“ਮਾਨਵਤਾ ਦੀ ਸੇਵਾ ਹੀ ਸਭ ਤੋਂ ਵੱਡਾ ਕਰਮ ਹੈ”
ਮਲੇਰਕੋਟਲਾ, 14 ਜੁਲਾਈ (ਅਬੂ ਜ਼ੈਦ): “ਬੇਸ਼ੱਕ ! ਮਾਨਵਤਾ ਦੀ ਸੇਵਾ ਹੀ ਸਭ ਤੋਂ ਵੱਡਾ ਕਰਮ ਹੈ” । ਭਾਰਤ ਵੱਖ-ਵੱਖ ਧਰਮਾਂ, ਭਾਸ਼ਾਵਾਂ, ਕਬੀਲਿਆਂ ਦਾ ਦੇਸ਼ ਹੈ ਪਰੰਤੂ ਜਦੋਂ ਵੀ ਦੇਸ਼ ਦੇ ਕਿਸੇ ਹਿੱਸੇ, ਸੂਬੇ ਜਾਂ ਕਿਸੇ ਕਮਿਊਨਿਟੀ ਤੇ ਕੋਈ ਕੁਦਰਤੀ ਆਫਤ ਆਈ ਹੈ ਤਾਂ ਲੋਕਾਂ ਨੇ ਆਪਸ ਵਿੱਚ ਮਿਲਜੁਲ ਕੇ ਉਸ ਦਾ ਸਾਹਮਣਾ ਕੀਤਾ ਹੈ । ਅੱਜ ਪੰਜਾਬ ਹੀ ਨਹੀਂ ਬਲਿਕ ਦੇਸ਼ ਦੀ ਰਾਜਧਾਨੀ ਦਿੱਲੀ ਸਮੇਤ ਅੱਧਾ ਦੇਸ਼ ਲਗਾਤਾਰ ਬਾਰਿਸ਼ਾਂ ਕਾਰਣ ਨਹਿਰਾਂ ਦਰਿਆਵਾਂ ਦੇ ਪਾਣੀ ਦਾ ਪੱਧਰ ਵਧਣ ਕਾਰਣ ਜਗ੍ਹਾ-ਜਗ੍ਹਾ ਪਾੜ ਪੈ ਕੇ ਪ੍ਰਭਾਵਿਤ ਹੋ ਚੁੱਕਾ ਹੈ । ਪੰਜਾਬ ਦੇ ਰੋਪੜ, ਖਰੜ, ਮੋਹਾਲੀ, ਪਟਿਆਲਾ, ਰਾਜਪੁਰਾ, ਲੁਧਿਆਣਾ, ਜਲੰਧਰ ਦੇ ਨਹਿਰਾਂ ਨਾਲ ਲੱਗਦੇ ਇਲਾਕੇ ਪਾਣੀ ਦੀ ਮਾਰ ਕਾਰਣ ਬਿਲਕੁਲ ਬਰਬਾਦ ਹੋ ਚੁੱਕੇ ਹਨ । ਲੋਕਾਂ ਦੀਆਂ ਫਸਲਾਂ, ਘਰ ਅਤੇ ਕਾਰੋਬਾਰ ਖਤਮ ਹੋ ਚੁੱਕੇ ਹਨ । ਅਜਿਹੇ ਸਮੇਂ ‘ਚ ਹਰ ਇਨਸਾਨ ਦਾ ਇਹ ਫਰਜ਼ ਬਣਦਾ ਹੈ ਕਿ ਉਹ ਇੱਕ ਦੂਜੇ ਦੀ ਮਦਦ ਕਰੇ, ਜੋ ਪੰਜਾਬ ਦੇ ਲੋਕ ਕਰ ਵੀ ਰਹੇ ਹਨ । ਇਸੇ ਲੜੀ ਤਹਿਤ ਮਲੇਰਕੋਟਲਾ ਦੇ ਨੇੜਲੇ ਪਿੰਡ ਢੱਡੇਵਾੜਾ ਦੇ ਮੁਸਲਿਮ ਨੌਜਵਾਨਾਂ ਨੇ ਵਿਸ਼ੇਸ਼ ਉਪਰਾਲਾ ਕੀਤਾ ਜੋ ਬੇਹੱਦ ਸ਼ਲਾਘਾਯੋਗ ਹੈ । ਨੌਜਵਾਨਾਂ ਵੱਲੋਂ ਹੜ ਪ੍ਰਭਾਵਤ ਇਲਾਕਿਆਂ ‘ਚ ਵੱਸਣ ਵਾਲੇ ਲੋਕਾਂ ਦੇ ਪਸ਼ੂਆਂ ਲਈ ਹਰਾ ਚਾਰਾ, ਆਟੇ ਦੇ ਪੈਕਟ, ਸੁੱਕੇ ਛੋਲਿਆਂ ਦੇ ਪੈਕਟ, ਪਾਣੀ ਅਤੇ ਹੋਰ ਖਾਧ ਸਮੱਗਰੀ ਦੀ ਇੱਕ ਵੱਡੀ ਟਰਾਲੀ ਅਤੇ ਟੈਂਪੂ ਭਰ ਕੇ ਪਟਿਆਲਾ ਦੇ ਨੇੜਲੇ ਇਲਾਕੇ ਦੇਵੀਗੜ੍ਹ ਅਤੇ ਚੀਕਾ ਦੇ ਨੇੜਲੇ ਪਿੰਡਾਂ ਵਿਖੇ ਲਿਜਾਇਆ ਗਿਆ । ਇਸ ਸਬੰਧੀ ਸਾਡੇ ਪੱਤਰਕਾਰ ਨਾਲ ਗੱਲਬਾਤ ਕਰਦਿਆਂ ਇਲਾਕੇ ਦੇ ਉਦਮੀ ਕਿਸਾਨ ਨੌਜਵਾਨ ਮੁਹੰਮਦ ਰਮਜਾਨ ਬੂਟਾ ਨੇ ਕਿਹਾ ਕਿ ਪਿੰਡ ਦੀ ਮਸਜਿਦ ਦੇ ਇਮਾਮ ਕਾਰੀ ਖਾਲਿਦ ਸਾਹਿਬ ਦੀ ਪ੍ਰੇਰਣਾ ਸਦਕਾ ਹੀ ਇਹ ਉਪਰਾਲਾ ਹੋ ਸਕਿਆ ਹੈ । ਵੱਡੀ ਟਰਾਲੀ ਭਰ ਹਰਾ ਚਾਰਾ ਹੜ ਪ੍ਰਭਾਵਤ ਇਲਾਕਿਆਂ ਵਿੱਚ ਵੰਡਿਆ ਜਾਵੇਗਾ ਅਤੇ ਉੱਥੋ ਦੇ ਹਾਲਾਤ ਦੇਖਕੇ ਹੋਰ ਵੀ ਰਾਹਤ ਸਮੱਗਰੀ ਇਕੱਠੀ ਕੀਤੀ ਜਾਵੇਗੀ ਅਤੇ ਲਗਾਤਾਰ ਸੇਵਾ ਕਰਕੇ ਆਪਣੇ ਪੀੜਿਤ ਭਰਾਵਾਂ ਦੇ ਦੁੱਖ ਦੀ ਘੜੀ ‘ਚ ਨਾਲ ਖੜਾਂਗੇ । ਉਨਾਂ ਦੱਸਿਆ ਕਿ ਜਾਨਵਰਾਂ ਲਈ ਹਰੇਚਾਰੇ ਤੋਂ ਇਲਾਵਾ, ਕਈ ਕਵਿੰਟਲ ਆਟਾ, ਛੋਲੇ ਅਤੇ ਪਾਣੀ ਦਾ ਪ੍ਰਬੰਧ ਕੀਤਾ ਗਿਆ ਹੈ । ਮਾਨਵਤਾ ਦੀ ਨਿਰਸਵਾਰਥ ਸੇਵਾ ਦੇ ਉਪਰਾਲੇ ਨੂੰ ਸਫਲ ਬਣਾਉਣ ਲਈ ਕਾਰੀ ਖਾਲਿਦ ਸਾਹਿਬ, ਮੁਹੰਮਦ ਰਮਜ਼ਾਨ ਬੂਟਾ, ਇਰਫਾਨ ਖਾਂ, ਮਾਨੀ ਖਾਂ, ਯੂਨਸ ਖਾਂ, ਕੇਸਰ, ਮੁਹੰਮਦ ਅਸ਼ਰਫ, ਰਮਜ਼ਾਨ ਸਾਬਰੀ, ਰਾਜੂ ਬਾਬਾ ਆਦਿ ਨੇ ਵਿਸ਼ੇਸ਼ ਭੂਮਿਕਾ ਨਿਭਾਈ ।
ਫੋਟੋ ਕੈਪਸ਼ਨ: ਪੰਜਾਬ ਦੇ ਹਰਿਆਣਾ ਸੀਮਾ ਨੇੜਲੇ ਪਿੰਡ ਚੀਕਾ ਵਿਖੇ ਹੜ੍ਹ ਪ੍ਰਭਾਵਤ ਲੋਕਾਂ ਨੂੰ ਰਾਹਤ ਸਮੱਗਰੀ ਵੰਡਦੇ ਹੋਏ ਮੁਸਲਿਮ ਭਾਈਚਾਰੇ ਦੇ ਲੋਕ ।



