ਮੋਹਾਲੀ/ਮਲੇਰਕੋਟਲਾ, 09 ਫਰਵਰੀ (ਬਿਉਰੋ): ਭਾਰਤੀ ਕਿਸਾਨ ਮਜ਼ਦੂਰ ਯੂਨੀਅਨ ਦੀਆਂ ਇਕਾਈਆਂ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਵਿੱਚ ਬਣਾਈਆਂ ਜਾ ਰਹੀਆਂ ਹਨ ਜਿਸ ਨੂੰ ਸਮਾਜ ਦੇ ਹਰ ਤਬਕੇ ਦਾ ਭਰਪੂਰ ਸਮਰਥਨ ਮਿਲ ਰਿਹਾ ਹੈ । ਇਸੇ ਲੜੀ ਤਹਿਤ ਯੂਨੀਅਨ ਦੀ ਇੱਕ ਅਹਿਮ ਬੈਠਕ ਰਾਸ਼ਟਰੀ ਪ੍ਰਧਾਨ ਮਨਜੀਤ ਸਿੰਘ ਘੁਮਾਣਾ ਦੀ ਪ੍ਰਧਾਨਗੀ ‘ਚ ਮੋਹਾਲੀ ਵਿਖੇ ਹੋਈ ਜਿਸ ਵਿੱਚ ਯੂਨੀਅਨ ਦੀ ਮੋਹਾਲੀ ਇਕਾਈ ਦਾ ਗਠਨ ਕੀਤਾ ਗਿਆ । ਸਤਨਾਮ ਸਿੰਘ ਪੰਨੂੰ ਨੂੰ ਸਟੇਟ ਬਾਡੀ ਮੈਂਬਰ ਨਿਯੁੱਕਤ ਕੀਤਾ ਗਿਆ । ਨਿਰਮਲ ਸਿੰਘ ਸੇਖਨ ਮਾਜਰਾ ਨੂੰ ਜ਼ਿਲ੍ਹਾ ਪ੍ਰਧਾਨ ਮੋਹਾਲੀ ਨਿਯੁੱਕਤ ਕੀਤਾ ਗਿਆ । ਇਸ ਮੌਕੇ ਸੰਬੋਧਨ ਕਰਦਿਆਂ ਰਾਸ਼ਟਰੀ ਪ੍ਰਧਾਨ ਘੁਮਾਣਾ ਨੇ ਕਿਹਾ ਕਿ ਯੂਨੀਅਨ ਦੇ ਜੱਥੇਬੰਧਕ ਝਾਂਚੇ ਨੂੰ ਜੜ੍ਹਾਂ ਤੋਂ ਮਜ਼ਬੂਤ ਕੀਤਾ ਜਾ ਰਿਹਾ ਹੈ । ਭਵਿੱਖ ਵਿੱਚ ਪੰਜਾਬ ਸਮੇਤ ਪੂਰੇ ਦੇਸ਼ ਵਿੱਚ ਕਿਸਾਨ ਮਜ਼ਦੂਰਾਂ ਦੇ ਹਿੱਤਾਂ ਦੀ ਰਾਖੀ ਕਰਨ ਵਾਲੇ ਯੂਨੀਅਨ ‘ਚ ਸ਼ਾਮਲ ਹੋਣਗੇ । ਉਹਨਾਂ ਕਿਹਾ ਕਿ ਸੂਬਾ ਕਮੇਟੀ ਵਿੱਚ ਹਰ ਇਲਾਕੇ ਵਿੱਚੋਂ ਕਾਬਿਲ ਵਿਅਕਤੀਆਂ ਨੂੰ ਨੁਮਾਇੰਦਗੀ ਦਿੱਤੀ ਜਾਵੇਗੀ ਅਤੇ ਹਰ ਧਰਮ, ਜਾਤ, ਨਸਲ, ਪੇਸ਼ੇ ਦੇ ਲੋਕਾਂ ਨੂੰ ਬਰਾਬਰ ਸਨਮਾਨ ਦਿੱਤਾ ਜਾਵੇਗਾ । ਪ੍ਰੈਸ ਨਾਲ ਗੱਲਬਾਤ ਕਰਦਿਆਂ ਮੋਹਾਲੀ ਦੇ ਨਵਨਿਯੁੱਕਤ ਪ੍ਰਧਾਨ ਨਿਰਮਲ ਸਿੰਘ ਅਤੇ ਟੀਮ ਨੇ ਕਿਹਾ ਕਿ ਯੂਨੀਅਨ ਵੱਲੋਂ ਦਿੱਤੀ ਗਈ ਜ਼ਿੰਮੇਵਾਰੀ ਪੂਰੀ ਤਨਦੇਹੀ ਅਤੇ ਇਮਾਨਦਾਰੀ ਨਾਲ ਨਿਭਾਈ ਜਾਵੇਗੀ । 13 ਫਰਵਰੀ ਨੂੰ ਜੋ ਦਿੱਲੀ ਕੂਚ ਦੀ ਕਾਲ ਦਿੱਤੀ ਗਈ ਹੈ ਉਸ ਲਈ ਮੋਹਾਲੀ ਇਕਾਈ ਵੱਲੋਂ ਵੱਡੇ ਪੱਧਰ ਉੱਤੇ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ ਅਤੇ ਨੌਜਵਾਨਾਂ ਦੇ ਵੱਡੇ ਜੱਥੇ ਨਾਲ ਸਰਕਾਰਾਂ ਤੋਂ ਆਪਣੀਆਂ ਮੰਗਾਂ ਮਨਵਾਉਣ ਲਈ ਕੂਚ ਕੀਤਾ ਜਾਵੇਗਾ । ਇਸ ਮੌਕੇ ਪੰਜਾਬ ਪ੍ਰਧਾਨ ਦਿਲਬਾਗ ਸਿੰਘ ਗਿੱਲ, ਬਲਕਾਰ ਸਿੰਘ ਬੈਂਸ ਸੂਬਾ ਸਕੱਤਰ, ਜਸਵੀਰ ਸਿੰਘ ਜੱਸੀ ਐਮ.ਸੀ. ਮੈਂਬਰ ਪੰਜਾਬ, ਗੁਰਦੀਪ ਸਿੰਘ ਮਰਦਾਂਪੁਰ ਮੈਂਬਰ ਪੰਜਾਬ, ਬਲਵਿੰਦਰ ਸਿੰਘ ਕੋਟਲਾ, ਇੰਦਰਪਾਲ ਸਿੰਘ ਹੁੰਦਲ ਅਤੇ ਵੱਖੋ-ਵੱਖ ਅਹੁੱਦੇਦਾਰਾਂ ਅਤੇ ਵੱਡੀ ਗਿਣਤੀ ‘ਚ ਪਤਵੰਤਿਆਂ ਨੇ ਸ਼ਿਰਕਤ ਕੀਤੀ ।



