ਮਨੀਪੁਰ ਤੋਂ ਬਾਦ ਹੁਣ ਮੇਵਾਤ  ਸੁਲਘੀ  ਹਿੰਸਾ ਦੀ ਅੱਗ, ਬੀਜੇਪੀ ਸ਼ਾਸਤ ਰਾਜਾਂ ‘ਚ ਅਸ਼ਾਂਤੀ ਦਾ ਮਾਹੌਲ

author
0 minutes, 13 seconds Read

ਨੂੰਹ/ਮਲੇਰਕੋਟਲਾ, 01 ਅਗਸਤ (ਬਿਉਰੋ): ਹਰਿਆਣਾ ਦੇ ਮੇਵਾਤ ‘ਚ ਸੋਮਵਾਰ ਨੂੰ ਫਿਰਕੂ ਹਿੰਸਾ ਤੋਂ ਬਾਅਦ ਗੁਰੂਗ੍ਰਾਮ ਦੇ ਸੈਕਟਰ 57 ‘ਚ ਸਥਿਤ ਮਸਜਿਦ ਨੂੰ ਅੱਗ ਲਗਾਉਣ ਦੀ ਸੂਚਨਾ ਮਿਲੀ ਹੈ । ਬੀਬੀਸੀ ਪੰਜਾਬੀ ਦੇ ਹਵਾਲੇ ਨਾਲ ਖ਼ਬਰ ਏਜੰਸੀ ਪੀਟੀਆਈ ਅਨੁਸਾਰ ਹੁਣ ਤੱਕ ਦੋ ਹੋਮਗਾਰਡ ਦੇ ਜਵਾਨਾਂ ਦੀ ਮੌਤ ਹੋ ਗਈ ਹੈ । ਮਸਜਿਦ ਦੀ ਪ੍ਰਬੰਧਕ ਕਮੇਟੀ ਦੇ ਚੇਅਰਮੈਨ ਨੇ ਬੀਬੀਸੀ ਪੱਤਰਕਾਰ ਨੂੰ ਦੱਸਿਆ, “ਹਿੰਸਾ ਦੀ ਇਸ ਘਟਨਾ ਵਿੱਚ ਮਸਜਿਦ ਦੇ ਨਾਇਬ ਇਮਾਮ ਦੀ ਮੌਤ ਹੋ ਗਈ ਹੈ ਅਤੇ ਇੱਥੇ ਮੌਜੂਦ ਦੋ ਹੋਰ ਲੋਕ ਜ਼ਖ਼ਮੀ ਹੋਏ ਹਨ।” ਇਸ ਖ਼ਬਰ ਦੀ ਪੁਸ਼ਟੀ ਲਈ ਬੀਬੀਸੀ ਨੇ ਗੁਰੂਗ੍ਰਾਮ ਪੁਲਿਸ ਨਾਲ ਵੀ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਪਰ ਇਹ ਖ਼ਬਰ ਲਿਖੇ ਜਾਣ ਤੱਕ ਪੁਲਿਸ ਦਾ ਪੱਖ ਨਹੀਂ ਮਿਲ ਸਕਿਆ।

ਹਿੰਸਾ ਦਾ ਇਹ ਸਿਲਸਿਲਾ ਲੰਘੇ ਸੋਮਵਾਰ ਨੂੰ ਸ਼ੁਰੂ ਹੋਇਆ ਜਦੋਂ ਮੇਵਾਤ ਇਲਾਕੇ ਦੇ ਨੂੰਹ ਜ਼ਿਲ੍ਹੇ ਵਿੱਚ ਹਿੰਦੂਤਵੀ ਸੰਗਠਨਾਂ ਵੱਲੋਂ ਕੱਢੀ ਜਾ ਰਹੀ ਯਾਤਰਾ ਦੌਰਾਨ ਦੋ ਧੜਿਆਂ ਵਿਚਾਲੇ ਹਿੰਸਕ ਝੜਪਾਂ ਦੀਆਂ ਖ਼ਬਰਾਂ ਆਈਆਂ । ਇਸ ਦੌਰਾਨ ਪੱਥਰਬਾਜ਼ੀ ਹੋਈ ਅਤੇ ਕਈ ਵਾਹਨਾਂ ਸਾੜ ਦਿੱਤੇ ਗਏ । ਹਿੰਸਾ ਮਗਰੋਂ ਇਲਾਕੇ ਵਿੱਚ ਤਣਾਅ ਦਾ ਮਾਹੌਲ ਬਣਿਆ ਹੋਇਆ ਹੈ ਅਤੇ ਭਾਰੀ ਸੁਰੱਖਿਆ ਬਲ ਤੈਨਾਤ ਹਨ । 2 ਅਗਸਤ ਤੱਕ ਇੰਟਰਨੈਟ ‘ਤੇ ਪਾਬੰਦੀ ਲਗਾ ਦਿੱਤੀ ਗਈ ਹੈ ਅਤੇ ਧਾਰਾ 144 ਲਾਗੂ ਕੀਤੀ ਗਈ ਹੈ।

ਨੂੰਹ ਦੀ ਹਿੰਸਾ ਤੋਂ ਬਾਅਦ, ਗੁਰੂਗ੍ਰਾਮ ਹਿੰਸਾ ‘ਚ ਮਾਰੇ ਗਏ ਇਮਾਮ ਸਾਦ ਦੇ ਭਰਾ ਸ਼ਾਦਾਬ ਅਨਵਰ ਨੇ ਬੀਬੀਸੀ ਨੂੰ ਦੱਸਿਆ, “ਮੈਂ ਸਿਰਫ਼ ਆਪਣੇ ਭਰਾ ਦਾ ਚਿਹਰਾ ਹੀ ਦੇਖ ਸਕਿਆ। ਅਸੀਂ ਹੁਣ ਮੁਰਦਾਘਰ ਵਿੱਚ ਹਾਂ। ਹੁਣ ਅਸੀਂ ਐਫਆਈਆਰ ਦਰਜ ਕਰਵਾਵਾਂਗੇ । ਮੇਰਾ ਭਰਾ ਪਿਛਲੇ ਸੱਤ ਮਹੀਨਿਆਂ ਤੋਂ ਇਸ ਮਸਜਿਦ ਦਾ ਇਮਾਮ ਸੀ। ਮੇਰੇ ਭਰਾ ਦੀ ਉਮਰ ਸਿਰਫ਼ 22 ਸਾਲ ਸੀ।”

ਮਸਜਿਦ ਦੇ ਕੈਮਰੇ ਤੋੜੇ ਤੇ ਅੱਗ ਲਗਾ ਦਿੱਤੀ – ਅਸਲਮ ਖਾਨ

ਬੀਬੀਸੀ ਨਾਲ ਗੱਲ ਕਰਦੇ ਹੋਏ ਹਰਿਆਣਾ ਅੰਜੁਮਨ ਟਰੱਸਟ ਦੇ ਚੇਅਰਮੈਨ ਮੁਹੰਮਦ ਅਸਲਮ ਖਾਨ ਨੇ ਕਿਹਾ, “ਮੇਵਾਤ ਵਿੱਚ ਹਿੰਸਾ ਤੋਂ ਬਾਅਦ, ਇੱਕ ਪੁਲਿਸ ਟੀਮ ਸੋਮਵਾਰ ਸ਼ਾਮ ਨੂੰ ਸਾਡੇ ਕੋਲ ਪਹੁੰਚੀ ਅਤੇ ਸਾਨੂੰ ਸੁਰੱਖਿਆ ਦਾ ਭਰੋਸਾ ਦਿੱਤਾ।”

ਅਸਲਮ ਖਾਨ ਨੇ ਦੱਸਿਆ, “ਸਥਾਨਕ ਥਾਣੇ ਦੀ ਪੁਲਿਸ ਟੀਮ ਸਾਡੇ ਕੋਲ ਆਈ ਸੀ ਅਤੇ ਸਾਨੂੰ ਦੱਸਿਆ ਸੀ ਕਿ ਮਸਜਿਦ ਦੀ ਸੁਰੱਖਿਆ ਪੁਲਿਸ ਕਰੇਗੀ। ਸਾਨੂੰ ਦੱਸਿਆ ਗਿਆ ਕਿ ਪੁਲਿਸ ਟੀਮ ਮਸਜਿਦ ਵਿੱਚ ਹੀ ਮੌਜੂਦ ਰਹੇਗੀ । ਜਦੋਂ ਅਸੀਂ ਇੱਥੇ ਰਹਿਣ ਵਾਲੇ ਮਸਜਿਦ ਦੇ ਇਮਾਮ ਅਤੇ ਦੋ ਹੋਰ ਕਰਮਚਾਰੀਆਂ ਬਾਰੇ ਗੱਲ ਕੀਤੀ ਤਾਂ ਪੁਲਿਸ ਨੇ ਕਿਹਾ ਕਿ ਚਿੰਤਾ ਦੀ ਕੋਈ ਗੱਲ ਨਹੀਂ ਹੈ।”

ਅਸਲਮ ਖਾਨ ਨੇ ਕਿਹਾ, ”ਅਸੀਂ ਮਗਰੀਬ ਦੀ ਨਮਾਜ਼ ਅਦਾ ਕਰਕੇ ਮਸਜਿਦ ਤੋਂ ਵਾਪਸ ਆਏ ਸੀ। ਪੁਲਿਸ ਵੀ ਮੌਜੂਦ ਸੀ। ਫਿਰ 12 ਵਜੇ ਤੋਂ 12.30 ਵਜੇ ਦੇ ਵਿਚਕਾਰ ਅਚਾਨਕ ਮਸਜਿਦ ‘ਤੇ ਹਮਲਾ ਹੋਇਆ। ਪਹਿਲਾਂ ਮਸਜਿਦ ਦੇ ਕੈਮਰੇ ਤੋੜੇ ਗਏ ਅਤੇ ਫਿਰ ਅੱਗ ਲਗਾ ਦਿੱਤੀ ਗਈ।”  ”ਸਾਦ ਮਸਜਿਦ ਦੇ ਇਮਾਮ ਨੂੰ ਹਮਲਾਵਰਾਂ ਨੇ ਮਾਰ ਦਿੱਤਾ । ਖੁਰਸ਼ੀਦ ਨਾਂ ਦਾ ਵਿਅਕਤੀ ਜ਼ਖਮੀ ਹੈ ਜੋ ਆਈਸੀਯੂ ਵਿੱਚ ਹਨ, ਇੱਕ ਹੋਰ ਹਨ ਜਿਨ੍ਹਾਂ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ।”

2004 ਵਿੱਚ, ਹਰਿਆਣਾ ਸਰਕਾਰ ਨੇ ਗੁਰੂਗ੍ਰਾਮ ਵਿੱਚ 17 ਮੰਦਰਾਂ, 2 ਗੁਰਦੁਆਰਿਆਂ, ਇੱਕ ਚਰਚ ਅਤੇ ਇੱਕ ਮਸਜਿਦ ਦੇ ਨਿਰਮਾਣ ਲਈ ਜ਼ਮੀਨ ਅਲਾਟ ਕੀਤੀ ਸੀ। ਇਹ ਮਸਜਿਦ ਉਸੇ ਜ਼ਮੀਨ ‘ਤੇ ਬਣੀ ਹੈ ਅਤੇ ਨਿਊ ਗੁਰੂਗ੍ਰਾਮ ਦੀ ਇਕਲੌਤੀ ਮਸਜਿਦ ਹੈ। ਨੇੜੇ-ਤੇੜੇ ਰਹਿਣ ਵਾਲੇ ਮੁਸਲਮਾਨ ਇੱਥੇ ਨਮਾਜ਼ ਅਦਾ ਕਰਨ ਆਉਂਦੇ ਹਨ।

ਪੁਲਿਸ ਦੀ ਮੌਜੂਦਗੀ ‘ਚ ਹੋਇਆ ਹਮਲਾ

ਗੁਰੂਗ੍ਰਾਮ ਦੇ ਡੀਸੀਪੀ ਪੂਰਵ, ਨੀਤੀਸ਼ ਅਗਰਵਾਲ ਨੇ ਬੀਬੀਸੀ ਨੂੰ ਇਸ ਹਮਲੇ ਦੀ ਪੁਸ਼ਟੀ ਕੀਤੀ ਹੈ।

ਉਨ੍ਹਾਂ ਜਾਣਕਾਰੀ ਦਿੱਤੀ ਕਿ ”ਮਸਜਿਦ ਦੇ ਨਾਇਬ ਇਮਾਮ ਦੀ ਹਮਲੇ ‘ਚ ਮੌਤ ਹੋਈ ਹੈ। ਇਸ ਘਟਨਾ ਦੇ ਸਬੰਧ ‘ਚ ਐਫਆਈਆਰ ਦਰਜ ਕੀਤੀ ਗਈ ਹੈ ਅਤੇ ਕੁਝ ਲੋਕਾਂ ਨੂੰ ਹਿਰਾਸਤ ‘ਚ ਲਿਆ ਗਿਆ ਹੈ।”

ਡੀਸੀਪੀ ਮੁਤਾਬਕ, ਜਿਸ ਵੇਲੇ ਮਸਜਿਦ ‘ਤੇ ਹਮਲਾ ਹੋਇਆ, ਪੁਲਿਸ ਬਲ ਉੱਥੇ ਸੁਰੱਖਿਆ ‘ਚ ਤੈਨਾਤ ਸਨ ਪਰ ਹਮਲਾਵਰਾਂ ਦੀ ਸੰਖਿਆ ਬਹੁਤ ਜ਼ਿਆਦਾ ਸੀ ਅਤੇ ਉਨ੍ਹਾਂ ਨੇ ਅਚਾਨਕ ਗੋਲੀ ਚਲਾ ਦਿੱਤੀ।”

”ਪੁਲਿਸ ਘਟਨਾ ਸਬੰਧੀ ਵੀਡੀਓ ਇਕੱਠਾ ਕਰ ਰਹੀ ਹੈ ਅਤੇ ਹਮਲਾਵਰਾਂ ਦੀ ਪਛਾਣ ਕੀਤੀ ਜਾ ਰਹੀ ਹੈ। ਕੁਝ ਸ਼ੱਕੀ ਹਮਲਾਵਰਾਂ ਨੂੰ ਹਿਰਾਸਤ ‘ਚ ਲਿਆ ਵੀ ਗਿਆ ਹੈ।”

ਡੀਸੀਪੀ ਮੁਤਾਬਕ, ਇਸ ਘਟਨਾ ਤੋਂ ਬਾਅਦ ਪੂਰੇ ਗੁਰੂਗ੍ਰਾਮ ‘ਚ ਹੋਰ ਕਿਸੇ ਫਿਰਕੂ ਹਿੰਸਾ ਦੀ ਕੋਈ ਰਿਪੋਰਟ ਨਹੀਂ ਹੈ । ਨੂੰਹ ਦੇ ਡੀਸੀ ਅਤੇ ਐਸਪੀ ਨੇ ਕੀ ਜਾਣਕਾਰੀ ਦਿੱਤੀ

ਦੋ ਹੋਮਗਾਰਡਸ ਦੀ ਮੌਤ ਦੀ ਜਾਣਕਾਰੀ – ਗ੍ਰਹਿ ਮੰਤਰੀ ਅਨਿਲ ਵਿੱਜ

ਸੂਬੇ ਦੇ ਗ੍ਰਹਿ ਮੰਤਰੀ ਅਨਿਲ ਵਿੱਜ ਨੇ ਖ਼ਬਰ ਏਜੰਸੀ ਏਐਨਆਈ ਨਾਲ ਗੱਲ ਕਰਦਿਆਂ ਕਿਹਾ, ”ਨੂੰਹ ‘ਚ ਸਥਿਤੀ ਪੂਰੀ ਤਰ੍ਹਾਂ ਕਾਬੂ ‘ਚ ਹੈ। ਸਾਡੇ ਡੀਜੀਪੀ ਪੀਕੇ ਅੱਗਰਵਾਲ ਆਪ ਮੌਕੇ ‘ਤੇ ਹਨ ਅਤੇ ਸਥਿਤੀ ਨੂੰ ਉਨ੍ਹਾਂ ਨੇ ਸੰਭਾਲ ਰੱਖਿਆ ਹੈ।”

ਉਨ੍ਹਾਂ ਕਿਹਾ, ”ਜਿਸ ਪੱਧਰ ਦੀ ਇਹ ਹਿੰਸਾ ਹੋਈ, ਇਹ ਅਚਾਨਕ ਭੜਕੀ ਹੋਈ ਤਾਂ ਨਹੀਂ ਹੈ। ਇਹ ਤਾਂ ਕਿਸੇ ਨੇ ਜ਼ਹਿਰ ਘੋਲਿਆ ਹੈ। ਜਿਸ ਤਰ੍ਹਾਂ ਛੱਤਾਂ-ਸੜਕਾਂ ‘ਤੇ ਪੱਥਰ ਰੱਖੇ ਹੋਏ ਹਨ, ਹਥਿਆਰ-ਗੋਲੀਆਂ ਵੀ ਹਨ, ਇਹ ਇੱਕਦਮ ਤਾਂ ਸਾਹਮਣੇ ਨਹੀਂ ਆਉਂਦੇ।” ”ਅਸੀਂ ਪੂਰੀ ਤਰ੍ਹਾਂ ਨਾਲ ਜਾਂਚ ਕਰਾਂਗੇ। ਇੱਕ-ਇੱਕ ਵਿਅਕਤੀ ਜਿਸ ਨੇ ਦੇਸ਼-ਪ੍ਰਦੇਸ਼ ਦੀ ਸ਼ਾਂਤੀ ਭੰਗ ਕਰਨ ਦੀ ਕੋਸ਼ਿਸ਼ ਕੀਤੀ ਹੈ, ਉਹ ਬਖ਼ਸ਼ਿਆ ਨਹੀਂ ਜਾਵੇਗਾ।”

Similar Posts

Leave a Reply

Your email address will not be published. Required fields are marked *