਬ ਦੇ ਦਰਜਨਾਂ ਨੌਜਵਾਨਾਂ ਦੇ ਕਰੋੜਾਂ ਰੁਪਏ ਵਾਪਸ ਕਰਵਾਕੇ ਦਿੱਤੇ । ਇਹਨਾਂ ਕੰਮਾਂ ਵਿੱਚ ਸਰਕਾਰ ਅਤੇ ਪੁਲਸ ਦੀ ਅਸਫਲਤਾ ਸਾਫ ਦਿਖਾਈ ਦੇਣ ਲੱਗੀ ਸੀ, ਲੋਕ ਪੁਲਸ ਕੋਲ ਜਾਣ ਦੀ ਬਜਾਏ ਭਾਨੇ ਦੇ ਪਿੰਡ ਫਰਿਆਦਾਂ ਲੈ ਕੇ ਜਾਣ ਲੱਗੇ ਅਤੇ ਪਿੰਡ ਕੋਟ ਦੂਨੇ ਦੀ ਅਦਾਲਤ ਤੋਂ ਲੋਕਾਂ ਦੇ ਮਸਲੇ ਹੱਲ ਹੋਣ ਲੱਗੇ ਬਸ! ਪੰਜਾਬ ਦੇ ਮੁੱਖ ਮੰਤਰੀ, ਸਰਕਾਰ ਅਤੇ ਪੁਲਸ ਨੇ ਇਸ ਦਾ ਬੁਰਾ ਮਨਾ ਲਿਆ । ਇੱਕ ਮਾਮੂਲੀ 10 ਹਜ਼ਾਰ ਰੁਪਏ ਮੰਗ ਕੇ ਬਲ਼ੈਕ ਮੇਲ ਕਰਨ ਦੇ ਦੋਸ਼ਾਂ ‘ਚ ਪਰਚਾ ਦਰਜ ਕਰ ਕੇ ਜੇਲ੍ਹ ਵਿੱਚ ਬੰਦ ਕਰ ਦਿੱਤਾ । ਇਸ ਮੁਕੱਦਮੇ ਵਿੱਚੋਂ ਜਮਾਨਤ ਹੋਈ ਤਾਂ ਇੱਕ ਚੈਨੀ ਚੋਰੀ ਦਾ ਪਰਚਾ ਪਾ ਦਿੱਤਾ, ਇਸ ਤੋਂ ਬਾਦ ਭਾਨੇ ਸਿੱਧੂ ਉੱਤੇ “ਮੀ ਟੂ” ਅਭਿਆਨ ਦੀ ਤਰ੍ਹਾਂ ਇਮੀਗ੍ਰੇਸ਼ਨ ਏਜੰਟਾਂ ਨੇ ਸ਼ਿਕਾਇਤਾਂ ਦੀ ਝੜੀ ਲਗਾ ਦਿੱਤੀ । ਸਰਕਾਰ, ਪੁਲਸ ਅਤੇ ਅਦਾਲਤਾਂ ਨੇ ਵੀ ਭਾਨੇ ਸਿੱਧੂ ਨੂੰ ਫੁੱਟਬਾਲ ਦੀ ਤਰ੍ਹਾਂ ਖੇਡਣਾ ਸ਼ੁਰੂ ਕਰ ਦਿੱਤਾ, ਪਹਿਲਾਂ ਲੁਧਿਆਣੇ ਫਿਰ ਪਟਿਆਲੇ, ਅਬੋਹਰ, ਮੋਹਾਲੀ ਅਤੇ ਪਤਾ ਨਹੀਂ ਕਿੱਥੇ-ਕਿੱਥੇ ਪਰਚੇ ਪਾ ਦਿੱਤੇ ਗਏ । ਕਿਸੇ ਅਦਾਲਤ ਨੇ ਸਰਕਾਰ ਨੂੰ ਇਹ ਨਹੀਂ ਪੁੱਛਿਆ ਕਿ ਇੰਮੀਗ੍ਰੇਸ਼ਨ ਏਜੰਟਾਂ ਉੱਤੇ ਕਾਰਵਾਈ ਕਿਉਂ ਨਹੀਂ ਕੀਤੀ ਗਈ? ਤਾਂ ਜੋ ਭਾਨਾ ਸਿੱਧੂ ਨੂੰ ਅਜਿਹਾ ਕਰਨ ਦੀ ਲੋੜ ਹੀ ਨਾ ਪੈਂਦੀ । ਕਿਸੇ ਅਦਾਲਤ ਨੇ ਇਹ ਨਹੀਂ ਪੁਛਿਆ ਕਿ ਪਹਿਲਾਂ ਸ਼ਿਕਾਇਤ ਕਿਉਂ ਨਹੀਂ ਕੀਤੀ ਗਈ?

ਅੱਜ ਇਸੇ ਰੋਸ ਵਜੋਂ ਭਾਨੇ ਸਿੱਧੂ ਦੇ ਪਿੰਡ ਕੋਟ ਦੂਨੇ ਆਮ ਜਨਤਾ ਨੇ ਸਰਕਾਰ ਦੇ ਵਿਰੁੱਧ ਵੱਡਾ ਇਕੱਠ ਰੱਖਿਆ ਜਿਸ ਵਿੱਚ ਸਮੁੱਚੇ ਪੰਜਾਬ ਸਮੇਤ ਹਰਿਆਣਾ, ਰਾਜਸਥਾਨ, ਦਿੱਲੀ ਅਤੇ ਵਿਦੇਸ਼ ਤੱਕ ਤੋਂ ਲੋਕਾਂ ਨੇ ਸ਼ਿਰਕਤ ਕੀਤੀ ਅਤੇ ਆਪਮੁਹਾਰੇ  ਜਨਸੈਲਾਬ ਆ ਗਿਆ, ਪਿੰਡ ਕੋਟ ਦੂਨੇ ‘ਚ ਬੌਨੀ ਦਿਸੀ ‘ਆਪ’ ਸਰਕਾਰ । ਮੀਡੀਆ ਰਿਪੋਰਟਾਂ ਅਨੁਸਾਰ ਕਈ ਕਿਲੋਮੀਟਰ ਦੇ ਜਾਮ ਮਾਲਵੇ ਵਿੱਚ ਲੱਗੇ ਰਹੇ ਅਤੇ ਪੰਡਾਲ ਦੇ ਕਈ ਕਿਲੋਮੀਟਰ ਤੱਕ ਲੋਕਾਂ ਦਾ ਹਜ਼ੂਮ ਦੇਖਣ ਨੂੰ ਮਿਲਿਆ । ਕੋਟ ਦੂਨੇ ਦਾ ਇਕੱਠ ਇਤਿਹਾਸਕ ਹੋ ਨਿਬੜਿਆ, ਜਨਸੈਲਾਬ ਵਾਂਗ ਆਏ ਇਕੱਠ ਨੂੰ ਲੱਖਾ ਸਿਧਾਨਾ, ਸੰਗਰੂਰ ਤੋਂ ਸਾਂਸਦ ਸਿਮਰਨਜੀਤ ਸਿੰਘ ਮਾਨ, ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ, ਵਿਧਾਇਕ ਸੁਖਪਾਲ ਸਿੰਘ ਖਹਿਰਾ, ਨਸ਼ਿਆਂ ਖਿਲਾਫ ਜੰਗ ਲੜ ਰਹੇ ਯੋਧੇ ਪਰਵਿੰਦਰ ਸਿੰਘ ਝੋਟਾ, ਜਗਦੀਪ ਰੰਧਾਵਾ, ਰਾਜ ਸਿੰਘ ਖਾਲਸਾ, ਕੌਮੀ ਇਨਸਾਫ ਮੋਰਚੇ ਦੇ ਸਰਪ੍ਰਸਤ ਜੱਥੇਦਾਰ ਜਗਤਾਰ ਸਿੰਘ ਹਵਾਰਾ ਦੇ ਸਤਿਕਾਰਯੋਗ ਬਾਪੂ ਗੁਰਚਰਨ ਸਿੰਘ, ਨਿਹੰਗ ਜੱਥੇਬੰਦੀ ਦੇ ਮੁੱਖੀ ਬਾਬਾ ਰਾਜਾ ਰਾਜ ਸਿੰਘ, ਜਸਕਰਨ ਸਿੰਘ ਕਾਹਨ ਸਿੰਘ ਵਾਲਾ, ਅਕਾਲੀ ਦਲ ਦੇ ਸੀਨੀਅਰ ਆਗੂ ਇਕਬਾਲ ਸਿੰਘ ਝੂੰਦਾ, ਕਿਸਾਨ ਆਗੂ ਰੁਲਦੂ ਸਿੰਘ ਮਾਨਸਾ ਸਮੇਤ ਵੱਖ-ਵੱਖ ਪਾਰਟੀਆਂ ਅਤੇ ਕਿਸਾਨ ਜੱਥੇਬੰਦੀਆਂ ਅਤੇ ਸਮਾਜਸੇਵੀ ਸੰਗਠਨਾਂ ਦੇ ਆਗੂਆਂ ਨੇ ਸੰਬੋਧਨ ਕੀਤਾ, ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਪੰਜਾਬ ਪੁਲਸ ਦੇ ਇਸ ਅਣਮਨੁੱਖੀ ਵਰਤਾਰੇ ਦੀ ਘੋਰ ਸ਼ਬਦਾਂ ਵਿੱਚ ਨਿੰਦਾ ਕੀਤੀ ਅਤੇ ਸਰਕਾਰ ਨੂੰ ਚੇਤਾਵਨੀ ਦਿੱਤੀ ਕਿ ਜੇਕਰ ਭਾਨੇ ਸਿੱਧੂ ਨੂੰ ਰਿਹਾਅ ਨਾ ਕੀਤਾ ਤਾਂ ਪੰਜਾਬ ਭਰ ਵਿੱਚ ਵੱਡੇ ਸੰਘਰਸ਼ ਉਲੀਕੇ ਜਾਣਗੇ । ਮੁੱਖ ਮੰਤਰੀ ਭਗਵੰਤ ਮਾਨ ਨੇ ਭਾਨੇ ਨੂੰ ਹਲਕੇ ਵਿੱਚ ਲੈ ਲਿਆ ਅਤੇ ਪਰਚੇ ਪਾ ਕੇ ਉਸ ਨਾਲ ਖੇਡਣ ਲੱਗੇ ਪਰੰਤੂ ਸ਼ੋਸ਼ਲ ਮੀਡੀਆ ਨੇ ਦੇਸ਼ ਅਤੇ ਦੁਨੀਆ ਵਿੱਚ ਭਗਵੰਤ ਮਾਨ ਦੀ ਥੂਹ-ਥੂਹ ਕਰਵਾ ਦਿੱਤੀ । ਐਨਾ ਹੀ ਨਹੀਂ ਬੀਬੀਸੀ ਵਰਗੇ ਕੌਮਾਂਤਰੀ ਮੀਡੀਆ ਅਦਾਰੇ, ਹਿੰਦੁਸਤਾਨ ਟਾਇਮਜ਼ ਸਮੇਤ ਵੱਡੇ ਅਦਾਰਿਆਂ ਅਤੇ ਰਾਸ਼ਟਰੀ ਚੈਨਲਾਂ ਨੇ ਭਾਨੇ ਸਿੱਧੂ ਮਾਮਲੇ ਦੀ ਕਵਰੇਜ ਕਰਕੇ ਪੰਜਾਬ ਅੰਦਰ ਚੱਲ ਰਹੇ ਪੁਲਸ ਰਾਜ ਦੀ ਪੋਲ ਖੋਲ ਦਿੱਤੀ ਹੈ, ਕਿਵੇਂ ਬਦਲਾਖੋਰੀ ਲਈ ਨੌਜਵਾਨਾਂ ਦੇ ਭਵਿੱਖ ਖਰਾਬ ਕੀਤੇ ਜਾ ਰਹੇ ਹਨ ।

Similar Posts

Leave a Reply

Your email address will not be published. Required fields are marked *