‘ਬ੍ਰਿਜਭੂਸ਼ਣ 9 ਜੂਨ ਤੱਕ ਗ੍ਰਿਫ਼ਤਾਰ ਨਾ ਹੋਇਆ ਤਾਂ ਦੇਸ਼ ਵਿਆਪੀ ਅੰਦੋਲਨ ਤੈਅ’
ਕੁਰੂਕਸ਼ੇਤਰ/ਮਲੇਰਕੋਟਲਾ, 3 ਜੂਨ (ਅਬੂ ਜ਼ੈਦ): ਪਿਛਲੇ ਲੰਬੇ ਸਮੇਂ ਤੋਂ ਦਿੱਲੀ ਦੇ ਜੰਤਰ ਮੰਤਰ ਤੇ ਚੱਲੇ ਮਹਿਲਾ ਪਹਿਲਵਾਨਾਂ ਦੇ ਸਮਰਥਨ ‘ਚ ਸ਼ੁੱਕਰਵਾਰ ਨੂੰ ਹਰਿਆਣਾ ਦੇ ਕੁਰੂਕਸ਼ੇਤਰ ‘ਚ ਖਾਪ ਪੰਚਾਇਤ ਦੀ ਇਕ ਹੋਰ ਬੈਠਕ ਹੋਈ । ਮੀਟਿੰਗ ਵਿੱਚ ਖਾਪ ਨੇ ਸਰਕਾਰ ਨੂੰ ਬ੍ਰਿਜਭੂਸ਼ਣ ਸ਼ਰਨ ਨੂੰ 9 ਜੂਨ ਤੱਕ ਗ੍ਰਿਫ਼ਤਾਰ ਕਰਨ ਦਾ ਅਲਟੀਮੇਟਮ ਦਿੱਤਾ ਹੈ । ਕੁਰੂਕਸ਼ੇਤਰ ‘ਚ ਹੋਈ ਮਹਾਪੰਚਾਇਤ ‘ਚ ਵਿਸ਼ਵ ਪ੍ਰਸਿੱਧ ਕਿਸਾਨ ਆਗੂ ਰਾਕੇਸ਼ ਟਿਕੈਤ ਨੇ ਕਿਹਾ ਕਿ ਬ੍ਰਿਜ ਭੂਸ਼ਣ ਦੀ ਗ੍ਰਿਫਤਾਰੀ ਤੋਂ ਘੱਟ ਕਿਸੇ ਵੀ ਚੀਜ਼ ‘ਤੇ ਕੋਈ ਸਮਝੌਤਾ ਨਹੀਂ ਹੋਵੇਗਾ। ਉਨ੍ਹਾਂ ਕਿਹਾ ਕਿ ਪ੍ਰਦਰਸ਼ਨ ਨੂੰ ਜਿਸ ਤਰ੍ਹਾਂ ਦਾ ਸਮਰਥਨ ਮਿਲ ਰਿਹਾ ਹੈ, ਉਸ ਨੂੰ ਦੇਖਦੇ ਹੋਏ ਪਹਿਲਵਾਨਾਂ ਦੀ ਸੁਰੱਖਿਆ ਵਧਾਈ ਜਾਵੇ । ਜੇ ਕਿਸੇ ਪਹਿਲਵਾਨ ਨੂੰ ਕੁਝ ਹੁੰਦਾ ਹੈ ਤਾਂ ਉਸ ਲਈ ਸਰਕਾਰ ਸਿੱਧੇ ਤੌਰ ‘ਤੇ ਜ਼ਿੰਮੇਵਾਰ ਹੋਵੇਗੀ।
ਟਿਕੈਤ ਨੇ ਕਿਹਾ ਕਿ ਪਹਿਲਵਾਨਾਂ ਵਿਰੁੱਧ ਦਰਜ ਕੇਸ ਵਾਪਸ ਲਏ ਜਾਣ । ਮਹਾਪੰਚਾਇਤ ‘ਚ ਫੈਸਲਾ ਕੀਤਾ ਗਿਆ ਹੈ ਕਿ ਬ੍ਰਿਜ ਭੂਸ਼ਣ ਨੂੰ 9 ਜੂਨ ਤੱਕ ਗ੍ਰਿਫਤਾਰ ਕੀਤਾ ਜਾਵੇ । ਟਿਕੈਤ ਨੇ ਚਿਤਾਵਨੀ ਦਿੱਤੀ ਕਿ ਜੇ ਬ੍ਰਿਜ ਭੂਸ਼ਣ ਨੂੰ ਗ੍ਰਿਫਤਾਰ ਨਾ ਕੀਤਾ ਗਿਆ ਤਾਂ 9 ਜੂਨ ਨੂੰ ਅਸੀਂ ਜੰਤਰ-ਮੰਤਰ ਵਿਖੇ ਪਹਿਲਵਾਨਾਂ ਨੂੰ ਛੱਡ ਦੇਵਾਂਗੇ । ਜੇ 9 ਜੂਨ ਨੂੰ ਜੰਤਰ-ਮੰਤਰ ਵਿਖੇ ਪਹਿਲਵਾਨਾਂ ਨੂੰ ਨਾ ਬੈਠਣ ਦਿੱਤਾ ਗਿਆ ਤਾਂ ਉੱਥੋਂ ਹੀ ਵੱਡੇ ਅੰਦੋਲਨ ਦਾ ਐਲਾਨ ਕੀਤਾ ਜਾਵੇਗਾ।
ਕਿਸਾਨ ਆਗੂ ਨੇ ਦਾਅਵਾ ਕੀਤਾ ਹੈ ਕਿ ਉਹ ਪਿੰਡਾਂ ਵਿੱਚ ਅੰਦੋਲਨ ਲਈ ਤਿਆਰ ਬੈਠੇ ਹਨ । ਪੀੜਤ ਧੀਆਂ ਕਿਸੇ ਜਾਤ ਨਾਲ ਸਬੰਧਤ ਨਹੀਂ ਹਨ। ਇਸ ਦੇ ਨਾਲ ਹੀ ਉਨ੍ਹਾਂ ਸਪੱਸ਼ਟ ਕੀਤਾ ਹੈ ਕਿ ਸਰਕਾਰ ਨਾਲ ਗੱਲਬਾਤ ਕੀਤੇ ਬਿਨਾਂ ਇਹ ਮਾਮਲਾ ਹੱਲ ਨਹੀਂ ਕੀਤਾ ਜਾ ਸਕਦਾ । ਪੂਰੇ ਅੰਦੋਲਨ ਵਿੱਚ ਇੱਕ ਵੀ ਹਿੰਸਕ ਘਟਨਾ ਨਹੀਂ ਵਾਪਰੀ। ਦਬਾਅ ਕਾਰਨ ਪਹਿਲਵਾਨਾਂ ਨੂੰ ਛੱਡ ਦਿੱਤਾ ਗਿਆ । ਪਿੰਡਾਂ ਵਿੱਚ ਧਰਨੇ ਵੀ ਲਾਏ ਜਾਣਗੇ।
ਰਾਕੇਸ਼ ਟਿਕੈਤ ਦਾ ਕਹਿਣਾ ਹੈ ਕਿ ਹੁਣ ਇਸ ਦਬਾਅ ਕਾਰਨ ਸਰਕਾਰ ਗੱਲਬਾਤ ਕਰਨ ਲਈ ਤਿਆਰ ਹੋ ਰਹੀ ਹੈ। ਯੂਪੀ ਦੇ ਲੋਕ ਕੁਰੂਕਸ਼ੇਤਰ ਦੇ ਫੈਸਲੇ ‘ਤੇ ਨਜ਼ਰ ਰੱਖ ਰਹੇ ਹਨ। ਇਸ ਫੈਸਲੇ ਤੋਂ ਸਰਕਾਰ ਨੂੰ ਜਾਣੂ ਕਰਵਾਇਆ ਜਾਵੇਗਾ। ਮਹਾਪੰਚਾਇਤ ਦੇ ਫੈਸਲੇ ‘ਤੇ ਕੋਈ ਵਿਵਾਦ ਨਹੀਂ ਹੋਣਾ ਚਾਹੀਦਾ। ਪਹਿਲਵਾਨਾਂ ਦੇ ਮੁੱਦੇ ‘ਤੇ ਕੋਈ ਠੋਸ ਫੈਸਲਾ ਲੈਣਾ ਹੋਵੇਗਾ। ਖਾਪ ਮਹਾਪੰਚਾਇਤ ਦਾ ਫੈਸਲਾ ਵੀ ਸਰਕਾਰ ਨੂੰ ਦੱਸਣਾ ਹੋਵੇਗਾ।



